ਸੰਦੇਸ਼ਖਲੀ, 25 ਫਰਵਰੀ

ਤ੍ਰਿਣਮੂਲ ਕਾਂਗਰਸ ਦੇ ਵਫਦ ਨੇ ਅੱਜ ਲਗਾਤਾਰ ਦੂਜੇ ਦਿਨ ਪੱਛਮੀ ਬੰਗਾਲ ਦੇ ਪ੍ਰਭਾਵਿਤ ਇਲਾਕੇ ਸੰਦੇਸ਼ਖਲੀ ਦਾ ਦੌਰਾ ਕੀਤਾ ਅਤੇ ਉਨ੍ਹਾਂ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਜੋ ਹਾਕਮ ਧਿਰ ਦੇ ਸਥਾਨਕ ਆਗੂਆਂ ਦੇ ਕਥਿਤ ਜ਼ੁਲਮਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਹਨ। ਇਸੇ ਦੌਰਾਨ ਇੱਕ ਆਜ਼ਾਦ ਤੱਥ ਪੜਤਾਲ ਕਮੇਟੀ ਨੂੰ ਪੁਲੀਸ ਨੇ ਸੰਦੇਸ਼ਖਲੀ ਜਾਣ ਤੋਂ ਰੋਕ ਦਿੱਤਾ। ਵਫਦ ਜਿਸ ਵਿੱਚ ਸੂਬੇ ਦੇ ਮੰਤਰੀ ਪਾਰਥ ਭੌਮਿਕ ਤੇ ਸੁਜੀਤ ਬੋਸ ਸ਼ਾਮਲ ਸਨ, ਨੇ ਬਰਮਾਜੁਰ ਖੇਤਰ ਦਾ ਦੌਰਾ ਕੀਤਾ ਜਿੱਥੇ ਹਾਲ ਹੀ ਵਿੱਚ ਹਿੰਸਕ ਮੁਜ਼ਾਹਰੇ ਹੋਏ ਸਨ। ਉਨ੍ਹਾਂ ਸਥਾਨਕ ਲੋਕਾਂ ਤੋਂ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਡੇਢ ਮਹੀਨੇ ਦਾ ਸਮਾਂ ਮੰਗਿਆ। ਸੂਬੇ ਦੇ ਮੰਤਰੀਆਂ ਨੇ ਸੰਦੇਸ਼ਖਲੀ ’ਚ ਪਿੰਡ ਵਾਸੀਆਂ ਨੂੰ ਆਪਣੀਆਂ ਮੰਗਾਂ ਲੈ ਕੇ ਆਉਣ ਦੀ ਵੀ ਅਪੀਲ ਕੀਤੀ। ਭੌਮਿਕ ਕੇ ਬੋਸ ਨੇ ਰਾਧਾ ਕ੍ਰਿਸ਼ਨ ਮੰਦਰ ’ਚ ਇੱਕ ਕੀਰਤਨ ’ਚ ਭਾਗ ਲਿਆ ਅਤੇ ਉੱਥੇ ਇੱਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਸੂਬੇ ਦੇ ਸਿੰਜਾਈ ਮੰਤਰੀ ਭੌਮਿਕ ਨੇ ਕਿਹਾ, ‘ਸਾਨੂੰ ਡੇਢ ਮਹੀਨਾ ਦਿਓ। ਅਸੀਂ ਵਾਅਦਾ ਕੀਤਾ ਹੈ ਕਿ ਜ਼ਮੀਨ ਹੜੱਪਣ ਦੀਆਂ ਜਿੰਨੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਹਨ, ਉਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ। ਅਸੀਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕ ਵਾਰ ’ਚ ਨਹੀਂ ਕਰ ਸਕਦੇ। ਮਸਲਿਆਂ ਦੇ ਹੱਲ ਲਈ ਅਧਿਕਾਰਤ ਪ੍ਰਕਿਰਿਆਵਾਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਸਮੇਂ ਦੀ ਲੋੜ ਹੁੰਦੀ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਕਿਸੇ ਨੂੰ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਲਈ ਪ੍ਰੇਰਿਤ ਕਰਨ ਵਾਸਤੇ ਲਗਾਤਾਰ ਦੂਜੇ ਦਿਨ ਸੰਦੇਸ਼ਖਲੀ ਆਏ ਹਨ ਤੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਇਲਾਕੇ ਦੇ ਹਰ ਵਿਅਕਤੀ ਦੀਆਂ ਤਕਲੀਫਾਂ ਦੂਰ ਕਰਨ ਲਈ ਵਚਨਬੱਧ ਹਨ। ਇਸੇ ਦੌਰਾਨ ਸੰਦੇਸ਼ਖਲੀ ’ਚ ਘਟਨਾਵਾਂ ਦੀ ਜਾਂਚ ਲਈ ਜਾ ਰਹੀ ਪਟਨਾ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਐੱਨ ਨਰਸਿੰਘ ਰੈੱਡੀ ਦੀ ਅਗਵਾਈ ਹੇਠਲੀ ਇੱਕ ਆਜ਼ਾਦ ਤੱਥ ਪੜਤਾਲ ਕਮੇਟੀ ਦੇ ਛੇ ਮੈਂਬਰਾਂ ਨੂੰ ਪੁਲੀਸ ਨੇ ਉੱਥੇ ਜਾਣ ਤੋਂ ਰੋਕ ਦਿੱਤਾ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸੰਦੇਸ਼ਖਲੀ ਦੇ ਕੁਝ ਹਿੱਸਿਆਂ ’ਚ ਧਾਰਾ 144 ਲਾਗੂ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਕਾਫਲੇ ਨੂੰ ਬੰਸਤੀ ਰਾਜਮਾਰਗ ’ਤੇ ਭੋਜੇਰਹਾਟ ਖੇਤਰ ’ਚ ਰੋਕ ਦਿੱਤਾ।

