ਕੁਲਦੀਪ ਸਿੰਘ

ਚੰਡੀਗੜ੍ਹ, 29 ਫ਼ਰਵਰੀ

ਯੂਟੀ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਕੰਟਰੈਕਟ ਮੁਲਾਜ਼ਮਾਂ ਵੱਲੋਂ ਆਪਣੀਆਂ ਨੌਕਰੀਆਂ ਸੁਰੱਖਿਅਤ ਅਤੇ ਰੈਗੂਲਰ ਕਰਵਾਉਣ ਦੀ ਮੰਗ ਲਈ ਅੱਜ ਪਰਿਵਾਰਾਂ ਸਮੇਤ ਸੈਕਟਰ-17 ਤੋਂ ਗਵਰਨਰ ਹਾਊਸ ਵੱਲ ਪੈਦਲ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਵਿੱਚ ਸ਼ਾਮਲ ਮੁਲਾਜ਼ਮਾਂ ਅਤੇ ਪਰਿਵਾਰਾਂ ਵੱਲੋਂ ਹੱਥਾਂ ਵਿੱਚ ਪ੍ਰਸ਼ਾਸਨ ਵਿਰੋਧੀ ਤਖ਼ਤੀਆਂ ਫੜ ਕੇ ਆਪਣੀਆਂ ਮੰਗਾਂ ਦਰਸਾਈਆਂ ਗਈਆਂ ਅਤੇ ਨਾਅਰੇਬਾਜ਼ੀ ਕੀਤੀ ਗਈ ਅਤੇ ਨੌਕਰੀ ਦੀ ਸੁਰੱਖਿਆ ਲਈ ਵਿਸ਼ੇਸ਼ ਕਾਡਰ ਬਣਾਉਣ ਦੀ ਮੰਗ ਕੀਤੀ। ਆਲ ਠੇਕਾ ਮੁਲਾਜ਼ਮ ਯੂਨੀਅਨ ਇੰਡੀਆ ਯੂਟੀ ਚੰਡੀਗੜ੍ਹ ਦੇ ਬੈਨਰ ਹੇਠ ਯੂਨਾਈਟਿਡ ਐਂਪਲਾਈਜ਼ ਮੋਰਚਾ ਦੇ ਸਹਿਯੋਗ ਨਾਲ ਕੀਤੇ ਗਏ ਰੋਸ ਮਾਰਚ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਚੇਅਰਮੈਨ ਬਿਪਿਨ ਸ਼ੇਰ ਸਿੰਘ, ਪ੍ਰਧਾਨ ਅਸ਼ੋਕ ਕੁਮਾਰ, ਜਨਰਲ ਸਕੱਤਰ ਸ਼ਿਵ ਮੂਰਤ ਯਾਦਵ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਦੀ ਨੌਕਰੀ ਦੀ ਸੁਰੱਖਿਆ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਅਜੇ ਤੱਕ ਨਾ ਤਾਂ ਕੋਈ ਸੁਰੱਖਿਅਤ ਨੀਤੀ ਬਣਾਈ ਹੈ ਅਤੇ ਨਾ ਹੀ ਗੁਆਂਢੀ ਸੂਬਿਆਂ ਦੀ ਨੀਤੀ ਅਪਣਾਈ ਹੈ। ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਅਜਿਹੀ ਨੀਤੀ ਬਣਾਉਣ ਦੀ ਪਹਿਲਕਦਮੀ ਵੀ ਨਹੀਂ ਕੀਤੀ ਜਿਸ ਕਾਰਨ ਅੱਜ ਇਨ੍ਹਾਂ ਸੈਂਕੜੇ ਠੇਕਾ ਮੁਲਾਜ਼ਮਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ।

ਆਗੂਆਂ ਨੇ ਰੈਗੂਲਰਾਈਜ਼ੇਸ਼ਨ ਨੀਤੀ ਜਾਂ ਕੇਂਦਰੀ ਸੁਰੱਖਿਆ ਨੀਤੀ ਦੀ ਅਣਹੋਂਦ ਵਿੱਚ ਇਨ੍ਹਾਂ ਮੁਲਾਜ਼ਮਾਂ ਦੀ ਸੇਵਾਮੁਕਤੀ ਤੱਕ ਨੌਕਰੀ ਦੀ ਸੁਰੱਖਿਆ ਲਈ ਵਿਸ਼ੇਸ਼ ਕਾਡਰ ਬਣਾਉਣ ਦੀ ਮੰਗ ਕੀਤੀ। ਯੂਨਾਈਟਿਡ ਐਂਪਲਾਈਜ਼ ਫਰੰਟ ਦੀ ਸੀਨੀਅਰ ਲੀਡਰਸ਼ਿਪ ਗੋਪਾਲ ਦੱਤ ਜੋਸ਼ੀ, ਰਾਜਿੰਦਰ ਕੁਮਾਰ, ਰਣਬੀਰ ਰਾਣਾ, ਧਰਮਿੰਦਰ ਰਾਹੀ, ਹਰਕੇਸ਼ ਚੰਦ, ਰਘਬੀਰ ਚੰਦ, ਰਜਿੰਦਰ ਕਟੋਚ, ਰਣਜੀਤ ਮਿਸ਼ਰਾ, ਸੱਜਣ ਸਿੰਘ, ਰਾਜਕੁਮਾਰ ਆਦਿ ਨੇ ਵੀ ਅੱਜ ਦੇ ਸੰਘਰਸ਼ ਵਿੱਚ ਸਹਿਯੋਗ ਦਿੱਤਾ।

ਨੌਕਰੀਆਂ ਨੂੰ ਖ਼ਤਰਾ ਹੋਣ ’ਤੇ ਕੰਮ ਕਾਜ ਬੰਦ ਕਰਨ ਦੀ ਚਿਤਾਵਨੀ

ਸਾਂਝਾ ਮੁਲਾਜ਼ਮ ਮੋਰਚਾ ਦੇ ਕਨਵੀਨਰ ਗੋਪਾਲ ਦੱਤ ਜੋਸ਼ੀ ਅਤੇ ਰਣਬੀਰ ਰਾਣਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਠੇਕਾ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਕੋਈ ਖਤਰਾ ਪੈਦਾ ਹੋਇਆ ਤਾਂ ਚੰਡੀਗੜ੍ਹ ਦੇ ਸਾਰੇ ਵਿਭਾਗਾਂ ਵਿੱਚ ਜਲਦੀ ਹੀ ਕੰਮਕਾਜ ਹੜਤਾਲ ਦਾ ਐਲਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here