ਰਾਮ ਕੁਮਾਰ ਮਿੱਤਲ

ਗੂਹਲਾ ਚੀਕਾ, 18 ਫਰਵਰੀ

ਹਰਿਆਣਾ ਅਤੇ ਪੰਜਾਬ ਹੱਦ ’ਤੇ ਸਥਿਤ ਟਟਿਆਣਾ ਬਾਰਡਰ ਪਿਛਲੇ 6 ਦਿਨ ਤੋਂ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਕੋਈ ਵੀ ਕਿਸਾਨ ਜਥੇਬੰਦੀ ਬਾਰਡਰ ਤੱਕ ਨਹੀਂ ਪਹੁੰਚੀ ਹੈ, ਪਰ ਪ੍ਰਸ਼ਾਸਨ ਨੇ ਅਜੇ ਵੀ ਸੁਰੱਖਿਆ ਪ੍ਰਬੰਧ ਪੂਰੇ ਰੱਖੇ ਹੋਏ ਹਨ। ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਨੇ ਅੱਜ ਇੱਥੇ ਮੌਕ ਡਰਿੱਲ ਕੀਤੀ ਅਤੇ ਪੰਜਾਬ ਵਾਲੇ ਖਾਲੀ ਖੇਤਰ ਵਿੱਚ ਹੰਝੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਪ੍ਰਸ਼ਾਸਨ ਨੇ ਬਾਰਡਰ ਉੱਤੇ ਮਿੱਟੀ ਨਾਲ ਭਰੇ ਕੰਟੇਨਰ ਤਾਂ ਪਹਿਲਾਂ ਤੋਂ ਹੀ ਰੱਖੇ ਹੋਏ ਸਨ, ਜਿਨ੍ਹਾਂ ਉੱਤੇ 24 ਘੰਟੇ ਮਿਲਟਰੀ ਦੇ ਜਵਾਨ ਤਾਇਨਾਤ ਹਨ। ਹੁਣ ਕੰਟੇਨਰਾਂ ਉੱਤੇ ਮਿੱਟੀ ਦੇ ਥੈਲੇ ਭਰ ਕੇ ਅਸਥਾਈ ਮੋਰਚੇ ਬਣਾ ਦਿੱਤੇ ਗਏ ਹਨ।

ਕਿਸਾਨ ਅੰਦੋਲਨ ਦੇ ਚਲਦੇ ਲੱਗੀ ਧਾਰਾ 144 ਦੇ ਚਲਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ। ਡਿਊਟੀ ਮੈਜਿਸਟਰੇਟ ਸੁਨੀਲ ਕੁਮਾਰ ਨੇ ਅੱਜ ਇੱਥੇ ਦੱਸਿਆ ਕਿ ਇਸ ਸਬੰਧੀ ਬੋਰਡ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਟਟਿਆਣਾ ਬਾਰਡਰ ਉੱਤੇ ਲੱਗੇ ਨਾਕੇ ਦੌਰਾਨ ਜਿੱਥੇ ਪੁਲੀਸ ਪ੍ਰਸ਼ਾਸਨ ਅਤੇ ਪੈਰਾ ਮਿਲਟਰੀ ਦੇ ਜਵਾਨ ਆਪਣੀ ਡਿਊਟੀ ਦੇ ਨਾਲ-ਨਾਲ ਰਾਹਗੀਰਾਂ ਦੀ ਆਉਣ-ਜਾਣ ਵੇਲੇ ਮੱਦਦ ਵੀ ਕਰ ਰਹੇ ਹਨ।

ਪੰਜਾਬ ਸੀਮਾ ਵਿੱਚ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਗਟ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਕਰੀਬ ਦੋ ਦਰਜਨ ਕਿਸਾਨਾਂ ਨੇ ਅੱਜ ਟਟਿਆਨਾ ਬਾਰਡਰ ਦੇ ਦੂਜੇ ਪਾਸੇ ਪੰਜਾਬ ਸੀਮਾ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੰਬਰਦਾਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਦੱਬਣ ਵਾਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਟਟਿਆਨਾ ਬਾਰਡਰ ਕੋਲ ਜਾ ਕੇ ਰੋਜ਼ਾਨਾ ਸ਼ਾਂਤੀਪੂਰਵਕ ਢੰਗ ਨਾਲ ਰੋਸ਼ ਮੁਜ਼ਾਹਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਉਧਰ, ਸਥਾਨਕ ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਧੜੇ ਦੇ ਸੂਬਾਈ ਉਪ-ਪ੍ਰਧਾਨ ਚਮਕੌਰ ਸਿੰਘ ਔਜਲਾ ਨੇ ਦੱਸਿਆ ਕਿ ਕਿਸਾਨਾਂ ਨੇ ਦਿੱਲੀ ਜਾਣ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ, ਕਿਸਾਨ ਕੇਵਲ ਇੱਕ ਫੋਨ ਕਾਲ ਦੀ ਇੰਤਜ਼ਾਰ ਵਿੱਚ ਹਨ। ਇਸ ਮੌਕੇ ਕੇਵਲ ਸਿੰਘ ਸਦਰੇਹਡੀ , ਜਰਨੈਲ ਸਿੰਘ ਜੈਲੀ , ਸੁਭਾਸ਼ ਭਾਗਲ , ਮਹਾਵੀਰ ਪੂਨੀਆ ਅਤੇ ਲਖਵਿੰਦਰ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here