ਪ੍ਰਭੂ ਦਿਆਲ

ਸਿਰਸਾ, 11 ਫਰਵਰੀ

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਦਿੱਤੇ ਸੱਦੇ ਮਗਰੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਜਿਥੇ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਨੂੰ ਸੀਲ ਕੀਤਾ ਗਿਆ ਹੈ ਉਥੇ ਹੀ ਕੌਮੀ ਮਾਰਗਾਂ ’ਤੇ ਕਈ ਗੇੜ ਦੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਘੱਗਰ ਦਰਿਆ ਦੇ ਪੁਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਘੱਗਰ ਦੇ ਪੁਲ ਨੂੰ ਬੰਦ ਕੀਤੇ ਜਾਣ ਕਾਰਨ ਕਈ ਦਰਜਨ ਪਿੰਡਾਂ ਦਾ ਸਿਰਸਾ ਸ਼ਹਿਰ ਨਾਲੋਂ ਸੰਪਰਕ ਟੁੱਟ ਗਿਆ ਹੈ। ਪੰਜਾਬ ਨੂੰ ਜਾਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮੀ ਮਾਰਗ ’ਤੇ ਚੱਲਣ ਵਾਲੇ ਵਾਹਨਾਂ ਦਾ ਰੂਟ ਬਦਲ ਕੇ ਪਿੰਡਾਂ ਦੀਆਂ ਸੜਕਾਂ ਰਾਹੀਂ ਕੀਤਾ ਗਿਆ ਹੈ ਜਿਸ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ। ਪੁਲੀਸ ਪ੍ਰਸ਼ਾਸਨ ਨੇ ਵੱਡੇ ਵਾਹਨਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਵੱਡੇ ਵਾਹਨ ਸੜਕਾਂ ਕੰਢੇ ਢਾਬਿਆਂ ’ਤੇ ਰੋਕ ਦਿੱਤੇ ਜਾਣ। ਉਧਰ, ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੰਜ ਕੰਪਨੀਆਂ ਅਰਧ ਸੈਨਿਕ ਬਲਾਂ ਦੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲੀਸ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਕਿਹਾ ਗਿਆ ਹੈ ਕਿ ਕਾਨੂੰਨ ਵਿਵਸਥਾ ਤੋੜਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੇ ਪਾਸਪੋਰਟ ਤੋਂ ਇਲਾਵਾ ਅਸਲਾ ਲਾਈਸੈਂਸ ਤੇ ਵਾਹਨਾਂ ਦਾ ਰਜਿਸਟਰੇਸ਼ਨ ਤੱਕ ਰੱਦ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ’ਚ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਨਵੀਂ ਦਿੱਲੀ: ਕਿਸਾਨਾਂ ਨੇ 13 ਫਰਵਰੀ ਨੂੰ ‘ਦਿੱਲੀ ਚੱਲੋ ਮਾਰਚ’ ਦੇ ਮੱਦੇਨਜ਼ਰ ਅੱਜ ਕੌਮੀ ਰਾਜਧਾਨੀ ਦੇ ਉੱਤਰ ਪੂਰਬੀ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਤਹਿਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੈ। ਲਗਪਗ 200 ਕਿਸਾਨ ਜਥੇਬੰਦੀਆਂ ਵੱਲੋਂ ‘ਦਿੱਲੀ ਚੱਲੋ ਮਾਰਚ’ ਤਹਿਤ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਮੰਗਲਵਾਰ ਨੂੰ ਕੌਮੀ ਰਾਜਧਾਨੀ ਵੱਲ ਕੂਚ ਕਰਨ ਦੀ ਸੰਭਾਵਨਾ ਹੈ। -ਪੀਟੀਆਈ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਦੇ ਦਿੱਲੀ ਕੂਚ ਦੇ ਐਲਾਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਦੇ ਜ਼ਿਲ੍ਹਾ ਜੀਂਦ ਦੀ ਪੁਲੀਸ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਸੀਲ ਕਰ ਦਿੱਤੀ ਹੈ। ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੇ ਪੱਧਰ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਾਰਡਰ ਉੱਤੇ ਦੋਵੇਂ ਪਾਸੇ ਹਰੇ ਪਰਦੇ ਲਗਾ ਕੇ ਪ੍ਰਸ਼ਾਸਨ ਨੇ ਕਿਸਾਨਾਂ ਅੱਗੇ ਰੋਕਾਂ ਲਗਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੀਡੀਆ ਕਰਮੀਆਂ ਨੂੰ ਵੀ ਨੇੜੇ ਫਰਕਣ ਨਹੀਂ ਦਿੱਤਾ ਜਾ ਰਿਹਾ।

LEAVE A REPLY

Please enter your comment!
Please enter your name here