ਰਾਜਵਿੰਦਰ ਰੌਤਾ

ਨਿਹਾਲ ਸਿੰਘ ਵਾਲਾ, 21 ਮਾਰਚ

‘ਆਪ’ ਦੇ ਉਮੀਦਵਾਰ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਅੱਜ ਨਿਹਾਲ ਸਿੰਘ ਵਾਲਾ ਵਿਚ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕੀਤਾ। ਉਹ ਹਲਕੇ ਨਾਲ ਆਪਣੀ ਸਾਂਝ ਦੀ ਬਾਤ ਪਾ ਰਹੇ ਹਨ। ਲੰਘੇ ਦਿਨੀਂ ਉਨ੍ਹਾਂ ਬਾਘਾਪੁਰਾਣਾ ’ਚ ਮਦਾਰੀ ਦੇ ਸਮੋਸੇ ਖਾਣ ਅਤੇ ਬਾਂਸਲ ਸਿਨੇਮੇ ਚ ਫਿਲਮਾਂ ਦੇਖਣ ਦੀ ਗੱਲ ਕੀਤੀ ਸੀ। ਅੱਜ ਉਨ੍ਹਾਂ ਨਿਹਾਲ ਸਿੰਘ ਵਾਲਾ ਵਿੱਚ ਕਿਹਾ, ‘ਮੈਂ ਏਥੇ ਪੜ੍ਹਦਾ ਰਿਹਾਂ ਹਾਂ। ਮੇਰੇ ਨਾਨਕੇ ਨੇੜੇ ਪਿੰਡ ਜਲਾਲ ਹੋਣ ਕਰਕੇ ਆਪਣੀ ਤਾਂ ਇਸ ਇਲਾਕੇ ਨਾਲ ਘਰ ਵਾਲੀ ਗੱਲ ਹੀ ਹੈ। ਮੈਂ ਤੁਹਾਡਾ ਭਰਾ ਤੇ ਬੱਚਾ ਬਣ ਕੇ ਇਲਾਕੇ ਦੇ ਕੰਮ ਕਰਾਂਗਾ।’’

ਕਰਮਜੀਤ ਅਨਮੋਲ ਨੇ ਪਾਣੀ ਪੱਖੋਂ ਡਾਰਕ ਜ਼ੋਨ ਐਲਾਨੇ ਗਏ ਨਿਹਾਲ ਸਿੰਘ ਵਾਲਾ ਇਲਾਕੇ ਦੇ ਲੋਕਾਂ ਦੀ ਸਿਹਤ ਬਾਰੇ ਫ਼ਿਕਰ ਕਰਦਿਆਂ ਕਿਹਾ ਕਿ ਹਲਕੇ ਨੂੰ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਵੇਂ ਜਲ ਪ੍ਰਾਜੈਕਟ ਲਿਆਂਦੇ ਜਾਣਗੇ ਤਾਂ ਜੋ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਕਰਮਜੀਤ ਅਨਮੋਲ ਨੇ ਹਾਜ਼ਰੀਨ ਦੀ ਮੰਗ ’ਤੇ ਆਪਣੇ ਮਾਮੇ ਕੁਲਦੀਪ ਮਾਣਕ ਦਾ ਗੀਤ, ‘ਨੀ ਮੈਂ ਚਾਦਰ ਕੱਢਦੀ ਨੀ’’ ਸੁਣਾਇਆ ਅਤੇ ਵਾਹ-ਵਾਹ ਖੱਟੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਗਾਇਕੀ ਨਹੀਂ ਛੱਡਣਗੇ ਕਿਉਂਕਿ ਗਾਇਕੀ ਤੇ ਅਦਾਕਾਰੀ ਕਰਕੇ ਹੀ ਲੋਕ ਉਸ ਨੂੰ ਪਿਆਰ ਕਰਦੇ ਹਨ।

ਸੰਸਦ ਦੀ ਸੀਟ ਲਈ ਦਾਅਵੇਦਾਰ ਤੇ ਪਾਰਟੀ ਦੇ ਮੁੱਢਲੇ ਆਗੂ ਪਿਆਰਾ ਸਿੰਘ ਬੱਧਨੀ ਅੱਜ ਵੀ ਨਜ਼ਰ ਨਹੀਂ ਆਏ। ਪਿਆਰਾ ਸਿੰਘ ਨੇ ਕਿਹਾ ਕਿ ਉਹ ਜ਼ਰੂਰੀ ਮੀਟਿੰਗ ਕਾਰਨ ਨਹੀਂ ਆ ਸਕਿਆ। ਇਲਾਕੇ ਚਰਚਾ ਚੱਲ ਰਹੀ ਹੈ ਕਿ ‘ਆਪ’ ਦੇ ਦਾਅਵੇਦਾਰ ਪਿਆਰਾ ਸਿੰਘ ਬੱਧਨੀ ਤੇ ਅਰਸ਼ ਉਮਰੀਆਨਾ ਆਪਣੇ ਪੱਤੇ ਨਹੀਂ ਖੋਲ ਰਹੇ।

ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ, ਚੇਅਰਮੈਨ ਦੀਪਕ ਅਰੋੜਾ, ਸੂਬਾਈ ਯੂਥ ਆਗੂ ਬਰਿੰਦਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਗੁਰਵਿੰਦਰ ਡਾਲਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਗਰੇਵਾਲ ਤੇ ਹੋਰ ਹਾਜ਼ਰ ਸਨ।

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ‘ਚ ਅੱਜ ਭਾਈ ਰੂਪਾ ਵਿਖੇ ਪਾਰਟੀ ਵਾਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ। ਕਰਮਜੀਤ ਅਨਮੋਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪਿਛਲੇ 30 ਸਾਲ ਦੇ ਕਲਾਕਾਰੀ ਖੇਤਰ ਦੀਆਂ ਯਾਦਾਂ ਵਰਕਰਾਂ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ ਹੁਣ ਉਹ ਰਾਜਨੀਤੀ ਦੇ ਖੇਤਰ ‘ਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਸੇਵਾ ਤੋਂ ਪ੍ਰਭਾਵਿਤ ਹੋ ਕੇ ਲੋਕ ਸੇਵਾ ਦੇ ਜਜ਼ਬੇ ਨੂੰ ਪੂਰਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਦੇ ਪਿੰਡ ਜਲਾਲ ਵਿੱਚ ਉਸ ਦੇ ਨਾਨਕੇ ਹਨ ਅਤੇ ਉਸ ਦੀ ਸਕੂਲੀ ਸਿੱਖਿਆ ਵੀ ਇਸੇ ਪਿੰਡ ਤੋਂ ਹੀ ਸ਼ੁਰੂ ਹੋਈ ਹੈ। ਇਸ ਮੌਕੇ ਜਤਿੰਦਰਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ, ਨਛੱਤਰ ਸਿੰਘ ਸਿੱਧੂ, ਬਹਾਦਰ ਸਿੰਘ ਬਰਾੜ, ਬੂਟਾ ਸਿੰਘ ਜਲਾਲ ਸਮੇਤ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।

LEAVE A REPLY

Please enter your comment!
Please enter your name here