ਗੁਰਚਰਨ ਕੌਰ ਥਿੰਦ

ਪੰਜ ਮਾਸਟਰਜ਼ ਡਿਗਰੀਆਂ ਪ੍ਰਾਪਤ, ਕਿੱਤੇ ਵਜੋਂ ਅਰਥਸ਼ਾਸਤਰ ਦਾ ਲੈਕਚਰਾਰ ਜਸਵਿੰਦਰ ਸਿੰਘ ਰੁਪਾਲ ਧਾਰਮਿਕ ਬਿਰਤੀ ਵਾਲੇ ਵਿਅਕਤੀਤਵ ਦਾ ਮਾਲਕ ਹੈ। ਇਹ ਉਸ ਦੀਆਂ ਦੋ ਪੁਸਤਕਾਂ ਦੀ ਲਿੱਖਤ ਵਿੱਚੋਂ ਸਪੱਸ਼ਟ ਝਲਕਦਾ ਹੈ। ਉਸ ਦੇ ‘ਰਸੀਲਾ ਕਾਵਿ’ ਦਾ ਮੁੱਖ-ਬੰਧ ਲਿਖਦੇ ਹਰਵਿੰਦਰ ਸਿੰਘ ਰੋਡੇ ਲਿਖਦੇ ਹਨ, “ਇਨ੍ਹਾਂ ਦੀ ਕਵਿਤਾ ਨੂੰ ਅਧਿਆਤਮਿਕਤਾ ਦਾ ਮਜੀਠੀ ਰੰਗ ਚੜ੍ਹਿਆ ਹੋਇਆ ਹੈ। ਕਸੁੰਭ ਰੰਗੀਆਂ ਕੱਚੀਆਂ ਪਿੱਲੀਆਂ ਰਚਨਾਵਾਂ ਉਹਦੇ ਮੇਚ ਨਹੀਂ ਆਉਂਦੀਆਂ।”

ਇਸ ਤੱਥ ਨੂੰ ਜਸਵਿੰਦਰ ਸਿੰਘ ਰੁਪਾਲ ਨੇ ਆਪਣੇ ‘ਰਸੀਲਾ ਕਾਵਿ’ ਦੀਆਂ ਸਮੁੱਚੀਆਂ ਛੰਦ ਬੱਧ ਕਵਿਤਾਵਾਂ ਵਿੱਚ ਸੱਚ ਕੀਤਾ ਹੈ। ਵਿਸ਼ਾ ਚਾਹੇ ਕੋਈ ਵੀ ਹੋਵੇ ਪਰ ਉਸ ਨੂੰ ਰਸਭਿੰਨੇ ਛੰਦਾਂ ਵਿੱਚ ਪਿਰੋ ਕੇ ਰਸੀਲਾ ਬਣਾਉਣ ਦਾ ਹੁਨਰ ਜਸਵਿੰਦਰ ਸਿੰਘ ਰੁਪਾਲ ਨੇ ਕਰੋਨਾ-ਕਾਲ ਵਿੱਚ ਲੱਗੇ ਲਾਕਡਾਊਨ ਵੇਲੇ ਸਮੇਂ ਦੀ ਸੁਚੱਜੀ ਵਰਤੋਂ ਕਰਦਿਆਂ ਪਿੰਗਲ ਦਾ ਗਿਆਨ ਪ੍ਰਾਪਤ ਕਰ ਕੇ ਅਪਣੀ ਕਲਮ ਦੀ ਨੋਕ ’ਤੇ ਟਿਕਾ ਲਿਆ ਸੀ। ਛੰਦ ਲਿਖਣ ਦੀ ਇਹ ਸੋਝੀ ਉਸ ਨੂੰ ਪ੍ਰਸਿੱਧ ਕਵੀਸ਼ਰ ਦਰਸ਼ਨ ਸਿੰਘ ਭੰਮੇ ਹੁਰਾਂ ਤੋਂ ਮਿਲੀ ਜਿਸ ਵਿੱਚ ਕਵੀਸ਼ਰ ਹਰਵਿੰਦਰ ਸਿੰਘ ਰੋਡੇ ਦਾ ਭਰਵਾਂ ਯੋਗਦਾਨ ਰਿਹਾ। ਜਿਵੇਂ:

