ਨਵੀਂ ਦਿੱਲੀ, 18 ਫਰਵਰੀ

ਕਾਂਗਰਸ ਦੇ ਚਾਰ ਵਿਧਾਇਕਾਂ ਨੂੰ ਮੰਤਰੀ ਵਜੋਂ ਸ਼ਾਮਲ ਕਰਨ ਨੂੰ ਲੈ ਕੇ ਪਾਰਟੀ ਦੇ ਵਿਧਾਇਕਾਂ ਦੇ ਇਕ ਵਰਗ ਵਿੱਚ ਨਾਰਾਜ਼ਗੀ ਦੀਆਂ ਖ਼ਬਰਾਂ ਦਰਮਿਆਨ ਮੁੱਖ ਮੰਤਰੀ ਚੰਪਈ ਸੋਰੋਨੇ ਨੇ ਕਿਹਾ ਕਿ ਝਾਰਖੰਡ ਵਿੱਚ ਜੇਐੱਮਐੱਮ ਦੀ ਅਗਵਾਈ ਵਾਲਾ ਗੱਠਜੋੜ ਮਜ਼ਬੂਤ ਸਥਿਤੀ ’ਚ ਹੈ ਅਤੇ ਸੂਬੇ ਵਿੱਚ ਗੱਠਜੋੜ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਇੱਥੇ ਮੁਲਾਕਾਤ ਕਰਨ ਤੋਂ ਪਹਿਲਾਂ ਸੋਰੇਨ ਨੇ ਇਹ ਟਿੱਪਣੀ ਕੀਤੀ।

ਖੜਗੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੋਰੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਨਾਲ ਇਹ ਇਕ ਸ਼ਿਸ਼ਟਾਚਾਰ ਮੀਟਿੰਗ ਸੀ। ਹਾਲ ਹੀ ਵਿੱਚ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦੇ ਇਕ ਵਰਗ ਦੇ ਅਸੰਤੁਸ਼ਟ ਹੋਣ ਬਾਰੇ ਸੋਰੇਨ ਨੇ ਕਿਹਾ, ‘‘ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਉਹ ਇਸ ਨੂੰ ਹੱਲ ਕਰ ਲੈਣਗੇ। ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਜੇਐੱਮਐੱਮ ਤੇ ਕਾਂਗਰਸ ਵਿਚਾਲੇ ਕੋਈ ਮੱਤਭੇਦ ਨਹੀਂ ਹੈ ਅਤੇ ਸਭ ਕੁਝ ਠੀਕ ਹੈ।’’ ਜ਼ਿਕਰਯੋਗ ਹੈ ਕਿ ਕਾਂਗਰਸ ਦੇ 12 ਵਿਧਾਇਕਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਨਵੇਂ ਚਿਹਰਿਆਂ ਨੂੰ ਮੰਤਰੀ ਦੇ ਅਹੁਦੇ ਨਾ ਦਿੱਤੇ ਗਏ ਤਾਂ ਉਹ 23 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸੂਬੇ ਦੀ ਵਿਧਾਨ ਸਭਾ ਦੇ ਇਜਲਾਸ ਦਾ ਬਾਈਕਾਟ ਕਰਨਗੇ ਅਤੇ ਜੈਪੁਰ ਲਈ ਰਵਾਨਾ ਹੋ ਜਾਣਗੇ। -ਪੀਟੀਆਈ

LEAVE A REPLY

Please enter your comment!
Please enter your name here