ਦਰਸ਼ਨ ਸਿੰਘ ਸੋਢੀ

ਮੁਹਾਲੀ, 10 ਮਾਰਚ

ਡੈਮੋਕਰੈਟਿਕ ਮਿਡ-ਡੇਅ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਐਤਵਾਰ ਨੂੰ ਪੰਜਾਬ ਭਰ ਦੀਆਂ ਕੁੱਕ ਬੀਬੀਆਂ ਨੇ ਮੁਹਾਲੀ ਵਿਖੇ ਡੀਜੀਐਸਈ ਦਫ਼ਤਰ ਦੇ ਬਾਹਰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਤੇ ਹੁਕਮਰਾਨਾਂ ਦਾ ਪਿੱਟ ਸਿਆਪਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨਾਲ ਤਨਖਾਹਾਂ ਵਧਾਉਣ ਦਾ ਕਈ ਵਾਰ ਵਾਅਦਾ ਕੀਤਾ, ਪਰ ਹੁਣ ਵਾਅਦਾ ਪੂਰਾ ਕਰਨ ਤੋਂ ਟਾਲਾ ਵੱਟ ਰਹੇ ਹਨ। ਇਸ ਲਈ ਸਰਕਾਰ ਦਾ ਇਹ ਦੋਗਲਾ ਚਿਹਰਾ ਨਿੰਦਣਯੋਗ ਹੈ। ਮਿਡ-ਡੇਅ ਮੀਲ ਕੁਕ ਬੀਬੀਆਂ ਦੀ ਵੱਡੀ ਗਿਣਤੀ ਨੂੰ ਵੇਖ ਕੇ ਪ੍ਰਸ਼ਾਸਨ ਸਵੇਰ ਤੋਂ ਹੀ ਮੁਸਤੈਦ ਸੀ। ਬੀਬੀਆਂ ਦੇ ਇਕੱਠ ਨੇ ਸਵੇਰ ਤੋਂ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਉਹ ਅੱਜ ਮੁੱਖ ਚੌਂਕ ’ਤੇ ਜਾਮ ਲਗਾਉਣਗੀਆਂ। ਉਪਰੰਤ ਮੁਹਾਲੀ ਪ੍ਰਸ਼ਾਸਨ ਬੀਬੀਆਂ ਨੂੰ ਸ਼ਾਂਤ ਕਰਾਉਣ ਲਈ ਹਰ ਹੀਲਾ ਵਸੀਲਾ ਵਰਤਦਾ ਰਿਹਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 15 ਮਾਰਚ ਨੂੰ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ ਹੀ ਕੁੱਕ ਬੀਬੀਆਂ ਦਾ ਰੋਹ ਸ਼ਾਂਤ ਹੋ ਸਕਿਆ।

ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੁਖਜੀਤ ਕੌਰ ਲਚਕਾਣੀ, ਪਰਮਜੀਤ ਕੌਰ ਨਰਾਇਣਗੜ੍ਹ, ਜਲ ਕੌਰ ਬਠਿੰਡਾ, ਪਰਮਜੀਤ ਕੌਰ ਮੁਕਤਸਰ, ਲਖਬੀਰ ਕੌਰ ਜਗੇੜਾ, ਸਿਮਰਨਜੀਤ ਕੌਰ ਅਜਨੋਦਾ, ਜਸਬੀਰ ਕੌਰ ਅਮਲੋਹ, ਗੁਰਵਿੰਦਰ ਕੌਰ ਮੁਹਾਲੀ, ਸਹਿਨਾਜ ਮੂਨਕ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਮਿਡ-ਡੇਅ ਮੀਲ ਕੁੱਕ ਨਾਲ ਕੋਜਾ ਮਜ਼ਾਕ ਕਰ ਰਹੀ ਹੈ। ਇਸੇ ਕਰਕੇ ਬਸਟ ਵਿੱਚ ਨਾ ਕੁੱਕ ਦੀ ਤਨਖਾਹ ਵਧਾਈ ਗਈ ਅਤੇ ਨਾ ਹੀ ਹੋਰ ਕਿਸੇ ਮੰਗ ਨੂੰ ਹੱਲ ਕੀਤਾ ਹੈ। ਸਰਕਾਰ ਦੇ ਇਸ ਰਵੱਈਏ ਦੀ ਆਗੂਆਂ ਨੇ ਨਿਖੇਧੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਹਰਿਆਣਾ ਸਰਕਾਰ ਮਿਡ-ਡੇਅ ਮੀਲ ਕੁੱਕ ਨੂੰ 7500 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ, ਕੇਰਲਾ ਸਰਕਾਰ ਵੱਲੋਂ 13000 ਦਿੱਤੇ ਜਾਂਦੇ ਹਨ, ਪੰਜਾਬ ਵਿੱਚ ਸਿਰਫ 3000 ਰੁਪਏ ਦਿੱਤੇ ਜਾਂਦੇ ਹਨ। ਇਸ ਲਈ ਪੰਜਾਬ ਸਰਕਾਰ ਵੀ ਮਿਡ-ਡੇਅ ਮੀਲ ਕੁੱਕ ਬੀਬੀਆਂ ਨੂੰ ਤਨਖਾਹ ਵਧਾ ਕੇ 7500 ਮਹੀਨਾ ਕਰੇ। ਆਗੂਆਂ ਨੇ ਮੰਗ ਕੀਤੀ ਕਿ ਕਿ ਮਿਡ-ਡੇਅ ਮੀਲ ਕੁੱਕ ਬੀਏ ਪਾਸ ਹਨ, ਉਨ੍ਹਾਂ ਨੂੰ ਬਲਾਕ ਦਫ਼ਤਰਾਂ ਵਿਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕੁੱਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸਰਕਾਰੀ ਨੁਮਾਇੰਦਿਆਂ ਦਾ ਘਿਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੀਆਂ। ਇਕੱਠ ਵਿੱਚ ਪਹੁੰਚ ਕੇ ਤਹਿਸੀਲਦਾਰ ਅਮਰਪ੍ਰੀਤ ਸਿੰਘ ਵੱਲੋਂ ਮਿਡ-ਡੇਅ ਮੀਲ ਕੁੱਕ ਬੀਬੀਆਂ ਤੋਂ ਮੰਗ ਪੱਤਰ ਲਿਆ ਗਿਆ ਅਤੇ ਲਿਖਤੀ ਭਰੋਸਾ ਦਿੱਤਾ ਕਿ ਉਨ੍ਹਾਂ ਦੀ 15 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਵੇਗੀ। ਉਸ ਤੋਂ ਬਾਅਦ ਹੀ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ।

LEAVE A REPLY

Please enter your comment!
Please enter your name here