ਕਠਿਨ ਤਪੱਸਿਆ ਹੈ, ਸਾਰ ਲੈਣੀ ਛੰਦਾਂ ਵਾਲੀ

ਝੁਰਲੂ ਦੇ ਨਾਲ ਨਹੀਂ, ਰਚ ਹੁੰਦੇ ਛੰਦ ਜੀ।

ਗੁਰੂ ਬਿਨਾਂ ਸਮਝ ਨਾ, ਆਂਵਦੀ ਬਾਰੀਕੀਆਂ ਦੀ

ਹੋਵੇ ਅਭਿਆਸ ਫੇਰ ਉਲਝੇ ਨਾ ਤੰਦ ਜੀ।

ਇਸੇ ਸੋਝੀ ਨਾਲ ਰਚੀ ਉਪਰੋਕਤ ‘ਛੰਦ ਰਚਨਾ’ ਅਨੁਸਾਰ ਛੰਦ-ਬੱਧ ਕਾਵਿਕ ਰਚਨਾਵਾਂ ਲਿਖਣ ਲਈ ਗਿਆਨ ਤੇ ਜਾਚ ਦੇ ਨਾਲ-ਨਾਲ ਕਠਿਨ ਤਪੱਸਿਆ ਦੀ ਲੋੜ ਵੀ ਹੁੰਦੀ ਹੈ। ਉਸ ਦੀ ਹਰ ਕਾਵਿ-ਰਚਨਾ ਇਸ ਰੂਪ ਦੀ ਮੂੰਹੋਂ ਬੋਲਦੀ ਤਸਵੀਰ ਹੈ। ਜਿਵੇਂ ਮਾਂ ਦੇ ਮੋਹ ਪਿਆਰ ਨੂੰ ਬਿਆਨਦੇ ਛੰਦ ਜ਼ਿਕਰਯੋਗ ਹਨ:

ਧੁੱਪਾਂ ਮੀਹਾਂ ਹਨੇਰੀਆਂ ਸਹਿ ਕੇ ਵੀ

ਠੰਢੀ ਰੱਖਦੀ ਜਿਸ ਤਰ੍ਹਾਂ ਛਾਂ ਹੋਵੇ।

ਇੱਛਾ ਪੂਰਦੀ ਅੰਮੀ ਤਾਂ ਮੁੱਢ ਤੋਂ ਹੀ

ਉਹਦੇ ਬੋਲਾਂ ਵਿੱਚ ਬੱਚੇ ਲਈ ਹਾਂ ਹੋਵੇ।

ਮੁਆਫ਼ ਕਰੇ ਗੁਨਾਹ, ਸੰਭਾਲ ਕਰਦੀ

ਚਾਹੁੰਦੀ ਬਾਲ ਦਾ ਉੱਚੜਾ ਨਾਂ ਹੋਵੇ

ਜਿਹੜੀ ਜਗ੍ਹਾ ਨਾ ਰੱਬ ਵੀ ਪੁੱਜ ਸਕਦਾ

‘ਰੁਪਾਲ’ ਓਸ ਥਾਂ ’ਤੇ ਪਹੁੰਚੀ ਮਾਂ ਹੋਵੇ।

ਜਸਵਿੰਦਰ ਸਿੰਘ ਰੁਪਾਲ ਅਨੁਸਾਰ ‘ਸ਼ਬਦ ਤੋਂ ਸ਼੍ਰਿਸ਼ਟੀ ਦੀ ਸਾਜਨਾ ਹੋਈ ਮੰਨੀ ਗਈ ਹੈ। ਸ਼ਬਦ ਹੀ ਸਾਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਇਹ ਸ਼ਕਤੀ ਅਤੇ ਊਰਜਾ ਨੂੰ ਗੁਰੂ-ਸ਼ਬਦ ਦੇ ਰੂਪ ਵਿੱਚ ਬਾਣੀਕਾਰ ਸਾਨੂੰ ਸੌਂਪ ਗਏ ਹਨ। ਕਵੀ ਨੇ ਇਸ ਤੱਥ ਨੂੰ ਇੰਜ ਛੰਦ ਬੱਧ ਕੀਤਾ ਹੈ:

