ਨਵੀਂ ਦਿੱਲੀ, 30 ਅਪਰੈਲ

ਮਨੀਪੁਰ ਵਿਚ ਨਸਲੀ ਹਿੰਸਾ ਦੌਰਾਨ ਕੁਕੀ ਭਾਈਚਾਰੇ ਦੀਆਂ ਦੋ ਮਹਿਲਾਵਾਂ ਦੀ ਨਗਨ ਪਰੇਡ ਤੇ ਮਗਰੋਂ ਉਨ੍ਹਾਂ ਨਾਲ ਸਮੂਹਿਕ ਜਬਰ-ਜਨਾਹ ਕੀਤੇ ਜਾਣ ਦੇ ਮਾਮਲੇ ਵਿਚ ਦਾਇਰ ਚਾਰਜਸ਼ੀਟ ਵਿਚ ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਮਨੀਪੁਰ ਪੁਲੀਸ ਖ਼ੁਦ ਇਨ੍ਹਾਂ ਦੋਵਾਂ ਮਹਿਲਾਵਾਂ ਨੂੰ ਆਪਣੀ ਸਰਕਾਰੀ ਜਿਪਸੀ ਵਿਚ ਬਿਠਾ ਕੇ ਲਿਆਈ ਸੀ। ਚਾਰਜਸ਼ੀਟ ਮੁਤਾਬਕ ਇਨ੍ਹਾਂ ਮਹਿਲਾਵਾਂ ਨੇ ਪੁਲੀਸ ਕੋਲੋਂ ਸ਼ਰਨ(ਸੁਰੱਖਿਆ) ਮੰਗੀ ਸੀ, ਪਰ ਪੁਲੀਸ ਅਮਲੇ ਨੇ ਕਾਂਗਪੋਕਪੀ ਜ਼ਿਲ੍ਹੇ ਵਿਚ ਉਨ੍ਹਾਂ ਨੂੰ 1000 ਦੇ ਕਰੀਬ ਮੈਤੇਈ ਦੰਗਾਕਾਰੀਆਂ ਦੇ ਹਜੂਮ ਹਵਾਲੇ ਕਰ ਦਿੱਤਾ। ਚਾਰਜਸ਼ੀਟ ਵਿਚ ਕਿਹਾ ਗਿਆ ਕਿ ਹਜੂਮ ਨੇ ਇਸੇ ਪਰਿਵਾਰ ਦੀ ਤੀਜੀ ਮਹਿਲਾ ’ਤੇ ਵੀ ਹਮਲਾ ਕੀਤਾ ਤੇ ਉਸ ਦੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ। ਹਜੂਮ ਵਿਚ ਸ਼ਾਮਲ ਦੰਗਾਕਾਰੀ ਹਾਲਾਂਕਿ ਅਜਿਹਾ ਨਹੀਂ ਕਰ ਸਕੇ ਕਿਉਂਕਿ ਇਸ ਮਹਿਲਾ ਨੇ ਆਪਣੀ ਪੋਤਰੀ ਨੂੰ ਕੱਸ ਕੇ ਫੜਿਆ ਹੋਇਆ ਸੀ। ਦੰਗਾਕਾਰੀ ਪਹਿਲੀਆਂ ਦੋ ਮਹਿਲਾਵਾਂ ਵੱਲ ਹੋਏ ਤਾਂ ਉਹ ਉਥੋਂ ਭੱਜਣ ਵਿਚ ਸਫ਼ਲ ਹੋ ਗਈ। ਚਾਰਜਸ਼ੀਟ ਮੁਤਾਬਕ ਇਨ੍ਹਾਂ ਤਿੰਨਾਂ ਮਹਿਲਾਵਾਂ ਨੇ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਤੋਂ ਮਦਦ ਵੀ ਮੰਗੀ, ਪਰ ਕਿਸੇ ਨੇ ਹੱਥ ਪੱਲਾ ਨਹੀਂ ਫੜਾਇਆ। ਚਾਰਜਸ਼ੀਟ ਮੁਤਾਬਕ ਪੀੜਤ ਮਹਿਲਾਵਾਂ, ਜਿਨ੍ਹਾਂ ਵਿਚੋਂ ਇਕ ਕਾਰਗਿਲ ਜੰਗ ਲੜਨ ਵਾਲੇ ਸਾਬਕਾ ਫੌਜੀ ਦੀ ਪਤਨੀ ਸੀ, ਨੇ ਪੁਲੀਸ ਮੁਲਾਜ਼ਮਾਂ ਦੇ ਤਰਲੇ ਮਿੰਨਤਾਂ ਕੀਤੀਆਂ ਕਿ ਉਹ ਉਨ੍ਹਾਂ ਨੂੰ ਸੁਰੱਖਿਅਤ ਥਾਂ ’ਤੇ ਲੈ ਜਾਣ, ਪਰ ਉਨ੍ਹਾਂ ਕਥਿਤ ਜਵਾਬ ਦਿੱਤਾ ਕਿ ‘ਉਨ੍ਹਾਂ ਕੋਲ ਵਾਹਨ ਦੀ ਚਾਬੀ ਨਹੀਂ’ ਤੇ ਉਨ੍ਹਾਂ ਕੋਈ ਮਦਦ ਨਹੀਂ ਕੀਤੀ। ਕੁੱਕੀ ਭਾਈਚਾਰੇ ਦੀਆਂ ਦੋ ਮਹਿਲਾਵਾਂ ਨੂੰ ਨਗਨ ਘੁਮਾਉਣ ਦੀ ਘਟਨਾ ਪਿਛਲੇ ਸਾਲ 4 ਮਈ ਦੀ ਸੀ, ਪਰ ਘਟਨਾ ਨਾਲ ਸਬੰਧਤ ਵੀਡੀਓ ਜੁਲਾਈ ਵਿਚ ਵਾਇਰਲ ਹੋਈ। ਸੀਬੀਆਈ ਨੇ ਪਿਛਲੇ ਸਾਲ 16 ਅਕਤੂੂਬਰ ਨੂੰ ਗੁਹਾਟੀ ਵਿਚ ਸੀਬੀਆਈ ਕੋਰਟ ਦੇ ਵਿਸ਼ੇਸ਼ ਜੱਜ ਕੋਲ ਛੇ ਮੁਲਜ਼ਮਾਂ ਖਿਲਾਫ਼ ਐੱਫਆਈਆਰ ਤੇ ਇਕ ਬਾਲ ਅਪਰਾਧੀ ਖਿਲਾਫ਼ ਰਿਪੋਰਟ ਦਾਖ਼ਲ ਕੀਤੀ ਸੀ। -ਪੀਟੀਆਈ

