ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 5 ਮਾਰਚ

ਇੱਥੋਂ ਨੇੜਲੇ ਪਿੰਡ ਜੌਲੀਆਂ ਵਿਖੇ ਨਸ਼ਾ ਤਸਕਰੀ ਸਬੰਧੀ ਛਾਪਾਮਾਰੀ ਕਰਨ ਗਏ ਪੁਲੀਸ ਮੁਲਾਜ਼ਮਾਂ ‘ਤੇ ਲੋਹੇ ਦੀ ਨੁਕੀਲੀ ਪਾਈਪ ਅਤੇ ਡੰਡੇ ਨਾਲ ਹਮਲਾ ਕਰਕੇ ਸਹਾਇਕ ਥਾਣੇਦਾਰ ਨੂੰ ਜ਼ਖਮੀ ਕਰਕੇ ਨਸ਼ਾ ਤਸਕਰ ਫਰਾਰ ਹੋ ਗਿਆ। ਪੁਲੀਸ ਨੇ ਤਿੰਨ ਔਰਤਾਂ ਸਮੇਤ 4 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲੀਸ ਚੌਕੀ ਜੌਲੀਆਂ ਦੇ ਇੰਚਾਰਜ ਏਐੱਸਆਈ ਓਮਕਾਰ ਸਿੰਘ ਨੇ ਦੱਸਿਆ ਕਿ ਚੌਕੀ ਦੇ ਸਹਾਇਕ ਥਾਣੇਦਾਰ ਸਤਵੰਤ ਸਿੰਘ ਤੇ ਦਰਸ਼ਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਭਵਾਨੀਗੜ੍ਹ ‘ਚ ਦਰਜ ਨਸ਼ਾ ਤਸਕਰੀ ਦੇ ਦੋ ਮਾਮਲਿਆਂ ‘ਚ ਸੱਤਰੂ ਸਿੰਘ ਵਾਸੀ ਜੌਲੀਆਂ ਆਪਣੇ ਘਰ ਦੇ ਬਾਹਰ ਬੈਠਾ ਤਾਸ਼ ਖੇਡ ਰਿਹਾ ਹੈ। ਜਦੋਂ ਦੋਵੇਂ ਪੁਲੀਸ ਮੁਲਾਜ਼ਮ ਸੱਤਰੂ ਸਿੰਘ ਦੇ ਘਰ ਦੇ ਬਾਹਰ ਪੁੱਜੇ ਤਾਂ ਮੁਲਜ਼ਮ ਭੱਜ ਕੇ ਆਪਣੇ ਘਰ ਵਿੱਚ ਦਾਖ਼ਲ ਹੋ ਗਿਆ। ਪੁਲੀਸ ਮੁਲਾਜ਼ਮ ਪਿੱਛਾ ਕਰਦੇ ਹੋਏ ਗਏ ਤਾਂ ਏਐਸਆਈ ਦਰਸ਼ਨ ਸਿੰਘ ’ਤੇ ਕਥਿਤ ਹਮਲਾ ਕਰ ਦਿੱਤਾ ਅਤੇ ਮੁਲਜ਼ਮ ਮੌਕੇ ਤੋਂ ਭੱਜ ਗਿਆ। ਏਐਸਆਈ ਓਮਕਾਰ ਨੇ ਦੱਸਿਆ ਕਿ ਘਟਨਾ ਵਿੱਚ ਜ਼ਖ਼ਮੀ ਹੋਏ ਸਹਾਇਕ ਥਾਣੇਦਾਰ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਸੰਗਰੂਰ ਰੈਫ਼ਰ ਕਰ ਦਿੱਤਾ। ਇਸ ਮਾਮਲੇ ਸਬੰਧੀ ਏ.ਐਸ.ਆਈ ਸਤਵੰਤ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਪੁਲੀਸ ਨੇ ਸੱਤਰੂ ਸਿੰਘ, ਉਸ ਦੀ ਪਤਨੀ ਨਿਸ਼ਾ, ਮਾਂ ਮੂਰਤੀ ਤੇ ਭਰਜਾਈ ਕਰਮਜੀਤ ਕੌਰ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮਾਮਲੇ ‘ਚ ਸਾਰੇ ਮੁਲਜ਼ਮ ਫ਼ਰਾਰ ਹਨ।

LEAVE A REPLY

Please enter your comment!
Please enter your name here