ਸ਼ਬਦ ਰੂਪੀ ਬ੍ਰਹਮ ਜਦ ਅੱਖ ਖੋਲ੍ਹੀ

ਸ਼ਬਦ ਨਾਲ ਹੀ ਸ਼੍ਰਿਸ਼ਟੀ ਬਣਾਈ ਉਹਨੇ।

ਇੱਕ ਸ਼ਬਦ ਤੋਂ ਲੱਖਾਂ ਦਰਿਆਓ ਚਲੇ

ਧੜਕਣ ਜ਼ਿੰਦਗੀ ਦੀ ਐਸੀ ਪਾਈ ਉਹਨੇ।

ਹਰ ਭਾਸ਼ਾ ਵਿੱਚ ਸ਼ਬਦ ਦਾ ਨਿਰਮਾਣ ‘ਅੱਖਰਾਂ’ ਤੋਂ ਹੁੰਦਾ ਹੈ। ਪੰਜਾਬੀ ਦੀ ਗੁਰਮੁਖੀ ਲਿਪੀ ਦੇ ਪੈਂਤੀ ਅੱਖਰਾਂ ਨੂੰ ਲਗਾਂ ਮਾਤਰਾਂ ਲਾ ਕੇ ਬਣਾਏ ਅਤੇ ਉਚਾਰੇ ਜਾਂਦੇ ‘ਸ਼ਬਦ’ ਉਸ ਮਨੁੱਖ ਅੰਦਰਲੀ ਸੂਝ-ਬੂਝ ਦੀ ਸ਼ਕਤੀ ਦਾ ਪ੍ਰਵਾਹ ਬਣ ਜਾਂਦੇ ਹਨ ਜੋ ਉਨ੍ਹਾਂ ਨੂੰ ਬੋਲ ਰਿਹਾ ਜਾਂ ਲਿਖ ਰਿਹਾ ਹੁੰਦਾ ਹੈ। ਜਦੋਂ ਕਾਵਿ-ਮਨ, ਮਨ ਦੀ ਮੇਦਨੀ ’ਤੇ ਉੱਗੇ ਹਰਫ਼ਾਂ (ਸ਼ਬਦਾਂ) ਨੂੰ ਚੁੱਕ ਕੇ ਕਿਸੇ ਖ਼ਾਸ ਲੜੀ ਵਿੱਚ, ਖ਼ਾਸ ਲੈਅ ਵਿੱਚ ਬੰਨ੍ਹ ਦਿੰਦਾ ਹੈ ਤਾਂ ਇਹ ਕਵਿਤਾ ਬਣ ਜਾਂਦੀ ਹੈ, ਰਸੀਲੀ ਕਵਿਤਾ ਬਣ ਜਾਂਦੀ ਹੈ। ਸ਼ਬਦ ਰੂਪੀ ਫੁੱਲਾਂ ਨੂੰ ਲੈਅ ਤੇ ਸੁਰ ਦੇ ਧਾਗੇ ਵਿੱਚ ਪਿਰੋ ਛੰਦ ਬਣਾ ਪਰੋਸ ਦੇਣ ਦਾ ਵੱਲ ਜਸਵਿੰਦਰ ਸਿੰਘ ਰੁਪਾਲ ਦਾ ਹੁਨਰ ਬਣ ‘ਰਸੀਲਾ ਕਾਵਿ’ ਵਿੱਚ ਬਾਖ਼ੂਬੀ ਦਰਜ ਹੈ। ਆਪਣੀ ਇਸ ਕਲਾ ਨਾਲ ਉਸ ਨੇ ਹਰ ਵਿਸ਼ੇ ਨੂੰ ਕਲਮਬੱਧ ਕੀਤਾ ਹੈ। ਉਸ ਨੇ ਗੱਲ ਚਾਹੇ ਅੱਖਰ ਦੀ, ਸ਼ਬਦ ਦੀ, ਸਾਂਝੀਵਾਲਤਾ ਦੀ, ਮਜ਼ਦੂਰ ਔਰਤ ਦੀ ਜਾਂ ਮਾਂ-ਬੋਲੀ ਪੰਜਾਬੀ ਦੀ ਕੀਤੀ ਹੈ, ਛੰਦਾਂ ਦੀ ਲੈਅ ਤੇ ਰਸੀਲਾਪਨ ਮਨ ਨੂੰ ਮੋਂਹਦਾ ਹੈ।

* ਗੱਲ ਅੱਖਰਾਂ ਤੋਂ ਸ਼ੁਰੂ ਕਰਦੇ ਹਾਂ:

ਅੱਖਰਾਂ ਤੋਂ ਗਿਆਨ ਮਿਲੇ, ਅੱਖਰੀਂ ਸੰਜੋਗ ਲਿਖੇ

ਅੱਖਰਾਂ ਬਗੈਰ ਕੋਈ, ਜੱਗ ਤੇ ਵਿਹਾਰ ਨਾ।

* ਸ਼ਬਦ ਹੈ ਗੁਰੂ ਸਾਡਾ, ਸ਼ਬਦ ਹੀ ਜਾਨ ਸਾਡੀ

ਸ਼ਬਦਾਂ ਦੇ ਬਾਝ ਚੱਲੇ, ਕੋਈ ਕਾਰੋਬਾਰ ਨਾ।

ਸਾਂਝੀਵਾਲਤਾ ਦੀ ਗੱਲ ਕਰਦਾ ਕਵੀ ਲਿਖਦਾ ਹੈ:

