ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 2 ਮਾਰਚ

ਦੁਪਹਿਰ ਬਾਅਦ ਪਏ ਤੇਜ਼ ਮੀਂਹ ਤੇ ਗੜਿਆਂ ਕਾਰਨ ਤਾਪਮਾਨ ਹੇਠਾਂ ਡਿੱਗ ਗਿਆ ਹੈ। ਸ਼ਾਮ 4 ਵਜੇ ਦੇ ਕਰੀਬ ਜ਼ੋਰਦਾਰ ਮੀਂਹ ਦੇ ਨਾਲ ਗੜ੍ਹੇ ਵੀ ਪਏ। ਕਿਸਾਨ ਉੱਤਮ ਸਿੰਘ ਨੇ ਕਿਹਾ ਕਿ ਅੱਜ ਸਾਰਾ ਦਿਨ ਠੰਢੀਆਂ ਹਵਾਵਾਂ ਦੇ ਨਾਲ ਨਾਲ ਅਤੇ ਬਾਰਿਸ਼ ਨਾਲ ਜਿੱਥੇ ਠੰਢ ਕਾਫੀ ਵਧ ਗਈ, ਉੱਥੇ ਬੇਟ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਗੜ੍ਹੇ ਪੈਣ ਕਾਰਨ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਹੈ। ਕਿਸਾਨ ਰਵਿੰਦਰ ਸਿੰਘ ਬਾਜਵਾ, ਜਰਨੈਲ ਸਿੰਘ ਫ਼ੌਜੀ, ਜੱਸੀ ਮਸੀਹ ਅਤੇ ਚਰਨਜੀਤ ਸਿੰਘ ਚੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਨਿੱਸਰੀ ਹੋਈ ਕਣਕ ਦੇ ਸਿੱਟੇ ਗੜ੍ਹਿਆਂ ਕਾਰਨ ਦਾਗ਼ੀ ਹੋ ਗਏ ਹਨ ਜਿਸ ਕਾਰਨ ਇਹ ਸਿੱਟੇ ਕਾਲੇ ਪੈ ਕੇ ਝਾੜ ਅਤੇ ਉਸ ਦੀ ਗੁਣਵੱਤਾ ਉੱਤੇ ਮਾੜਾ ਅਸਰ ਪੈ ਸਕਦਾ ਹੈ।

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਬੀਤੀ ਰਾਤ ਤੋਂ ਸ਼ੁਰੂ ਹੋਈ ਤੇਜ਼ ਹਨ੍ਹੇਰੀ ਅਤੇ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅੱਜ ਸਾਰਾ ਦਿਨ ਜਾਰੀ ਰਹੀ, ਜਿਸ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਇਲਾਕੇ ਭਰ ਵਿੱਚ ਸਾਰਾ ਦਿਨ ਚੱਲੀ ਜ਼ੋਰਦਾਰ ਹਨ੍ਹੇਰੀ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਅਗੇਤੀ ਬੀਜੀ ਹੋਈ ਕਣਕ ਢਹਿ-ਢੇਰੀ ਹੋ ਗਈ। ਬਲਾਚੌਰ ਇਲਾਕੇ ਦਾ ਅੱਜ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਵੱਲੋਂ ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਭਲਕੇ ਵੀ ਬਾਰਿਸ਼ ਹੋਣ ਦਾ ਅਨੁਮਾਨ ਲਾਇਆ ਗਿਆ ਹੈ।

ਅਜਨਾਲਾ (ਪੱਤਰ ਪ੍ਰੇਰਕ): ਪਿਛਲੇ ਦੋ ਦਿਨਾਂ ਤੋਂ ਮੌਸਮ ਦੇ ਵਿਗੜੇ ਹੋਏ ਮਿਜਾਜ਼ ਕਾਰਨ ਰੁਕ-ਰੁਕ ਕੇ ਹੋ ਰਹੀ ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਜ਼ਮੀਨ ’ਤੇ ਡਿੱਗ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਕਣਕ ਦਾ ਝਾੜ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਫ਼ਸਲ ਦਾ ਮੀਂਹ ਅਤੇ ਹਨੇਰੀ ਨੇ ਕਾਫੀ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਰੀ ਨੁਕਸਾਨ ਹੋਇਆ ਹੈ, ਉੱਥੇ ਸਰਕਾਰ ਕਿਸਾਨਾਂ ਦੀ ਆਰਥਿਕ ਮਦਦ ਕਰਨ ਦਾ ਪ੍ਰਬੰਧ ਕਰਕੇ ਵਿਸ਼ੇਸ਼ ਗਿਰਦਾਵਰੀ ਕਰਨ ਦਾ ਹੁਕਮ ਦੇਵੇ।

