ਕੇ ਪੀ ਸਿੰਘ

ਗੁਰਦਾਸਪੁਰ, 8 ਅਪਰੈਲ

ਥਾਣਾ ਸਿਟੀ ਤੋਂ ਮਹਿਜ਼ ਸੌ ਮੀਟਰ ਦੀ ਦੂਰੀ ’ਤੇ ਸਥਿਤ ਇੱਕ ਮੋਬਾਈਲ ਦੀ ਦੁਕਾਨ ’ਚੋਂ ਲੱਖਾਂ ਰੁਪਏ ਦੀ ਚੋਰੀ ਹੋ ਗਈ ਹੈ| ਇਹ ਘਟਨਾ ਸੋਮਵਾਰ ਤੜਕੇ 4:30 ਤੋਂ 5 ਵਜੇ ਦੇ ਕਰੀਬ ਵਾਪਰੀ ਜਿਸ ਕਾਰਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਮੋਬਾਈਲ ਦੀ ਦੁਕਾਨ ਦੇ ਮਾਲਕ ਰੋਹਿਤ ਨੇ ਦੱਸਿਆ ਕਿ ਕਲਾ ਕੇਂਦਰ ਦੇ ਸਾਹਮਣੇ ਰੋਹਿਤ ਟੈਲੀਕਾਮ ਦੇ ਨਾਂ ’ਤੇ ਉਸ ਦੀ ਦੁਕਾਨ ਹੈ। ਐਤਵਾਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ । ਸੋਮਵਾਰ ਸਵੇਰੇ ਜਦੋਂ ਉਹ ਦੁਕਾਨ ‘ਤੇ ਆਇਆ ਅਤੇ ਦੁਕਾਨ ਦਾ ਸ਼ਟਰ ਚੁੱਕਣ ਲੱਗਾ ਤਾਂ ਉਸ ਨੂੰ ਲੱਗਾ ਕਿ ਸ਼ਟਰ ਹਿੱਲ ਗਿਆ ਹੈ। ਜਿਵੇਂ ਹੀ ਉਸ ਨੇ ਸ਼ਟਰ ਚੁੱਕ ਕੇ ਦੇਖਿਆ ਤਾਂ ਅੰਦਰ ਖ਼ਾਲੀ ਮੋਬਾਈਲ ਕੇਸਾਂ ਦੇ ਢੇਰ ਲੱਗੇ ਹੋਏ ਸਨ। ਜਦੋਂ ਉਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਸਵੇਰੇ ਸਾਢੇ ਚਾਰ ਤੋਂ ਪੰਜ ਵਜੇ ਦੇ ਕਰੀਬ ਪੰਜ ਨੌਜਵਾਨ ਦੁਕਾਨ ਦੇ ਬਾਹਰ ਮੂੰਹ ਢੱਕ ਕੇ ਘੁੰਮ ਰਹੇ ਸਨ ਜੋ ਦੁਕਾਨ ਵਿੱਚ ਰੱਖੇ ਸਾਰੇ ਆਈ ਫ਼ੋਨ ਚੋਰੀ ਕਰ ਕੇ ਇੱਕ ਬੈਗ ਵਿੱਚ ਪਾ ਕੇ ਉੱਥੇ ਹੀ ਮੋਬਾਈਲਾਂ ਦੇ ਡੱਬੇ ਛੱਡ ਕੇ ਫ਼ਰਾਰ ਹੋ ਗਏ| ਉਸ ਨੇ ਦੱਸਿਆ ਕਿ ਇਸ ਚੋਰੀ ਕਾਰਨ ਉਸ ਦਾ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਰੋਹਿਤ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪੁਲੀਸ ਨੂੰ ਚੋਰੀ ਦੀ ਸੂਚਨਾ ਦਿੱਤੀ ਗਈ ਸੀ ਪਰ ਪੀਸੀਆਰ ਦੇ ਦੋ ਮੁਲਾਜ਼ਮ ਹੀ ਮੌਕੇ ’ਤੇ ਪੁੱਜੇ ਅਤੇ ਮਾਮੂਲੀ ਪੁੱਛਗਿੱਛ ਕਰ ਕੇ ਚਲੇ ਗਏ। ਕੁਝ ਸਮੇਂ ਬਾਅਦ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਦੇ ਮੁਖੀ ਹਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਸੁਲਝਾ ਲਿਆ ਜਾਵੇਗਾ।

ਦੋ ਮੋਟਰਸਾਈਕਲ ਅਤੇ 22 ਮੋਬਾਈਲ ਬਰਾਮਦ

ਜਲੰਧਰ: ਪੁਲੀਸ ਨੇ ਮੋਬਾਈਲ ਖੋਹਣ ਵਾਲਿਆਂ ਖ਼ਿਲਾਫ਼ ਅਹਿਮ ਕਾਰਵਾਈ ਕਰਦਿਆਂ 22 ਮੋਬਾਈਲ ਫ਼ੋਨਾਂ ਸਮੇਤ ਚਾਰ ਮੋਬਾਈਲ ਖੋਹਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਜਤਿਨ ਉਰਫ਼ ਜੱਟੂ ਅਤੇ ਕਮਲਜੀਤ ਸਿੰਘ ਉਰਫ਼ ਕਮਲ ਮੋਟਰਸਾਈਕਲ ਅਤੇ ਮੋਬਾਈਲ ਚੋਰੀ ਕਰਨ ਦੇ ਆਦੀ ਅਪਰਾਧੀ ਹਨ ਅਤੇ ਇਨ੍ਹਾਂ ਵਿਰੁੱਧ ਕੇਸ ਦਰਜ ਹਨ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਢਿੱਲਵਾਂ ਚੌਕ ਵਿੱਚ ਜਾਲ ਵਿਛਾਇਆ ਜਿੱਥੇ ਦੋਵੇਂ ਚੋਰੀ ਦਾ ਮੋਟਰਸਾਈਕਲ ਵੇਚਣ ਦੀ ਯੋਜਨਾ ਬਣਾ ਰਹੇ ਸਨ, ਜਿਸ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੂੰ ਬਿਨਾਂ ਨੰਬਰ ਦੇ ਹੀਰੋ ਪੈਸ਼ਨ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਇਨ੍ਹਾਂ ਕੋਲੋਂ ਇੱਕ ਹੋਰ ਮੋਟਰਸਾਈਕਲ, 12 ਮੋਬਾਈਲ ਫ਼ੋਨ ਅਤੇ ਦੋ ਸਮਾਰਟ ਘੜੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਡੂੰਘਾਈ ਨਾਲ ਤਫ਼ਤੀਸ਼ ਕਰ ਕੇ ਸਾਗਰ ਉਰਫ ਸੈਮ ਅਤੇ ਨਿਸ਼ਾ ਉਰਫ ਸ਼ਾਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਿਹਾ ਕਿ ਤਫਤੀਸ਼ ਦੌਰਾਨ ਪੁਲੀਸ ਨੇ 10 ਚੋਰੀ ਦੇ ਮੋਬਾਈਲ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਸਾਗਰ ਅਤੇ ਨਿਸ਼ਾ ਖ਼ਿਲਾਫ਼ ਪਹਿਲਾਂ ਹੀ ਇੱਕ-ਇੱਕ ਐਫਆਈਆਰ ਲੰਬਿਤ ਹੈ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। – ਪੱਤਰ ਪ੍ਰੇਰਕ

LEAVE A REPLY

Please enter your comment!
Please enter your name here