ਇੱਕ ਹੀ ਧਰਮ ਹੋਵੇ, ਜਾਤ ਗੋਤ ਰੰਗ ਹੋਵੇ

ਲਿੰਗ ਦੇਸ਼ ਨਸਲ ਤੋਂ, ਸਾਂਝ ਪਾਉਣੀ ਜਾਣਦੇ।

ਦੁਖੀ ਇੱਕੋ ਦੁੱਖ ਤੋਂ ਜੋ, ਇੱਕੋ ਸੁੱਖ ਭੋਗਦੇ ਜੋ

ਮਿਲ ਖੁਸ਼ ਹੋਵੇਂਦੇ ਨੇ, ਉਮਰਾਂ ’ਚ ਹਾਣਦੇ

ਇੱਕੋ ਜੋਤ ਵਾਲੀ ਸਾਂਝ, ਕਿਉਂ ਨਾ ਦਿਖਾਈ ਦੇਵੇ

‘ਸਾਂਝ ਕੀਜੈ ਗੁਣਾਂ ਵਾਲੀ’, ਗੁਰੂ ਫੁਰਮਾਂਵਦੇ।

ਇਸੇ ਤਰ੍ਹਾਂ ਕਵੀ ਮਜ਼ਦੂਰ ਔਰਤ ਦੀ ਜ਼ਿੰਦਗੀ ਦੇ ਛੰਦਾ-ਬੱਧ ਦੁਖਾਂਤ ਨੂੰ ਕ੍ਰਾਂਤੀ ਤੱਕ ਲੈ ਜਾਂਦਾ ਹੈ:

ਘਰ ਬਾਰ ਤੋਰਨੇ ਨੂੰ, ਕਰਦੀ ਕਿਰਤ ਸੁੱਚੀ

ਮਿਟੇ ਭੁੱਖ ਟੱਬਰ ਦੀ, ਮਾਂ ਵੀ ਹਿੱਸਾ ਪਾਂਵਦੀ।

ਸਿਰ ’ਤੇ ਉਠਾ ਕੇ ਬੋਝ, ਦੇਸ਼ ਨਿਰਮਾਣ ਵਾਲਾ

ਗੋਦ ’ਚ ਭਵਿੱਖ ਚੁੱਕ, ਸੁਪਨੇ ਸਜਾਂਵਦੀ।

ਧਰਤੀ ਦੀ ਹਿੱਕ ਉੱਤੇ, ਡੁੱਲਦਾ ਪਸੀਨਾ ਜਦੋਂ

ਕ੍ਰਾਂਤੀਆਂ ਦੀ ਰੁੱਤ ਵੀ ਤਾਂ, ਉਸੇ ਵੇਲੇ ਆਵਦੀ।

ਮਾਂ-ਬੋਲੀ ਪੰਜਾਬੀ ਦੇ ਗੁਰਮੁਖੀ ਅੱਖਰਾਂ ਨੂੰ ਛੰਦਾਂ ਵਿੱਚ ਪਿਰੋ ਲਗਭਗ ਹਰ ਪ੍ਰਕਾਰ ਦੇ ਵਿਸ਼ੇ ਨੂੰ ਸੰਬੋਧਤ ਕਾਵਿ-ਰਚਨਾ ਕਰਦਾ ਕਵੀ ਪੰਜਾਬੀ ਬੋਲੀ ਦੇ ਵਿਕਾਸ ਦੀ ਵੀ ਗੱਲ ਕਰਦਾ ਹੈ:

