ਗੁਰਿੰਦਰ ਸਿੰਘ

ਲੁਧਿਆਣਾ, 8 ਮਾਰਚ

ਸੰਯੁਕਤ ਕਿਸਾਨ ਮੋਰਚਾ ਵੱਲੋਂ ਨਵੀਂ ਦਿੱਲੀ ਵਿੱਚ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਹਜ਼ਾਰਾਂ ਵਰਕਰ ਪੰਜਾਬ ਭਰ ’ਚੋਂ ਸ਼ਮੂਲੀਅਤ ਕਰਨਗੇ। ਇਹ ਫ਼ੈਸਲਾ ਅੱਜ ਇੱਥੇ ਜਥੇਬੰਦੀ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ, ਜਿਸਦੀ ਪ੍ਰਧਾਨਗੀ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕੀਤੀ। ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਦੀਆਂ ਨੇ ਦੱਸਿਆ ਕਿ ਕਿਸਾਨ ਮਹਾਪੰਚਾਇਤ ਦਿੱਲੀ ਲਈ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 13 ਮਾਰਚ 2024 ਨੂੰ ਰੇਲ ਗੱਡੀ ਰਾਹੀਂ ਵਰਕਰ ਦਿੱਲੀ ਪੁੱਜਣਗੇ ਤਾਂ ਜੋ 14 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਹੋ ਰਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਪੰਜਾਬ ’ਚ ਵੱਡੀ ਗਿਣਤੀ ਪਸ਼ੂਆਂ ਨੂੰ ਗਲ-ਘੋਟੂ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਪਿੰਡਾਂ ਵਿੱਚ ਭਾਰੀ ਗਿਣਤੀ ’ਚ ਦੁਧਾਰੂ ਪਸ਼ੂ ਬਿਮਾਰ ਹਨ ਅਤੇ ਸੈਂਕੜੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਪਿੰਡਾਂ ’ਚ ਕੋਈ ਵੀ ਵੈਟਰਨਰੀ ਡਾਕਟਰ ਨਹੀਂ ਜਾ ਰਿਹਾ ਹੈ, ਜਿਸ ਕਾਰਨ ਇਹ ਬਿਮਾਰੀ ਭਿਆਨਕ ਰੂਪ ਲੈ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਸਰਕਾਰੀ ਵੈਟਰਨਰੀ ਹਸਪਤਾਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਪਿੰਡਾਂ ਵਿੱਚ ਵੈਟਨਰੀ ਡਾਕਟਰ ਅਤੇ ਦਵਾਈਆਂ ਭੇਜੀਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਦੀ ਸ਼ਨਾਖਤ ਕਰ ਕੇ ਸਪੈਸ਼ਲ ਗਿਰਦਵਾਰੀ ਕਰਵਾਈ ਜਾਵੇ ਅਤੇ ਮਰੇ ਪਸ਼ੂਆਂ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਦੁੱਧ ਉਤਪਾਦਕਾਂ ਦੇ ਖਾਤਿਆਂ ਵਿੱਚ ਭੇਜਿਆ ਜਾਵੇ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸਰਕਾਰ ਨੂੰ ਗਿਰਦਵਾਰੀ ਕਰਵਾ ਕੇ ਉਨ੍ਹਾਂ ਦਾ ਮੁਆਵਜ਼ਾ ਪਹਿਲ ਦੇ ਆਧਾਰ ’ਤੇ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here