ਫਿਲੌਰ (ਸਰਬਜੀਤ ਗਿੱਲ): ਅੱਜ ਦੁਪਹਿਰ ਤਿੰਨ ਵਜੇ ਤੋਂ ਬਾਅਦ ਪਏ ਮੀਂਹ ਅਤੇ ਤੇਜ਼ ਹਵਾ ਕਾਰਨ ਕਈ ਥਾਵਾਂ ’ਤੇ ਕਣਕ ਦਾ ਨੁਕਸਾਨ ਹੋ ਗਿਆ। ਖਾਸ ਕਰ ਜਿਨ੍ਹਾਂ ਖੇਤਾਂ ਨੂੰ ਪਾਣੀ ਲੱਗਾ ਹੋਇਆ ਸੀ, ਉੱਥੇ ਕਣਕ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਲਾਕੇ ਦੇ ਕੁੱਝ ਥਾਵਾਂ ’ਤੇ ਹਲਕੀ ਗੜ੍ਹੇਮਾਰੀ ਵੀ ਹੋਈ ਹੈ। ਮੀਂਹ ਤੇ ਤੇਜ਼ ਹਵਾਵਾਂ ਕਾਰਨ ਹਰੇ ਚਾਰੇ ਨੂੰ ਵੀ ਨੁਕਸਾਨ ਹੋਇਆ ਹੈ।

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਇੱਥੇ ਅੱਜ ਦੂਜੇ ਦਿਨ ਵੀ ਲਗਾਤਾਰ ਮੀਂਹ ਪੈਣ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਹੇਠਾਂ ਡਿੱਗ ਗਿਆ। ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਅਗੇਤੀ ਬੀਜੀਆਂ ਫਸਲਾਂ ਨੂੰ ਨੁਕਸਾਨ ਪੁੱਜਣ ਦੀ ਸੰਭਾਵਨਾ ਦੱਸੀ ਗਈ ਹੈ। ਅੱਜ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ ਅਤੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ ਹੈ, ਪਰ ਸ਼ਾਮ ਵੇਲੇ ਬੱਦਲਾਂ ਦੀ ਗਰਜ ਅਤੇ ਬਿਜਲੀ ਦੀ ਚਮਕ ਦੇ ਨਾਲ ਤੇਜ਼ ਮੀਂਹ ਪਿਆ। ਸਾਰਾ ਦਿਨ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ ਹਨ ਜਿਸ ਨਾਲ ਤਾਪਮਾਨ ਹੋਰ ਹੇਠਾਂ ਆ ਗਿਆ ਹੈ। ਅੱਜ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਬੀਤੇ ਕੱਲ੍ਹ ਨਾਲੋਂ ਘੱਟ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਾਰਾ ਦਿਨ ਲਗਭਗ 11 ਐੱਮਐੱਮ ਮੀਂਹ ਦਰਜ ਕੀਤਾ ਗਿਆ ਜਦੋਂਕਿ ਸੂਬੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਜਲੰਧਰ ਦੇ ਨੂਰ ਮਹਿਲ ਇਲਾਕੇ ਵਿੱਚ 17 ਐੱਮਐੱਮ ਦਰਜ ਕੀਤਾ ਗਿਆ।