ਬੜੇ ਚਿਰਾਂ ਤੋਂ ਰੌਲਾ ਪਾਉਂਦੇ, ਮਾਂ-ਬੋਲੀ ਦੇ ਬਾਰੇ।

ਮਰ ਨਾ ਜਾਏ ਕਿਤੇ ਵਿਚਾਰੀ, ਫਿਕਰ ਕਰੇਂਦੇ ਸਾਰੇ।

ਨ੍ਹੇਰਾ ਦੂਰ ਭਜਾਣਾ ਏ ਤਾਂ, ਦੀਵਾ ਇੱਕ ਜਗਾਓ।

ਸਦਾ ਕਰੇ ਵਿਕਾਸ ਪੰਜਾਬੀ, ਐਸੇ ਕਦਮ ਉਠਾਓ।

ਆਪਣੀ ਇਸ ਲੰਮੀ ਕਾਵਿ-ਰਚਨਾ ਵਿੱਚ ਉਹ ਮਾਂ-ਬੋਲੀ ਪੰਜਾਬੀ ਦੇ ਵਿਕਾਸ ਦੇ ਵੱਖ ਵੱਖ ਪਹਿਲੂਆਂ ਦਾ ਵਰਨਣ ਕਰਦਾ ਹੈ। ਮਸਲਨ: ਘਰਾਂ ਵਿੱਚ ਪੰਜਾਬੀ ਬੋਲਣਾ, ਕਿਸੇ ਵੀ ਵਿਸ਼ੇ ਵਿੱਚ ਉੱਚੀ ਡਿਗਰੀ ਹਾਸਲ ਕਰੋ ਪਰ ਮਾਂ ਬੋਲੀ ਨਾ ਭੁੱਲੋ, ਪੰਜਾਬੀ ਬਣਨਾ ਤੇ ਪੰਜਾਬੀਅਤ ਅਪਣਾਉਣਾ ਆਦਿ।

ਸੋ ਅੱਖਰਾਂ ਸ਼ਬਦਾਂ ਤੇ ਵਾਕਾਂ ਦਾ ਛੰਦਾ-ਬੱਧ ਸਮੂਹ ਇਹ ‘ਰਸੀਲਾ ਕਾਵਿ’ ਕਿਤਾਬ ਦੇ ਰੂਪ ਵਿੱਚ ਸਾਡੇ ਹੱਥਾਂ ਵਿੱਚ ਹੈ। ਜਿਸ ’ਤੇ ਕਵੀ ਦੇ ਨਾਲ ਨਾਲ ਸੱਚਮੁੱਚ ਸਾਡਾ ਵੀ ਬਲਿਹਾਰੇ ਜਾਣ ਦਾ ਮਨ ਕਰਦਾ ਹੈ।

ਅੱਖਰ ਸ਼ਬਦ ਵਾਕ ਬੱਝੇ ਤਰਤੀਬ ਵਿੱਚ

ਅੱਖਰਾਂ ਬਗੈਰ ਆਂਦੀ, ਇਨ੍ਹਾਂ ’ਤੇ ਬਹਾਰ ਨਾ।

ਬਣੀ ਇਹ ਕਿਤਾਬ ਸਾਡੀ, ਜ਼ਿੰਦਗੀ ਦਾ ਗੁੂੜ੍ਹਾ ਸਾਥ

ਦੱਸ ਤੂੰ ਰੁਪਾਲ ਕਾਹਤੋਂ, ਜਾਂਦਾ ਬਲਿਹਾਰ ਨਾ?

‘ਰਸੀਲਾ’ ਕਾਵਿ ਸੰਗ੍ਰਿਹ ਵਾਂਗ ਹੀ ‘ਸ਼ਬਦਾਂ ਤੋਂ ਸ਼੍ਰਿਸ਼ਟੀ ਦੀ ਸਾਜਨਾ ਅਤੇ ਸ਼ਬਦ ਹੀ ਬ੍ਰਹਿਮੰਡ ਨੂੰ ਚਲਾ ਰਿਹਾ ਹੈ’ ਸੱਚ ਦੇ ਸਨਮੁੱਖ ਖੜ੍ਹਾ ਹੋ ਰਚਨਾ ਕਰਦਾ ਜਸਵਿੰਦਰ ਸਿੰਘ ਰੁਪਾਲ ਆਪਣੀ ਪੁਸਤਕ ‘ਕੀਤੋਸ ਆਪਣਾ ਪੰਥ ਨਿਰਾਲਾ’ ਨਾਲ, ਜਿਨ੍ਹਾਂ ਲੇਖਕਾਂ ਨੂੰ ਗੁਰਬਾਣੀ ਵਿੱਚ ‘ਧਨੁ ਲੇਖਾਰੀ’ ਕਿਹਾ ਗਿਆ ਹੈ, ਆਪਮੁਹਾਰੇ ਉਨ੍ਹਾਂ ਲੇਖਕਾਂ ਦੀ ਸ਼੍ਰੇਣੀ ਵਿੱਚ ਖੜ੍ਹਾ ਹੋ ਜਾਂਦਾ ਹੈ, ਕਿਉਂਕਿ ‘ਸਚੁ ਨਾਮ’ ਦੀ ਮਹਿਮਾ ਲਿਖਣ ਵਾਲੇ ਵਿਰਲੇ ਹੀ ਹਨ। ਉਸ ਨੇ ਇਸ ਕਿਤਾਬ ਵਿੱਚ ਗੁਰਮਤਿ ਦੇ ਵਿਸ਼ਿਆਂ ’ਤੇ ਲਿਖੇ 30 ਲੇਖਾਂ ਵਿੱਚ ਗੁਰਮਤਿ ਦੇ ਕਈ ਗੁੰਝਲਦਾਰ ਸੰਕਲਪਾਂ ਨੂੰ ਬੜੀ ਸਾਦ-ਮੁਰਾਦੀ ਪਰ ਪ੍ਰਭਾਵਸ਼ਾਲੀ ਬੋਲੀ ਵਿੱਚ ਲਿਖਿਆ ਹੈ। ਪੰਜ ਵਿਸ਼ਿਆਂ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਜਸਵਿੰਦਰ ਸਿੰਘ ਰੁਪਾਲ ਨੇ ਸਾਇੰਸ ਦੇ ਵਿਸ਼ਿਆਂ ਵਿੱਚ ਗ੍ਰੈਜੂਏਸ਼ਨ ਕੀਤੀ ਹੋਣ ਕਰਕੇ ਇਨ੍ਹਾਂ ਲੇਖਾਂ ਵਿੱਚ ਉਹ ਹਰ ਗੱਲ ਨੂੰ ਤਰਕ ਅਤੇ ਦਲੀਲ ਨਾਲ ਪੇਸ਼ ਕਰਦਾ ਹੈ।

