ਐਨ.ਪੀ. ਧਵਨ

ਪਠਾਨਕੋਟ, 21 ਫਰਵਰੀ

ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ’ਤੇ ਵੱਸੇ ਪੰਜਾਬ ਦੇ ਅਖੀਰਲੇ ਪਿੰਡ ਸਿੰਬਲ ਸਕੋਲ ਦੇ ਲੋਕਾਂ ਦੀ ਸਹੂਲਤ ਲਈ ਬਣ ਰਹੇ ਪੁਲ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਇਹ ਪੁਲ ਛੇਤੀ ਹੀ ਖੱਲ੍ਹਣ ਦੀ ਉਮੀਦ ਹੈ। ਇੱਕ ਪਾਸੇ ਪਾਕਿਸਤਾਨ ਤੇ ਦੂਸਰੇ ਪਾਸੇ ਤਰਨਾਹ ਦਰਿਆ ਨਾਲ ਘਿਰੇ ਇਸ ਪਿੰਡ ਦੇ ਲੋਕ ਦਰਿਆ ’ਤੇ ਪੱਕਾ ਪੁਲ ਬਣਾਉਣ ਦੀ ਮੰਗ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ। ਇਸ ਪੁਲ ਦਾ ਨਿਰਮਾਣ ਬਾਰਡਰ ਰੋਡ ਆਰਗਨਾਈਜ਼ੇਸ਼ਨ (ਬੀਆਰਓ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਪੁਲ ਦੇ ਨਿਰਮਾਣ ਉਪਰ 4 ਕਰੋੜ ਰੁਪਏ ਦੇ ਕਰੀਬ ਲਾਗਤ ਆਵੇਗੀ ਤੇ ਇਹ ਪੁਲ 70 ਮੀਟਰ ਲੰਬਾ ਤੇ 12 ਮੀਟਰ ਚੌੜਾ ਹੋਵੇਗਾ। ਪਿੰਡ ਵਾਸੀਆਂ ਸੁਰਿੰਦਰ ਕੁਮਾਰ, ਕਿਸ਼ਨ ਸਿੰਘ, ਰਮੇਸ਼ ਸਿੰਘ, ਅਮਨ ਕੁਮਾਰ, ਰਾਹੁਲ ਕੁਮਾਰ, ਮੋਹਨ ਸਿੰਘ ਆਦਿ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਉਨ੍ਹਾਂ ਦੇ ਪੁਰਖੇ ਪੱਕੇ ਪੁਲ ਦੀ ਮੰਗ ਕਰਦੇ ਆ ਰਹੇ ਸਨ। ਜਦ ਵੀ ਬਰਸਾਤਾਂ ਆਉਂਦੀਆਂ ਸਨ ਤਾਂ ਤਰਨਾਹ ਦਰਿਆ ਵਿੱਚ ਪਾਣੀ ਆ ਜਾਂਦਾ ਸੀ ਜਿਸ ਕਰਕੇ ਉਨ੍ਹਾਂ ਦਾ ਪਿੰਡ ਇੱਕ ਟਾਪੂ ਦਾ ਰੂਪ ਧਾਰ ਲੈਂਦਾ ਸੀ ਤੇ ਪਿੰਡ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲੋਂ ਸੰਪਰਕ ਟੁੱਟ ਜਾਂਦਾ ਸੀ। ਸਕੂਲੀ ਬੱਚੇ ਵੀ ਉਨ੍ਹਾਂ ਦਿਨਾਂ ਵਿੱਚ ਸਕੂਲ ਨਹੀਂ ਜਾ ਸਕਦੇ ਸਨ। ਐਮਰਜੈਂਸੀ ਵਿੱਚ ਸਿਰਫ ਬੀਐੱਸਐੱਫ ਦੀ ਕਿਸ਼ਤੀ ਹੀ ਦਰਿਆ ਨੂੰ ਪਾਰ ਕਰਨ ਲਈ ਉਨ੍ਹਾਂ ਲਈ ਇੱਕ ਸਾਧਨ ਹੁੰਦੀ ਸੀ। ਬਾਅਦ ਵਿੱਚ ਪੈਨਟੂਨ ਪੁਲ ਪਾ ਦਿੱਤਾ ਗਿਆ ਪਰ ਉਹ ਵੀ ਮੌਨਸੂਨ ਦੇ ਮੌਸਮ ਵਿੱਚ 4 ਮਹੀਨੇ ਲਈ ਚੁੱਕ ਦਿੱਤਾ ਜਾਂਦਾ ਸੀ।

ਇਸ ਬਾਰੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਪੁਲ 6 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਸ ਪੁਲ ਦੇ ਮੁਕੰਮਲ ਹੋ ਜਾਣ ਬਾਅਦ ਪਿੰਡ ਵਾਸੀਆਂ ਦੀ ਪੱਕੇ ਪੁਲ ਦੀ ਮੰਗ ਪੂਰੀ ਹੋ ਜਾਵੇਗੀ।

LEAVE A REPLY

Please enter your comment!
Please enter your name here