‘ਇੰਡੀਆ’ ਗੱਠਜੋੜ ਦੀ ਅਹਿਮ ਧਿਰ ਗਿਣੀ ਜਾਣ ਵਾਲੀ, ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਲੋਕ ਸਭਾ ਚੋਣਾਂ ਇਕੱਲੇ ਤੌਰ ’ਤੇ ਲੜਨ ਦਾ ਫ਼ੈਸਲਾ ਕੀਤਾ ਹੈ। ਤ੍ਰਿਣਮੂਲ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਸਿਰੇ ਨਾ ਚੜ੍ਹਨ ਕਰ ਕੇ ਵਿਰੋਧੀ ਧਿਰ ਦੇ ਸਾਂਝੇ ਗੱਠਜੋੜ ‘ਇੰਡੀਆ’ ਵਿਚ ਤਰੇੜਾਂ ਉੱਭਰ ਕੇ ਸਾਹਮਣੇ ਆ ਗਈਆਂ ਹਨ। ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਇਹ ਐਲਾਨ ਵੀ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਆਪਣੇ ਸੂਬੇ ਅੰਦਰ ਨਾ ਕੇਵਲ ਭਾਰਤੀ ਜਨਤਾ ਪਾਰਟੀ ਸਗੋਂ ਕਾਂਗਰਸ ਅਤੇ ਸੀਪੀਐੱਮ ਦਾ ਵੀ ਟਾਕਰਾ ਕਰੇਗੀ। ਇਸ ਐਲਾਨ ਨਾਲ ‘ਇੰਡੀਆ’ ਗੱਠਜੋੜ ਲਈ ਕਸੂਤੀ ਸਥਿਤੀ ਪੈਦਾ ਹੋ ਸਕਦੀ ਹੈ। ਉਧਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਖਿਆ ਹੈ ਕਿ ਉਨ੍ਹਾਂ ਦੇ ਦੁਆਰ ਹਰ ਵਕਤ ਖੁੱਲ੍ਹੇ ਹਨ ਅਤੇ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਤੱਕ ਕਦੇ ਵੀ ਸਮਝੌਤਾ ਹੋ ਸਕਦਾ ਹੈ। ਦੂਜੇ ਪਾਸੇ, ਕਾਂਗਰਸ ਦੇ ਸੂਬਾਈ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਬੀਬੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰਾਜ਼ਗੀ ਮੁੱਲ ਲੈਣ ਦੇ ਡਰੋਂ ਆਪਣੇ ਆਪ ਨੂੰ ‘ਇੰਡੀਆ’ ਗੱਠਜੋੜ ਨਾਲੋਂ ਦੂਰ ਕਰ ਲਿਆ ਹੈ।

ਪੱਛਮੀ ਬੰਗਾਲ ਵਿਚ 2019 ਦੀਆਂ ਲੋਕ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੇ 42 ਵਿਚੋਂ 22 ਸੀਟਾਂ ਜਿੱਤੀਆਂ ਸਨ ਅਤੇ ਭਾਜਪਾ ਨੇ 18 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਕਾਂਗਰਸ ਨੂੰ ਸਿਰਫ ਦੋ ਸੀਟਾਂ ਹੀ ਮਿਲ ਸਕੀਆਂ ਸਨ। ਇਸ ਵਾਰ ਕਾਂਗਰਸ ਜਿ਼ਆਦਾ ਸੀਟਾਂ ਹਾਸਿਲ ਕਰਨਾ ਚਾਹੁੰਦੀ ਸੀ ਪਰ ਤ੍ਰਿਣਮੂਲ ਕਾਂਗਰਸ ਉਸ ਨੂੰ ਜਿ਼ਆਦਾ ਸੀਟਾਂ ਦੇਣ ਦੇ ਰੌਂਅ ਵਿਚ ਨਹੀਂ ਸੀ ਜਿਸ ਕਰ ਕੇ ਸੀਟਾਂ ਦੀ ਵੰਡ ਦਾ ਸਮਝੌਤਾ ਸਿਰੇ ਨਾ ਚੜ੍ਹ ਸਕਿਆ। ਪਿਛਲੇ ਸਾਲ ਸਾਗਰਡਿਗੀ ਸੀਟ ਲਈ ਹੋਈ ਜਿ਼ਮਨੀ ਚੋਣ ਵਿਚ ਸੀਪੀਐੱਮ ਦੀ ਹਮਾਇਤ ਨਾਲ ਕਾਂਗਰਸ ਦੇ ਉਮੀਦਵਾਰ ਬਾਇਰਨ ਬਿਸਵਾਸ ਨੇ ਤ੍ਰਿਣਮੂਲ ਕਾਂਗਰਸ ਦੇ ਦੇਬਾਸ਼ੀਸ਼ ਬੈਨਰਜੀ ਨੂੰ ਮਾਤ ਦੇ ਕੇ ਵੱਡੀ ਜਿੱਤ ਦਰਜ ਕੀਤੀ ਸੀ। ਚੋਣ ਜਿੱਤਣ ਤੋਂ ਬਾਅਦ ਬਿਸਵਾਸ ਪਾਲ਼ਾ ਬਦਲ ਕੇ ਤ੍ਰਿਣਮੂਲ ਵਿਚ ਸ਼ਾਮਿਲ ਹੋ ਗਏ ਜਿਸ ’ਤੇ ਕਾਂਗਰਸ ਆਗੂਆਂ ਨੇ ਕਾਫ਼ੀ ਨਾਰਾਜ਼ਗੀ ਦਿਖਾਈ ਸੀ।

ਸੂਬੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਪਹਿਲਾਂ ਹੀ ਸੰਦੇਸ਼ਖਲੀ ਦੇ ਰੇੜਕੇ ਕਰ ਕੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਲਈ ਆਪਣੇ ਦਮ ’ਤੇ ਭਾਰਤੀ ਜਨਤਾ ਪਾਰਟੀ ਦੇ ਹਮਲੇ ਦਾ ਸਾਹਮਣਾ ਕਰਨਾ ਔਖਾ ਹੋ ਰਿਹਾ ਹੈ। ਦੇਸ਼ ਦੇ ਕੁਝ ਸੂਬੇ ਅਜਿਹੇ ਹਨ ਜਿੱਥੋਂ ਦੇ ਸਿਆਸੀ ਹਾਲਾਤ ਆਮ ਨਾਲੋਂ ਬਹੁਤ ਜਿ਼ਆਦਾ ਜਟਿਲ ਹਨ ਅਤੇ ਵਿਰੋਧੀ ਧਿਰ ਵਿਚ ਸ਼ਾਮਿਲ ਧਿਰਾਂ ਲਈ ਜ਼ਮੀਨੀ ਪੱਧਰ ’ਤੇ ਚੋਣ ਸਮਝੌਤੇ ਨੂੰ ਸਿਰੇ ਚੜ੍ਹਾਉਣਾ ਕਾਫ਼ੀ ਚੁਣੌਤੀਪੂਰਨ ਕਾਰਜ ਹੈ। ਪੱਛਮੀ ਬੰਗਾਲ ਅਜਿਹਾ ਹੀ ਸੂਬਾ ਹੈ ਜਿੱਥੇ ਕਾਂਗਰਸ ਵਲੋਂ ਜਿ਼ਆਦਾ ਸੀਟਾਂ ਦੀ ਮੰਗ ਕਰਨ ਨਾਲ ਮਾਮਲਾ ਵਿਗੜ ਗਿਆ। ਕੌਮੀ ਪਾਰਟੀਆਂ ਨੂੰ ਸੂਬਾਈ ਪੱਧਰ ’ਤੇ ਸਮਝੌਤੇ ਨੂੰ ਸਰਅੰਜਾਮ ਦੇਣ ਵਿਚ ਕਾਫ਼ੀ ਸੋਚ ਵਿਚਾਰ ਨਾਲ ਚੱਲਣ ਦੀ ਲੋੜ ਪੈਂਦੀ ਹੈ। ਕਾਂਗਰਸ ਨੂੰ ਇਸ ਮਸਲੇ ’ਤੇ ਨਵੀਂ ਰਣਨੀਤੀ ਦੀ ਲੋੜ ਪਵੇਗੀ ਤਾਂ ਕਿ ‘ਇੰਡੀਆ’ ਗੱਠਜੋੜ ਦੀ ਸਾਰਥਕਤਾ ਬਣੀ ਰਹੇ ਅਤੇ ਇਕਜੁੱਟ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਬਰਾਬਰ ਤੁਲ ਸਕੇ। ‘ਇੰਡੀਆ’ ਗੱਠਜੋੜ ਦੀ ਕਾਇਮੀ ਹੀ ਇਸ ਕਰ ਕੇ ਹੋਈ ਸੀ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਨੂੰ ਠੱਲ੍ਹ ਪਾਈ ਜਾ ਸਕੇ।

LEAVE A REPLY

Please enter your comment!
Please enter your name here