ਇਸ ਕਿਤਾਬ ਦਾ ਨਾਂ ਇਸ ਵਿੱਚ ਦਰਜ ਲੇਖ ‘ਕੀਤੋਸ ਆਪਣਾ ਪੰਥ ਨਿਰਾਲਾ’ ਦੇ ਨਾਂ ’ਤੇ ਰੱਖਿਆ ਗਿਆ ਹੈ। ਇਹ ਲੇਖ ਅਸਲ ਵਿੱਚ ਇਸ ਕਿਤਾਬ ਵਿੱਚ ਮੌਜੂਦ ਸਮੁੱਚੇ ਲੇਖਾਂ ਦਾ ਆਧਾਰ ਹੈ। ਇਸ ਵਿੱਚ ਲੇਖਕ ਨੇ ਗੁਰੂ ਨਾਨਕ ਦੇ ਸਾਂਝੀਵਾਲਤਾ ਦੇ ਮਾਰਗ ਨੂੰ ਦਰਸਾਇਆ ਹੈ ਜੋ ਕਿ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛੱਕਣ ਦੇ ਸਰਲ ਸਿਧਾਂਤ ਕਾਰਨ ਨਿਰਾਲਾ ਸੀ। ਪਰ ਸਮੇਂ ਦੇ ਬਦਲਾਅ ਨਾਲ ਅੱਜ ਦੀ ਮਨੁੱਖ-ਬੁੱਧੀ ਨੇ ਉਸ ਸਾਂਝੀਵਾਲਤਾ ਦੇ ਪੰਥ ਨੂੰ ਮਜ਼੍ਹਬ ਬਣਾ ਦਿੱਤਾ ਹੈ। ਲੇਖਕ ਦੀ ਲਿਖਤ ਹੈ ਕਿ:

“ਨਾਨਕ ਦੇ ਦੱਸੇ ਮਾਰਗ ਨੂੰ ਇੱਕ ਮਜ਼ਹਬ ਮੰਨ ਲੈਣਾ ਅਤੇ ਦੂਸਰੇ ਮਜ਼ਹਬਾਂ ਵਾਂਗ ਦੇਖਣਾ ਸਾਡੀ ਸਭ ਤੋਂ ਵੱਡੀ ਭੁੱਲ ਹੈ। ਜਦੋਂ ਕਦੇ ਧਰਮਾਂ ਦਾ ਜ਼ਿਕਰ ਕਰਦਿਆਂ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਆਦਿ ਦੀ ਗੱਲ ਹੁੰਦੀ ਵੇਖਦਾ ਸੁਣਦਾ ਹਾਂ ਤਾਂ ਬੜਾ ਦੁੱਖ ਲੱਗਦਾ ਹੈ। ਅਸੀਂ ਨਾਨਕ ਨਾਮ-ਲੇਵਾ ਸਿੱਖਾਂ ਨੇ ਵੀ ਨਾਨਕ-ਵਿਚਾਰਧਾਰਾ ਨੂੰ ਨਹੀਂ ਸਮਝਿਆ। ਸਿੱਖ ਕਿਸੇ ਧਰਮ ਜਾਂ ਮਜ਼੍ਹਬ ਦਾ ਨਾਂ ਨਹੀਂ ਹੈ, ਇਹ ਤਾਂ ਸਮੁੱਚੀ ਲੋਕਾਈ ਨੂੰ ਮਨੁੱਖਤਾ ਨੂੰ ਦੱਸੀ ਗਈ ਇੱਕ ਜੀਵਨ-ਜਾਚ ਹੈ।”

