ਪੱਤਰ ਪ੍ਰੇਰਕ/ਪੀਟੀਆਈ

ਨਵੀਂ ਦਿੱਲੀ, 15 ਫਰਵਰੀ

ਦਿੱਲੀ ਸਰਕਾਰ ਦਾ ਬਜਟ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਪੀਕਰ ਰਾਮ ਨਿਵਾਸ ਵੱਲੋਂ ਉਪ ਰਾਜਪਾਲ ਵੀਕੇ ਸਕਸੈਨਾ ਦਾ ਸਵਾਗਤ ਕੀਤਾ ਗਿਆ। ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਵਿੱਚ ਭਾਸ਼ਣ ਦਿੰਦਿਆਂ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਸੰਖੇਪ ਚਾਨਣਾ ਪਾਇਆ। ਸ੍ਰੀ ਸਕਸੈਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਨੂੰ ਇੱਕ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਔਸਤ ਦੇ ਮੁਕਾਬਲੇ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਲਗਭਗ 2.6 ਗੁਣਾ ਵੱਧ ਹੋਣ ਦੇ ਨਾਲ ਦਿੱਲੀ ਵਿੱਚ ਮਜ਼ਬੂਤ ਆਰਥਿਕ ਸੁਧਾਰ ਹੋਇਆ। ਕੌਮੀ ਪੱਧਰ ’ਤੇ ਜੀਡੀਪੀ ਵਿੱਚ 7.2 ਪ੍ਰਤੀਸ਼ਤ ਦੇ ਵਾਧੇ ਦੇ ਮੁਕਾਬਲੇ 2022-23 ਵਿੱਚ ਦਿੱਲੀ ਦੀ ਆਰਥਿਕਤਾ ਵਿੱਚ ਅਸਲ ਜੀਐੱਸਡੀਪੀ 9.18 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਜਦੋਂ ਸਕਸੈਨਾ ਸਦਨ ​​ਨੂੰ ਸੰਬੋਧਨ ਕਰ ਰਹੇ ਸਨ ਤਾਂ ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਕੇਜਰੀਵਾਲ ਸਰਕਾਰ ’ਤੇ ਸਵਾਲ ਚੁੱਕਣ ਲਈ ਖੜ੍ਹੇ ਹੋ ਗਏ ਪਰ ਸਕਸੈਨਾ ਨੇ ਆਪਣਾ ਸੰਬੋਧਨ ਜਾਰੀ ਰੱਖਿਆ। ਇਸ ਦੌਰਾਨ ਅਜੈ ਮਹਾਵਰ ਦੀ ਅਗਵਾਈ ਹੇਠ ਭਾਜਪਾ ਵਿਧਾਇਕ ਆਪਣੀ ਅਸਹਿਮਤੀ ਦਰਜ ਕਰਵਾਉਣ ਲਈ ਮੁੜ ਖੜ੍ਹੇ ਹੋ ਗਏ। ਗੋਇਲ ਨੇ ਉਸ ਨੂੰ ਕਿਹਾ, “ਇਸ ਤਰ੍ਹਾਂ ਵਿਘਨ ਪਾ ਕੇ ਤੁਸੀਂ ਉਪ ਰਾਜਪਾਲ ਦਾ ਅਪਮਾਨ ਕਰ ਰਹੇ ਹੋ।’’

ਵਿੱਤੀ ਸਾਲ 2023-24 ਲਈ ਰੱਖੇ ਗਏ 78,800 ਕਰੋੜ ਰੁਪਏ ਦੇ ਬਜਟ ਵਿੱਚੋਂ ਵੱਖ-ਵੱਖ ਵਿਕਾਸ ਯੋਜਨਾਵਾਂ, ਪ੍ਰੋਗਰਾਮਾਂ ਅਤੇ ਪੂੰਜੀ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਲਗਭਗ 43,700 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਮਾਰਚ ਦੇ ਪਹਿਲੇ ਹਫ਼ਤੇ ਤੱਕ ਵਧਾ ਦਿੱਤਾ ਗਿਆ ਹੈ। ਵਿੱਤ ਮੰਤਰੀ ਆਤਿਸ਼ੀ ਨੇ ਇਸ ਨੂੰ ਅੰਤਿਮ ਰੂਪ ਦੇਣ ਵਿੱਚ ਦੇਰੀ ਦਾ ਹਵਾਲਾ ਦਿੰਦਿਆਂ ਗ੍ਰਹਿ ਮੰਤਰਾਲੇ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਹੈ। ਭਾਜਪਾ ਵਿਧਾਇਕਾਂ ਨੇ ਦੇਰੀ ’ਤੇ ਸਵਾਲ ਚੁੱਕੇ ਜਿਸ ਦੇ ਜਵਾਬ ਵਿੱਚ ਆਤਿਸ਼ੀ ਨੇ ਕਿਹਾ, ‘‘ਇਹ ਸਾਡੇ ਵੱਲੋਂ ਦੇਰੀ ਹੈ। ਅਸੀਂ ਕਿਸੇ ’ਤੇ ਦੋਸ਼ ਨਹੀਂ ਲਗਾ ਰਹੇ।’’ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋ ਕੇ 21 ਫਰਵਰੀ ਨੂੰ ਖਤਮ ਹੋਣਾ ਸੀ।

LEAVE A REPLY

Please enter your comment!
Please enter your name here