ਭੰਨ-ਤੋੜ ਦੇ ਦੋਸ਼ ਹੇਠ ਆਈਐੱਸਐੱਫ ਦੀ ਆਗੂ ਗ੍ਰਿਫ਼ਤਾਰ

ਪੱਛਮੀ ਬੰਗਾਲ ਪੁਲੀਸ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਲੀ ਇਲਾਕੇ ’ਚ ਟੀਐੱਮਸੀ ਦੇ ਸਥਾਨਕ ਨੇਤਾ ਸ਼ਿਵ ਪ੍ਰਸਾਦ ਹਾਜਰੀ ਦਾ ਪੋਲਟਰੀ ਫਾਰਮ ਸਾੜਨ ਦੀ ਘਟਨਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਇੰਡੀਅਨ ਸੈਕੁਲਰ ਫਰੰਟ (ਆਈਐੱਸਐੱਫ) ਦੀ ਨੇਤਾ ਆਇਸ਼ਾ ਬੀਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਉੱਥੇ ਭੰਨਤੋੜ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਕੁਝ ਪਿੰਡ ਵਾਸੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਹਾਲਾਂਕਿ ਹਿਰਾਸਤ ਵਿਚ ਲਏ ਲੋਕਾਂ ਦੀ ਗਿਣਤੀ ਨਹੀਂ ਦੱਸੀ। -ਪੀਟੀਆਈ

ਫ਼ਰਾਰ ਆਗੂ ਸ਼ਾਹਜਹਾਂ ਸ਼ੇਖ ਨੂੰ ਨਹੀਂ ਬਚਾਅ ਰਹੇ ਹਾਂ: ਅਭਿਸ਼ੇਕ

ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਦੇਸ਼ਖਲੀ ਵਿੱਚ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਜ਼ਮੀਨਾਂ ਹਥਿਆਉਣ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਪਾਰਟੀ ਦੇ ਆਗੂ ਸ਼ਾਹਜਹਾਂ ਸ਼ੇਖ ਨੂੰ ਨਹੀਂ ਬਚਾਅ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੁਝ ਬਾਹਰਲੇ ਲੋਕ ਇਸ ਇਲਾਕੇ ਵਿੱਚ ਅਸ਼ਾਂਤੀ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਟੀਐੱਮਸੀ ਸ਼ਾਹਜਹਾਂ ਸ਼ੇਖ ਨੂੰ ਨਹੀਂ ਬਚਾਅ ਰਹੀ ਹੈ। ਸਾਡੀ ਪਾਰਟੀ ਕਿਸੇ ਵੀ ਅਪਰਾਧੀ ਨੂੰ ਬਰਦਾਸ਼ਤ ਨਹੀਂ ਕਰਦੀ ਹੈ।’’ ਉਹ ਇੱਥੇ ਇਕ ਪ੍ਰੋਗਰਾਮ ’ਚ ਬੋਲ ਰਹੇ ਸਨ। -ਪੀਟੀਆਈ

LEAVE A REPLY

Please enter your comment!
Please enter your name here