ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 27 ਅਪਰੈਲ

ਪਿੰਡ ਸੁਨਾਰੀਆਂ ਤੇ ਧਨਾਨੀ ਵਿੱਚ ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਬਿਜਲੀ ਦੀਆਂ ਤਾਰਾਂ ਦੇ ਆਪਸ ਵਿਚ ਟਕਰਾਉਣ ਕਰ ਕੇ ਨਿਕਲੀ ਚੰਗਿਆੜੀ ਨਾਲ ਕਿਸਾਨਾਂ ਦੀ ਪੱਕ ਕੇ ਤਿਆਰ ਖੜ੍ਹੀ ਦੋ ਏਕੜ ਕਣਕ ਦੀ ਫਸਲ ਤੇ 10 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਿੰਡ ਧਨਾਨੀ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਟਰੈਕਟਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਬਾਅਦ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਆ ਕੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਬੀਤੀ ਰਾਤ ਨੂੰ ਕਰੀਬ 9 ਵਜੇ ਚੱਲੀਆਂ ਤੇਜ਼ ਹਵਾਵਾਂ ਕਾਰਨ ਬਿਜਲੀ ਦੀਆਂ ਤਾਰਾਂ ਆਪਸ ਵਿਚ ਟਕਰਾ ਗਈਆਂ ਤੇ ਉਨ੍ਹਾਂ ’ਚੋਂ ਨਿਕਲੀ ਚੰਗਿਆੜੀ ਕਾਰਨ ਸਤਪਾਲ ਵਾਸੀ ਸੁਨਾਰੀਆਂ ਦੇ ਖੇਤ ਵਿਚ ਨਾੜ ਨੂੰ ਅੱਗ ਲੱਗ ਗਈ। ਇਸ ਦੇ ਨਾਲ ਹੀ ਅੱਗ ਖੇਤ ਵਿਚ ਵੀ ਫੈਲ ਗਈ ਤੇ ਧਨਾਨੀ ਵਾਸੀ ਸਲਿੰਦਰ ਦੀ ਲਗਭਗ ਦੋ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਨੇ ਗੁਰਦੇਵ ਤੇ ਪ੍ਰੇਮ ਧਨਾਨੀ ਦੇ ਖੇਤਾਂ ਵਿਚ ਵੀ ਖੜ੍ਹੇ 2-2 ਏਕੜ ਨਾੜ ਨੂੰ ਸਾੜ ਦਿੱਤਾ। ਅੱਗ ਦੀ ਸੂਚਨਾ ਮਿਲਦੇ ਹੀ ਪਿੰਡਾਂ ਦੇ ਲੋਕ ਮੌਕੇ ’ਤੇ ਆਏ ਤੇ ਅੱਗ ਬੁਝਾਉਣ ਦਾ ਯਤਨ ਕਰਨ ਲੱਗੇ। ਕਿਸਾਨਾਂ ਨੇ ਟਰੈਕਟਰਾਂ ਨਾਲ ਕਣਕ ਦੇ ਖੇਤ ਵਾਹ ਦਿੱਤੇ ਤਾਂ ਜੋ ਅੱਗ ਨਾ ਫੈਲ ਸਕੇ। ਫਾਇਰ ਬ੍ਰਿਗੇਡ ਦੀ ਟੀਮ ਵੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ, ਜਿਸ ਨੇ ਅੱਗ ’ਤੇ ਕਾਬੂ ਪਾਇਆ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਵਿਸ਼ੇਸ਼ ਗਿਰਦਾਵਰੀ ਕਰਾ ਕੇ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਹੋ ਸਕੇ।

 

LEAVE A REPLY

Please enter your comment!
Please enter your name here