ਬਾਤਿੰਦਰ ਮਹਿਤਾ

ਜਲੰਧਰ, 20 ਫਰਵਰੀ

ਭਾਜਪਾ ਸੰਸਦ ਮੈਂਬਰ ਅਤੇ ਜਲੰਧਰ ਦੇ ਨਕੋਦਰ ਸਥਿਤ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ ਗੱਦੀਨਸ਼ੀਨ ਹੰਸ ਰਾਜ ਹੰਸ ਅਤੇ ਵਿਧਾਇਕਾ ਇੰਦਰਜੀਤ ਕੌਰ ਵਿਵਾਦਾਂ ਵਿੱਚ ਘਿਰ ਗਏ ਹਨ। ਡੇਰਾ ਬਾਬਾ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ 20 ਸਾਲ ਪੁਰਾਣੇ ਸੇਵਾਦਾਰ ਕੁੰਦਨ ਸਾਈਂ ਨੇ ਦੋਸ਼ ਲਾਇਆ ਹੈ ਕਿ ਹੰਸਰਾਜ ਨੇ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਕੁੰਦਨ, ਹਰੀ ਮਿੱਤਲ ਅਤੇ ਪੁਰਸ਼ੋਤਮ ਲਾਲ ਬਿੱਟੂ ਦੇ ਨਾਲ ਮੁਹੱਲਾ ਰਿਸ਼ੀ ਨਗਰ ਦੇ ਵਸਨੀਕ ਟਿੰਮੀ ਗਿੱਲ ਅਤੇ ਮੁਹੱਲਾ ਮਿੱਤਲ ਦੇ ਵਸਨੀਕ ਟਿੰਪਲ ਗਿੱਲ ਨੇ ਵੀ ਇਨ੍ਹਾਂ ਦੋਸ਼ਾਂ ਦਾ ਸਮਰਥਨ ਕੀਤਾ ਹੈ। ਇਸ ਸਬੰਧੀ ਸ਼ਿਕਾਇਤ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੂੰ ਦਿੱਤੀ ਗਈ ਹੈ। ਦੂਜੇ ਪਾਸੇ ਹੰਸ ਰਾਜ ਹੰਸ ਤੇ ਵਿਧਾਇਕਾ ਇੰਦਰਜੀਤ ਕੌਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਕੁੰਦਨ ਸਾਈਂ ਨੇ ਕਿਹਾ ਹੈ ਕਿ ਕੁਝ ਜਣਿਆਂ ਵੱਲੋਂ ਦਰਗਾਹ ਵਿੱਚ ਵੱਖ-ਵੱਖ ਤਰੀਕਿਆਂ ਨਾਲ ਧੋਖਾਧੜੀ ਕੀਤੀ ਗਈ। 21 ਮਈ 2022 ਨੂੰ ਰਾਜਸਥਾਨ ਦੀ ਇਕ ਫਰਮ ਤੋਂ ਮਾਰਬਲ ਖਰੀਦਿਆ ਗਿਆ ਤੇ ਉਸ ਦਾ ਬਿੱਲ 14.18 ਲੱਖ ਰੁਪਏ ਦਾ ਬਣਿਆ ਜੋ ਮਗਰੋਂ 23.13 ਲੱਖ ਰੁਪਏ ਹੋ ਗਿਆ। ਇਸ ਨਾਲ ਕਰੀਬ 9 ਲੱਖ ਰੁਪਏ ਦੀ ਸਿੱਧੀ ਧੋਖਾਧੜੀ ਹੋਈ ਹੈ। ਇਹ ਬਿੱਲ ਕਮੇਟੀ ਦੇ ਰਿਕਾਰਡ ਵਿੱਚ ਵੀ ਦਰਜ ਹੈ। ਕੁੰਦਨ ਨੇ ਦੋਸ਼ ਲਾਇਆ ਹੈ ਕਿ ਇਸੇ ਤਰ੍ਹਾਂ ਡੇਰੇ ਦੇ ਨਾਂ ’ਤੇ ਸੋਨਾ ਵੀ ਖਰੀਦਿਆ ਗਿਆ ਪਰ ਅੱਜ ਤੱਕ ਡੇਰੇ ਵਿੱਚ ਨਾ ਕਦੇ ਸੋਨਾ ਚੜ੍ਹਾਇਆ ਗਿਆ ਤੇ ਨਾ ਹੀ ਕਿਤੇ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਧੋਖਾਧੜੀ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਦੀ ਸਰਪ੍ਰਸਤੀ ਹੇਠ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਮੇਟੀ ਦੀਆਂ ਚੋਣਾਂ ਹੋਈਆਂ ਸਨ ਜਿਸ ਵਿੱਚ ਹਲਕਾ ਵਿਧਾਇਕ ਨੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਸੀ।

ਹੰਸ ਰਾਜ ਹੰਸ ਤੇ ਵਿਧਾਇਕਾ ਇੰਦਰਜੀਤ ਕੌਰ ਨੇ ਦੋਸ਼ ਨਕਾਰੇ

ਹੰਸਰਾਜ ਹੰਸ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਧਾਂਦਲੀ ਨਹੀਂ ਕੀਤੀ ਤੇ ਨਾ ਹੀ ਪੈਸੇ ਦੀ ਦੁਰਵਰਤੋਂ ਕੀਤੀ ਹੈ। ਜੇਕਰ ਕਿਸੇ ਨੂੰ ਸ਼ੱਕ ਹੈ ਤਾਂ ਉਹ ਉਨ੍ਹਾਂ ਨੂੰ ਮਿਲ ਸਕਦਾ ਹੈ। ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਦਰਗਾਹ ਤੋਂ ਇੱਕ ਪੈਸਾ ਵੀ ਨਹੀਂ ਲਿਆ, ਸੋਨਾ ਤਾਂ ਦੂਰ ਦੀ ਗੱਲ ਹੈ।

LEAVE A REPLY

Please enter your comment!
Please enter your name here