ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 2 ਮਈ

ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਸਫਾਈ ਕਰਮੀ ਰੱਖਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਅੱਜ ਯੂਟੀ ਸਿੱਖਿਆ ਵਿਭਾਗ ਨੇ ਦਸ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਕ ਸਰਕਾਰੀ ਸਕੂਲ ਦੇ ਡੈਪੂਟੇਸ਼ਨ ’ਤੇ ਤਾਇਨਾਤ ਸਕੂਲ ਮੁਖੀ ਨੂੰ ਪਿਤਰੀ ਰਾਜ ਭੇਜ ਦਿੱਤਾ ਗਿਆ ਹੈ। ਇਹ ਕਾਰਵਾਈ ਉਕਤ ਸਕੂਲ ਮੁਖੀਆਂ ਵੱਲੋਂ ਲਾਪ੍ਰਵਾਹੀ ਤੇ ਨਿਯੁਕਤੀਆਂ ਵੇਲੇ ਅਣਗਹਿਲੀ ਵਰਤੇ ਜਾਣ ਦੇ ਇਵਜ਼ ਵਿੱਚ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਆਏ ਇਕ ਠੇਕੇਦਾਰ ਨੇ ਕਈ ਸਰਕਾਰੀ ਸਕੂਲਾਂ ਵਿੱੱਚ ਸਫਾਈ ਮੁਹਿੰਮ ਸ਼ੁਰੂ ਕਰਵਾਈ। ਇਸ ਠੇਕੇਦਾਰ ਨੇ ਕਈ ਸਫਾਈ ਕਰਮੀਆਂ ਨੂੰ ਆਪਣੇ ਪੱਧਰ ’ਤੇ ਸਕੂਲਾਂ ਵਿਚ ਸਫਾਈ ਮੁਹਿੰਮ ’ਤੇ ਲਾ ਦਿੱਤਾ ਤੇ ਇਸ ਸਬੰਧੀ ਉਕਤ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵੀ ਲਾਪ੍ਰਵਾਹੀ ਵਰਤੀ ਤੇ ਕੋਈ ਪੜਤਾਲ ਨਾ ਕੀਤੀ ਅਤੇ ਨਾ ਹੀ ਸਕੂਲਾਂ ਵਿਚ ਤਾਇਨਾਤ ਕਰਨ ਵੇਲੇ ਸਕੱਤਰੇਤ ਤੋਂ ਇਸ ਦੀ ਪੁਸ਼ਟੀ ਕੀਤੀ। ਇਸ ਠੇਕੇਦਾਰ ਨੇ ਹਰੇਕ ਸਫਾਈ ਕਰਮੀ ਤੋਂ 50,000 ਤੋਂ 70,000 ਰੁਪਏ ਲਏ ਤੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਤਨਖਾਹ ਸਿੱਖਿਆ ਵਿਭਾਗ ਦੇਵੇਗਾ। ਇਸ ਠੇਕੇਦਾਰ ਨੇ ਪਹਿਲਾਂ ਸਕੂਲਾਂ ਵਿੱਚ ਮੁਫਤ ’ਚ ਸਫਾਈ ਮੁਹਿੰਮ ਸ਼ੁਰੂ ਕਰਵਾਈ ਅਤੇ ਸਕੂਲ ਮੁਖੀ ਇਸ ਦੇ ਝਾਂਸੇ ਵਿੱਚ ਆ ਗਏ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਨ੍ਹਾਂ ਸਫਾਈ ਕਰਮੀਆਂ ਨੂੰ ਤਨਖਾਹ ਨਾ ਮਿਲੀ ਅਤੇ ਉਨ੍ਹਾਂ ਨੇ ਠੇਕੇਦਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਸਾਰੰਗਪੁਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਇਸ ਠੱਗੀ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੇ ਮੰਗ ਕੀਤੀ ਕਿ ਉਸ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਨੌਕਰੀ ਲੈਣ ਲਈ ਦਿੱਤੀ ਹੈ ਅਤੇ ਉਸ ਦੀ 70,000 ਰੁਪਏ ਦੀ ਰਕਮ ਵਾਪਸ ਦਿਵਾਈ ਜਾਵੇ।

ਜਲਦੀ ਕੀਤਾ ਜਾਵੇਗਾ ਚਾਰਜਸ਼ੀਟ: ਡਾਇਰੈਕਟਰ: ਡਾਇਰੈਕਟਰ

ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਚਾਰਜਸ਼ੀਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਨੌਕਰੀਆਂ ਦੇ ਨਾਂ ’ਤੇ ਠੱਗੀ ਮਾਰਨ ਦਾ ਪਤਾ ਲੱਗਣ ’ਤੇ ਉਨ੍ਹਾਂ ਨੇ ਡਿਪਟੀ ਡਾਇਰੈਕਟਰਾਂ ਅਤੇ ਡੀਈਓ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਹੈ ਜੋ ਕਿ ਇਹ ਪਤਾ ਲਾਵੇਗੀ ਕਿ ਇਸ ਠੱਗੀ ਦੇ ਮਾਮਲੇ ਦੀ ਸਕੂਲ ਮੁਖੀਆਂ ਨੇ ਪੜਤਾਲ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦਸ ਸਕੂਲ ਮੁਖੀਆਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਇਕ ਸਕੂਲ ਮੁਖੀ ਨੂੰ ਪੰਜਾਬ ਭੇਜ ਦਿੱਤਾ ਗਿਆ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ ਤਾਂ ਜੋ ਇਸ ਸਕੂਲ ਮੁਖੀ ਖ਼ਿਲਾਫ਼ ਉਸ ਸੂਬੇ ਵਿੱਚ ਕਾਰਵਾਈ ਮੁਕੰਮਲ ਕੀਤੀ ਜਾ ਸਕੇ।

 

LEAVE A REPLY

Please enter your comment!
Please enter your name here