ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 19 ਫਰਵਰੀ

ਪੰਜਾਬ ਦੇ ਮੁੱਖ ਚੋਣ ਅਫ਼ਸਰ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕਰਨ ਲਈ ਭਾਰਤੀ ਕ੍ਰਿਕਟਰ ਤੇ ਪੰਜਾਬੀ ਗਾਇਕ ਦੀ ਮਦਦ ਲਈ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ‘ਇਸ ਵਾਰ 70 ਪਾਰ’ ਦਾ ਟੀਚਾ ਰੱਖਿਆ ਗਿਆ ਹੈ ਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ‘ਸਟੇਟ ਆਈਕੌਨ’ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤਰਸੇਮ ਜੱਸੜ ਨੂੰ ਵੀ ‘ਸਟੇਟ ਆਈਕੌਨ’ ਨਿਯੁਕਤ ਕੀਤਾ ਜਾ ਚੁੱਕਾ ਹੈ। ਸਿਬਿਨ ਸੀ ਨੇ ਕਿਹਾ ਕਿ ਸ਼ੁਭਮਨ ਗਿੱਲ ਰਾਹੀਂ ਵੋਟਰ ਜਾਗਰੂਕਤਾ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ “ਇਸ ਵਾਰ 70 ਪਾਰ” ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਮੀਟਿੰਗ ਵਿਚ ਉਨ੍ਹਾਂ ਨੂੰ ਅਜਿਹੇ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਗਿਆ ਸੀ, ਜਿੱਥੇ ਪਿਛਲੀਆਂ ਚੋਣਾਂ ਦੌਰਾਨ ਵੋਟ ਪ੍ਰਤੀਸ਼ਤ ਘੱਟ ਰਹੀ ਸੀ। ਅਜਿਹੇ ਖੇਤਰਾਂ ’ਚ ਜਾਗਰੂਕਤਾ ਮੁਹਿੰਮਾਂ ਚਲਾ ਕੇ ਤੇ ਸ਼ੁਭਮਨ ਗਿੱਲ ਤੇ ਤਰਸੇਮ ਜੱਸੜ ਰਾਹੀਂ ਅਪੀਲ ਕਰਵਾ ਕੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਇਸ ਵਾਰ ਵੋਟ ਪ੍ਰਤੀਸ਼ਤ ਵਧਣ ਦੀ ਉਮੀਦ ਜਤਾਈ ਹੈ।

LEAVE A REPLY

Please enter your comment!
Please enter your name here