ਚੰਡੀਗੜ੍ਹ, 8 ਮਈ

ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਅੱਜ ਕਿਹਾ ਕਿ ਜੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਭਾਜਪਾ ਦੇ ਮੁੱਖ ਮੰਤਰੀ ਨਾਇਬ ਸੈਣੀ ਸਰਕਾਰ ਨੂੰ ਡੇਗਣ ਲਈ ਕਦਮ ਚੁੱਕਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਇਸ ਦਾ ਸਮਰਥਨ ਕਰੇਗੀ। ਸਾਬਕਾ ਉਪ ਮੁੱਖ ਮੰਤਰੀ ਦਾ ਇਹ ਬਿਆਨ ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਸੈਣੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਇਕ ਦਿਨ ਬਾਅਦ ਆਇਆ ਹੈ। ਸ੍ਰੀ ਚੌਟਾਲਾ ਨੇ ਹਿਸਾਰ ਵਿੱਚ ਪੱਤਰਕਾਰਾਂ ਨੂੰ ਕਿਹਾ,‘ਮੈਂ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੂੰ ਦੱਸ ਰਿਹਾ ਹਾਂ ਕਿ ਜੇ ਉਹ ਸਰਕਾਰ ਡੇਗਣ ਲਈ ਅੱਗੇ ਆਏ ਤਾਂ ਸਾਡੀ ਪਾਰਟੀ ਇਸ ਦਾ ਸਮਰਥਨ ਕਰੇਗੀ। ਹੁਣ ਕਾਂਗਰਸ ਨੇ ਸੋਚਣਾ ਹੈ ਕੀ ਉਹ ਭਾਜਪਾ ਸਰਕਾਰ ਨੂੰ ਡੇਗਣ ਲਈ ਕੋਈ ਕਦਮ ਚੁੱਕੇਗੀ ਜਾਂ ਨਹੀਂ।’ ਵਿਧਾਇਕ ਸੋਮਬੀਰ ਸਾਂਗਵਾਨ (ਦਾਦਰੀ), ਰਣਧੀਰ ਸਿੰਘ ਗੋਲਨ (ਪੁੰਡਰੀ) ਅਤੇ ਧਰਮਪਾਲ ਗੌਂਡਰ (ਨੀਲੋਖੇੜੀ) ਨੇ ਮੰਗਲਵਾਰ ਨੂੰ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਅਤੇ ਰਾਜ ਵਿਧਾਨ ਸਭਾ ਵਿੱਚ ਸੈਣੀ ਸਰਕਾਰ ਨੂੰ ਘੱਟ ਗਿਣਤੀ ਵਿੱਚ ਲਿਆ ਕੇ ਕਾਂਗਰਸ ਦਾ ਸਮਰਥਨ ਕਰਨ ਦਾ ਐਲਾਨ ਕੀਤਾ।

ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਤੇ ਸਰਕਾਰ ਮਜ਼ਬੂਤੀ ਨਾਲ ਚੱਲਦੀ ਰਹੇਗੀ।

LEAVE A REPLY

Please enter your comment!
Please enter your name here