ਭੰਗਾਲਾ ਤੇ ਬੁੱਢਾਬੜ ਬਿਜਲੀ ਘਰਾਂ ਤੋਂ ਚੱਲਦੇ ਸੈਂਕੜੇ ਪਿੰਡਾਂ ਦੀ ਸਪਲਾਈ ਠੱਪ

ਮੁਕੇਰੀਆਂ (ਜਗਜੀਤ ਸਿੰਘ): ਇਲਾਕੇ ਅੰਦਰ ਬਾਅਦ ਦੁਪਹਿਰ ਹੋਈ ਬਾਰਿਸ਼ ਤੇ ਗੜਿਆਂ ਕਾਰਨ ਕਣਕ, ਸਰ੍ਹੋਂ ਤੇ ਛੋਲਿਆਂ ਸਮੇਤ ਸਬਜ਼ੀਆਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਤੇਜ਼ ਝੱਖੜ ਕਾਰਨ ਪਿੰਡ ਕਾਲੂ ਚਾਂਗ ਕੋਲ ਹਾਜੀਪੁਰ ਭੰਗਾਲਾ 66 ਕੇ ਵੀ ਲਾਈਨ ਦੇ ਬਰੇਕਡਾਊਨ ਕਾਰਨ ਇਸ ਲਾਈਨ ਤੋਂ ਚੱਲਦੇ ਭੰਗਾਲਾ ਅਤੇ ਬੁੱਢਾਬੜ ਬਿਜਲੀ ਘਰਾਂ ਤੋਂ ਚੱਲਦੇ ਸੈਂਕੜੇ ਪਿੰਡਾਂ ਦੀ ਸਪਲਾਈ ਸ਼ਾਮ ਕਰੀਬ 5.30 ਵਜੇ ਤੋਂ ਬੰਦ ਹੋ ਗਈ। ਜਾਣਕਾਰੀ ਅਨੁਸਾਰ ਮੋਟੇ ਗੜਿਆਂ ਨੇ ਕਣਕ ਅਤੇ ਟਮਾਟਰਾਂ ਦਾ ਭਾਰੀ ਨੁਕਸਾਨ ਕੀਤਾ ਹੈ। ਹਾਜੀਪੁਰ ਭੰਗਾਲਾ 66 ਕੇ ਵੀ ਲਾਈਨ ਦੇ ਪਿੰਡ ਕਾਲੂ ਚਾਂਗ ਕੋਲ ਬ੍ਰੇਕ ਡਾਊਨ ਹੋ ਜਾਣ ਕਾਰਨ ਇਸ ਲਾਈਨ ’ਤੇ ਚੱਲਦੇ ਬੁੱਢਾਬੜ ਅਤੇ ਭੰਗਾਲਾ ਬਿਜਲੀ ਘਰਾਂ ਦੀ ਸਪਲਾਈ ਕਰੀਬ 5.30 ਵਜੇ ਠੱਪ ਹੋ ਗਈ। ਇਸ ਕਾਰਨ ਭੰਗਾਲਾ, ਕੋਟਲੀ, ਪਲਾਕੀ, ਮੰਜਪੁਰ, ਨੁਸ਼ਹਿਰਾ, ਹਰਸਾ ਕਲੋਤਾ, ਸੁਲੈਹਰੀਆਂ ਕਲਾਂ, ਗੁਰਦਾਸਪੁਰ, ਜੰਡਵਾਲ, ਕੌਲਪੁਰ, ਪਰਾਣਾ ਭੰਗਾਲਾ, ਗੜ੍ਹੀ, ਫਿਰੋਜਪੁਰ, ਛੰਨੀ ਨੰਦ ਸਿੰਘ, ਚਨੌਰ ਸਮੇਤ ਸੈਂਕੜੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋਈ। ਇਸ ਤੋਂ ਇਲਾਵਾ ਤੇਜ ਝੱਖੜ ਕਾਰਨ ਫੀਡਰਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਰਾਮਗੜ੍ਹ ਅਤੇ ਦਗਨ ਫੀਡਰ ਦੀ ਐਚ ਟੀ ਲਾਈਨ ਵੀ ਬ੍ਰੇਕ ਡਾਊਨ ਹੋਣ ਕਾਰਨ ਇਨ੍ਹਾਂ ਫੀਡਰਾਂ ਅਧੀਨ ਚੱਲਦੇ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਈ। ਪਾਵਰਕੌਮ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ 66 ਕੇ ਵੀ ਲਾਈਨ ਵਿੱਚ ਖਰਾਬੀ ਦੂਰ ਕਰਨ ਲਈ ਟੀਮਾਂ ਲਗਾਈਆਂ ਗਈਆਂ ਹਨ ਅਤੇ ਜਲਦ ਹੀ ਠੀਕ ਕਰਕੇ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ

ਧਾਰੀਵਾਲ (ਪੱਤਰ ਪ੍ਰੇਰਕ): ਇਲਾਕੇ ਅੰਦਰ ਹੋਈ ਬਰਸਾਤ, ਗੜੇਮਾਰੀ ਅਤੇ ਚੱਲੀ ਤੇਜ਼ ਹਵਾ ਨਾਲ ਖੇਤਾਂ ’ਚ ਬੀਜੀ ਕਣਕ ਦੀ ਫ਼ਸਲ, ਬਰਸੀਮ, ਸਬਜ਼ੀਆਂ ਅਤੇ ਸਰ੍ਹਓਂ ਆਦਿ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਧਾਰੀਵਾਲ ਕਲਾਂ ਦੇ ਕਿਸਾਨ ਬਾਬਾ ਅਜੈਬ ਸਿੰਘ ਨੇ ਦੱਸਿਆ ਕਿ ਅੱਜ ਹੋਈ ਬਰਸਾਤ ਅਤੇ ਗੜੇਮਾਰੀ ਕਾਰਨ ਖੇਤਾਂ ਵਿੱਚ ਕਣਕ ਦੀ ਫ਼ਸਲ ਧਰਤੀ ’ਤੇ ਵਿੱਛ ਗਈ ਹੈ ਅਤੇ ਕਿਸਾਨਾਂ ਵੱਲੋਂ ਚਾਰੇ ਲਈ ਬੀਜੀ ਬਰਸੀਮ ਅਤੇ ਹੋਰ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਬਾਬਾ ਅਜੈਬ ਸਿੰਘ ਧਾਰੀਵਾਲ ਕਲਾਂ, ਮੰਗਲ ਸਿੰਘ, ਸਲਵਿੰਦਰ ਸਿੰਘ ਤੇ ਗੁਰਦੀਪ ਸਿੰਘ ਆਦਿ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਗੜੇਮਾਰੀ ਕਾਰਨ ਕਣਕ ਅਤੇ ਹੋਰ ਨੁਕਸਾਨੀਆਂ ਫਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

LEAVE A REPLY

Please enter your comment!
Please enter your name here