ਮਹਿਲਾ ਪ੍ਰਦਰਸ਼ਨਕਾਰੀਆਂ ਨੇ ਫੌਜ ਨੂੰ ਹਥਿਆਰ ਤੇ ਗੋਲੀਸਿੱਕਾ ਲਿਜਾਣ ਤੋਂ ਰੋਕਿਆ

ਇੰਫਾਲ: ਮਹਿਲਾ ਪ੍ਰਦਰਸ਼ਨਕਾਰੀਆਂ ਨੇ ਫੌਜ ਨੂੰ ਅੱਜ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਤੋਂ ਜ਼ਬਤ ਕੀਤੇ ਹਥਿਆਰ ਤੇ ਗੋਲੀਸਿੱਕਾ ਲਿਜਾਣ ਤੋਂ ਰੋਕਿਆ। ਅਧਿਕਾਰੀਆਂ ਨੇ ਕਿਹਾ ਕਿ ਫੌਜ ਦੀ 2 ਮਹਾਰ ਰੈਜੀਮੈਂਟ ਦੇ ਜਵਾਨਾਂ ਨੇ ਅੱਜ ਤੜਕੇ ਗਸ਼ਤ ਦੌਰਾਨ ਕੁੰਬੀ ਇਲਾਕੇ ਵਿਚ ਦੋ ਐੈੱਸਯੂਵੀ’ਜ਼ ਨੂੰ ਰੋਕਿਆ ਤਾਂ ਉਸ ਵਿਚ ਸਵਾਰ ਲੋਕ ਵਾਹਨ ਵਿਚ ਹੀ ਹਥਿਆਰ ਛੱਡ ਕੇ ਭੱਜ ਗਏ। ਇਸ ਦੌਰਾਨ ਮੈਤੇਈ ਮਹਿਲਾਵਾਂ ਦਾ ਸਮੂਹ ‘ਮੀਰਾ ਪੈਬਿਸ’ ਉਥੇ ਪਹੁੰਚ ਗਿਆ ਤੇ ਉਨ੍ਹਾਂ ਫੌਜ ਦੇ ਜਵਾਨਾਂ ਨੂੰ ਹਥਿਆਰ ਤੇ ਗੋਲੀਸਿੱਕਾ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਸਲੀ ਹਿੰਸਾ ਠੱਲਣ ਤੱਕ ਕੋਈ ਹਥਿਆਰ ਜ਼ਬਤ ਨਾ ਕੀਤੇ ਜਾਣ। ਇਸ ਦੌਰਾਨ ਸੈਂਕੜੇ ਮਹਿਲਾਵਾਂ ਨੇ ਫੌਜੀ ਜਵਾਨਾਂ ਦਾ ਰਾਹ ਰੋਕ ਲਿਆ। -ਪੀਟੀਆਈ

LEAVE A REPLY

Please enter your comment!
Please enter your name here