ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 10 ਮਾਰਚ

ਦਿੱਲੀ ਦੇ ਕੇਸ਼ੋਪੁਰ ਵਿੱਚ 40 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਣ ਕਾਰਨ ਇਕ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਐੱਨਡੀਆਰਐੱਫ ਦੀ ਟੀਮ ਵੱਲੋਂ ਲਗਪਗ 14 ਘੰਟੇ ਚਲਾਏ ਗਏ ਬਚਾਅ ਕਾਰਜਾਂ ਦੇ ਬਾਵਜੂਦ ਉਸ ਨੂੰ ਜ਼ਿੰਦਾ ਬਾਹਰ ਨਹੀਂ ਕੱਢਿਆ ਜਾ ਸਕਿਆ। ਹਾਲੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਦਿੱਲੀ ਪੁਲੀਸ ਮੁਤਾਬਕ ਰਾਤ ਇੱਕ ਵਜੇ ਦੇ ਕਰੀਬ ਸੂਚਨਾ ਮਿਲੀ ਕਿ ਕੋਈ ਵਿਅਕਤੀ ਕੇਸ਼ੋਪੁਰ ਸਥਿਤ ਦਿੱਲੀ ਸਰਕਾਰ ਦੇ ਜਲ ਬੋਰਡ ਦੇ ਟਰੀਟਮੈਂਟ ਪਲਾਂਟ ਵਿੱਚ ਖੁੱਲ੍ਹੇ ਪਏ ਬੋਰਵੈੱਲ ਵਿੱਚ ਡਿੱਗ ਗਿਆ ਹੈ। ਪੁਲੀਸ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਰਾਤ ਭਰ ਐੱਨਡੀਆਰਐੱਫ ਦੀ ਟੀਮ ਵੱਲੋਂ ਬੋਰਵੈੱਲ ਵਿੱਚੋਂ ਨੌਜਵਾਨ ਨੂੰ ਬਾਹਰ ਕੱਢਣ ਲਈ ਅਪਰੇਸ਼ਨ ਚਲਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧ ਵਿੱਚ ਆਤਿਸ਼ੀ ਨੇ ਐਕਸ ’ਤੇ ਕਿਹਾ, ‘ਬਹੁਤ ਦੁੱਖ ਨਾਲ ਇਹ ਖਬਰ ਸਾਂਝੀ ਕਰ ਰਹੀਂ ਹਾਂ ਕਿ ਬੋਰਵੈੱਲ ’ਚ ਡਿੱਗਣ ਵਾਲੇ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਬੋਰਵੈੱਲ ਵਿੱਚ ਕਿਵੇਂ ਡਿੱਗਿਆ ਇਸ ਬਾਰੇ ਜਾਂਚ ਪੁਲੀਸ ਕਰੇਗੀ।’’ ਇਸ ਦੌਰਾਨ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਕਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਕਸੂਰਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਦੌਰਾਨ ਦਿੱਲੀ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਬੋਰਵੈੱਲ ਵਿੱਚ ਨੌਜਵਾਨ ਦੇ ਡਿੱਗਣ ਬਾਰੇ ਸੂਚਨਾ ਲਗਭਗ 1 ਵਜੇ ਦੇ ਕਰੀਬ ਮਿਲੀ ਸੀ। ਇਸ ਤੋਂ ਬਾਅਦ ਟੀਮਾਂ ਪੰਜ ਇੰਜਣਾਂ ਦੇ ਨਾਲ ਮੌਕੇ ’ਤੇ ਪਹੁੰਚੀਆਂ। ਸਥਾਨਕ ਡੀਸੀਪੀ ਨੇ ਦੱਸਿਆ ਕਿ ਵਿਕਾਸਪੁਰੀ ਥਾਣੇ ਵਿੱਚ ਪੁਲੀਸ ਕੰਟਰੋਲ ਰੂਮ ਦੀ ਕਾਲ ਮਿਲਣ ਤੋਂ ਬਾਅਦ ਪੁਲੀਸ ਦੀ ਟੀਮ ਮੌਕੇ ’ਤੇ ਪੁੱਜੀ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੂਜੇ ਪਾਸੇ ਡੀਐੱਮਆਰਸੀ ਦੇ ਮੁੱਖ ਕਾਰਜਕਾਰੀ ਡਾਇਰੈਕਟਰ ਅਨੁਜ ਦਿਆਲ ਨੇ ਇਸ ਸਬੰਧੀ ਕਿਹਾ ਕਿ ਡੀਐੱਮਆਰਸੀ ਨੇ ਇਹ ਬੋਰਵੈੱਲ ਨਹੀਂ ਬਣਾਇਆ ਅਤੇ ਨਾ ਹੀ ਇਸ ਦੀ ਕੋਈ ਵਰਤੋਂ ਕੀਤੀ ਹੈ। ਜਿਸ ਪੰਬ ਰੂਮ ਦੇ ਅੰਦਰ ਇਹ ਬੋਰਵੈੱਲ ਹੈ, ਉਹ ਦਿੱਲੀ ਜਲ ਬੋਰਡ ਦਾ ਹੈ।

ਬੋਰਵੈੱਲ ਪਹਿਲਾਂ ਹੀ ਉਸ ਪੰਪ ਕਮਰੇ ਦੇ ਅੰਦਰ ਬਣਾਇਆ ਗਿਆ ਸੀ ਜਦੋਂ ਕਿ ਡੀਐੱਮਆਰਸੀ ਨੇ ਉਸਾਰੀ ਦੇ ਕੰਮ ਲਈ ਇਸ ਦੇ ਆਲੇ ਦੁਆਲੇ ਦੇ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ।

ਜਲ ਬੋਰਡ ਦੇ ਅਧਿਕਾਰੀਆਂ ਨੂੰ ਬਚਾ ਰਹੇ ਨੇ ਜਲ ਮੰਤਰੀ: ਸਚਦੇਵਾ

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਕੇਸ਼ੋਪੁਰ ਮੰਡੀ ਵਿੱਚ ਦਿੱਲੀ ਜਲ ਬੋਰਡ ਦੇ ਅਹਾਤੇ ਵਿੱਚ ਸਥਿਤ ਬੋਰਵੈੱਲ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਜਲ ਮੰਤਰੀ ਆਤਿਸ਼ੀ ਵੱਲੋਂ ਬੋਰਵੈੱਲ ਦੇ ਕਮਰੇ ਦੇ ਸੁਰੱਖਿਅਤ ਹੋਣ ਬਾਰੇ ਟਵੀਟ ਕਰਨਾ ਉਨ੍ਹਾਂ ਦੀ ਸਰਕਾਰ ਅਤੇ ਜਲ ਬੋਰਡ ਦੇ ਅਧਿਕਾਰੀਆਂ ਨੂੰ ਬਚਾਉਣ ਦੀ ਘਿਨਾਉਣੀ ਸਾਜ਼ਿਸ਼ ਹੈ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ ਸਿਰਫ 10 ਦਿਨਾਂ ਵਿੱਚ ਦਿੱਲੀ ਵਿੱਚ ਜਲ ਬੋਰਡ ਵੱਲੋਂ ਲਾਪਰਵਾਹੀ ਨਾਲ ਛੱਡੇ ਗਏ ਬੋਰਵੈੱਲ ਵਿੱਚ ਡਿੱਗਣ ਦਾ ਇਹ ਦੂਜਾ ਮਾਮਲਾ ਹੈ।

LEAVE A REPLY

Please enter your comment!
Please enter your name here