‘ਜੀਵਨ-ਜਾਚ’ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਲੇਖਕ ਨੇ ਹਰ ਲੇਖ ਵਿੱਚ ਗੁਰਮਤਿ ਦੇ ਹਵਾਲਿਆਂ ਨਾਲ ਅਤੇ ਤਰਕ ਨਾਲ ਆਪਣੀ ਗੱਲ ਕਹੀ ਹੈ ਜਿਸ ਵਿੱਚੋਂ ਉਸ ਦੇ ਸਾਇੰਸ ਅਧਿਆਪਨ ਦੇ ਕਿੱਤੇ ਦੀ ਝਲਕ ਵੀ ਮਿਲਦੀ ਹੈ। ਪਹਿਲਾ ਲੇਖ ‘ਅੱਖੀਂ ਬਾਝਹੋਂ ਵੇਖਣਾ’ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਪ੍ਰਕਾਸ਼’ ਦਾ ਪਾਠ ਪੜ੍ਹਾਉਂਦੇ ਹੋਏ ਪ੍ਰਕਾਸ਼ ਵਿੱਚ ਚੀਜ਼ਾਂ ਵਿਖਾਈ ਦੇਣ ਦੀਆਂ ਸ਼ਰਤਾਂ ਬਾਰੇ ਪੜ੍ਹਾਇਆ ਤਾਂ ਖ਼ੁਦ ਨੂੰ ਗਿਆਨ ਹੋਇਆ ਕਿ ‘ਪ੍ਰਭੂ ਵੀ ਇਸੇ ਲਈ ਅਦਿੱਖ ਹੈ ਕਿਉਂਕਿ ਸਾਡੇ ਕੋਲ ਉਸ ਨੂੰ ਵੇਖਣ ਲਈ ਨਾ ਗੁਰੂ- ਰੂਪੀ ਪ੍ਰਕਾਸ਼ ਹੈ, ਨਾ ਲੋੜੀਂਦਾ ਗੁਰ-ਗਿਆਨ ਅਤੇ ਨਾ ਹੀ ਉਹ ਸੂਖਮ ਅੱਖ ਜੋ ਉਸ ਇੱਕ ਪ੍ਰਭੂ ਨੂੰ ਹਰ ਜ਼ਰੇ ਜ਼ਰੇ ਵਿੱਚੋਂ ਵੇਖ ਸਕਦੀ ਹੋਵੇ।

ਲੇਖਕ ਨੇ ਆਪਣੀ ਅਧਿਆਤਮਕ ਸੋਚ ਤੇ ਪਹੁੰਚ ਡੂੰਘੇ ਅਧਿਐਨ ਨਾਲ ਪ੍ਰਾਪਤ ਕੀਤੀ ਹੋਈ ਹੈ, ਤਾਂ ਹੀ ਉਸ ਨੇ ਆਪਣੇ ਗਿਆਨ ਨੂੰ ਵਿਗਿਆਨ, ਤਰਕ ਤੇ ਦਲੀਲ ਦੀ ਕਸਵੱਟੀ ’ਤੇ ਉਤਾਰ ਕੇ ਆਪਣੇ ਲੇਖਾਂ ਵਿੱਚ ‘ਗੁਰਮਤਿ ਵਿੱਚ ਕਰਾਮਾਤ ਦਾ ਸਥਾਨ’ ‘ਕਮਿਊਨਿਜ਼ਮ ਬਨਾਮ ਗੁਰਮਤਿ’ ਸਾਡੇ ਸੱਭਿਆਚਾਰ ਦੀ ਪ੍ਰਚੱਲਿਤ ਵਿਧਾ ਬੁਝਾਰਤਾਂ ਰਾਹੀਂ ‘ਅਧਿਆਤਮ ਬੁਝਾਰਤਾਂ’ ਦਾ ਗੁਰਬਾਣੀ ਦੇ ਹਵਾਲਿਆਂ ਨਾਲ ਵਿਸਥਾਰਤ ਵਰਨਣ ਕੀਤਾ ਹੈ। ਸਾਡੇ ਆਲੇ ਦੁਆਲੇ ਵਾਪਰਦੇ ਕੁਦਰਤੀ ਵਰਤਾਰਿਆਂ ਵੱਲੋਂ ਜੀਵਨ-ਜਾਚ ਸਬੰਧੀ ਦਿੱਤੇ ਸੁਨੇਹਿਆਂ ਨੂੰ ‘ਕੁਦਰਤ ਦੇ ਅੰਗ ਸੰਗ’ ਲੇਖ ਵਿੱਚ ਇੰਜ ਬਿਆਨਿਆ ਹੈ ਜਿਵੇਂ ਵਿਦਿਆਰਥੀਆਂ ਨੂੰ ਦੱਸਦੇ ਤੇ ਸਮਝਾਉਂਦੇ ਆਪ ਪੂਰੇ ਬ੍ਰਹਿਮੰਡ ਦਾ ਚੱਕਰ ਲਗਾ ਰਹੇ ਹੋਣ।

ਹਰ ਲੇਖ ਵਰਨਣਯੋਗ ਹੈ। ਤੁਸੀਂ ਖ਼ੁਦ ਪੜ੍ਹੋਗੇ ਤਾਂ ਖ਼ੁਸ਼ੀ ਤੇ ਆਨੰਦ ਅਨੁਭਵ ਕਰੋਗੇ ਕਿ ਜਸਵਿੰਦਰ ਸਿੰਘ ਰੁਪਾਲ ਦੀ ਅਧਿਆਤਮਕ ਵਿਸ਼ੇ ’ਤੇ ਬਾਕਮਾਲ ਪਕੜ ਹੈ। ਉਸ ਦੇ ਲੇਖਾਂ ਵਿੱਚੋਂ ਉਸ ਦੀ ਸ਼ਖ਼ਸੀਅਤ ਦੀ ਸਾਦਗੀ, ਸਰਲਤਾ, ਪਿਆਰ, ਮੁਹੱਬਤ, ਠੰਢਾ ਸੁਭਾਅ ਤੇ ਪੂਰਨ ਗੁਰਸਿੱਖ ਵਾਲੀ ਦਿੱਖ ਵੀ ਝਲਕਦੀ ਹੈ, ਜਿਸ ਨੂੰ ਦਰਸ਼ਨ ਸਿੰਘ ‘ਭੰਮੇ’ ਨੇ ਆਪਣੇ ਇਸ ਛੰਦ ਵਿੱਚ ਬਿਆਨਿਆ ਹੈ:

ਰੁਪਾਲ ਦੀ ਲਿਖਤ ਵਿੱਚੋਂ ਭਾਅ ਮਾਰੇ ਸ਼ਾਇਰਾਂ ਵਾਲੀ

ਸੰਜਮ ਸਬਰ ਨੇੜੇ ਦੂਰ ਹੈ ਗ਼ੁਮਾਨ ਜੀ।

ਪੰਜ ਕੱਕੇ ਅੰਗ ਸੰਗ ਰੱਖੇ ਸਦਾ ਗੁਰੂ ਵਾਲੇ

ਕਰੇ ਨਾ ਕੁਤਾਹੀ ਕੋਈ ਇੱਕੋ ਵੱਲ ਧਿਆਨ ਜੀ।

ਸ਼ਾਂਤੀ ਤੇ ਸ਼ਿਸ਼ਟਾਚਾਰ ਪੱਕੇ ਜਾਣੋ ਆੜੀ ਏਹਦੇ

ਪ੍ਰੇਮ ਦਾ ਪੁਜਾਰੀ ਭਾਈ ਚੰਗਾ ਇਨਸਾਨ ਜੀ।

ਆਦਿ ਵਿੱਚ ਯਾਦ ਕੀਤਾ ਗੁਰੂਆਂ ਤੇ ਪੀਰਾਂ ਤਾਈਂ

ਕਰ ਅਰਜ਼ੋਈ ਮੰਗੇ ਵਿਦਿਆ ਦਾ ਦਾਨ ਜੀ।

ਮੈਂ ਅਰਦਾਸ ਕਰਦੀ ਹਾਂ ਕਿ ਜਸਵਿੰਦਰ ਰੁਪਾਲ ਇਸੇ ਤਰ੍ਹਾਂ ਰਸੀਲੀਆਂ ਕਵਿਤਾਵਾਂ ਅਤੇ ਜਾਣਕਾਰੀ ਤੇ ਸਿੱਖਿਆ ਭਰਪੂਰ ਲੇਖਾਂ ਦੀ ਰਚਨਾ ਕਰਦਾ ਰਹੇ।

ਸੰਪਰਕ: 403-402-9635

LEAVE A REPLY

Please enter your comment!
Please enter your name here