ਨਵੀਂ ਦਿੱਲੀ, 18 ਮਾਰਚ

ਮੱਧ ਦਿੱਲੀ ’ਚ ਦਰਿਆਗੰਜ-ਆਈਟੀਓ ਰੋਡ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਇਕ ਪੁਲੀਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਲਾਜ਼ਮ ਨੇ ਜਿਨ੍ਹਾਂ ਵਾਹਨਾਂ ਨੂੰ ਟੱਕਰ ਮਾਰੀ, ਉਨ੍ਹਾਂ ’ਚੋਂ ਇੱਕ ਗੱਡੀ ਦੇ ਡਰਾਈਵਰ ਰਮੇਸ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਦੀ ਗੱਡੀ ਨੂੰ ਮੋਹਿਤ ਨਾਂ ਦੇ ਵਿਅਕਤੀ ਨੇ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ਨੇ ਇੱਕ ਟੈਕਸੀ ਨੂੰ ਟੱਕਰ ਮਾਰ ਦਿੱਤੀ ਹੈ। ਸਾਡੀ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਉਨ੍ਹਾਂ ਨੂੰ ਟੈਕਸੀ ਦਾ ਚਾਲਕ ਰਮੇਸ਼ ਮਿਲਿਆ। ਰਮੇਸ਼ ਤੋਂ ਪੁੱਛ-ਪੜਤਾਲ ਕੀਤੀ ਗਈ, ਜਿਸ ਨੇ ਦੱਸਿਆ ਕਿ ਮੋਹਿਤ ਨਾਂ ਦੇ ਇਕ ਹੋਰ ਡਰਾਈਵਰ ਨੇ ਉਸ ਦੀ ਟੈਕਸੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਮਾਮੂਲੀ ਨੁਕਸਾਨ ਹੋਇਆ ਪਰ ਉਹ ਪੁਲੀਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦਾ।’’ ਅਧਿਕਾਰੀ ਨੇ ਦੱਸਿਆ ਕਿ ਮੋਹਿਤ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵਿੱਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹੈ। ਅਧਿਕਾਰੀ ਨੇ ਦੱਸਿਆ, ‘‘ਮੁਲਜ਼ਮ ਡਰਾਈਵਰ ਖ਼ਿਲਾਫ਼ ਮੋਟਰ ਵਹੀਕਲ ਐਕਟ ਦੀ ਧਾਰਾ 185 ਤਹਿਤ ਕਾਰਵਾਈ ਕੀਤੀ ਗਈ ਹੈ।’’ਸੂਤਰਾਂ ਮੁਤਾਬਕ ਬੋਲੇਨੋ ਕਾਰ ਚਲਾ ਰਹੇ ਪੁਲੀਸ ਕਰਮਚਾਰੀ ਨੇ ਸ਼ਨਿਚਰਵਾਰ ਤੜਕੇ 2 ਵਜੇ ਦੇ ਕਰੀਬ ਤਿੰਨ ਹੋਰ ਵਾਹਨਾਂ ਨੂੰ ਟੱਕਰ ਮਾਰ ਸੀ। ਟੈਕਸੀ ਡਰਾਈਵਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਇੱਕ ਯਾਤਰੀ ਨਾਲ ਦਰਿਆਗੰਜ ਤੋਂ ਆਈਟੀਓ ਵੱਲ ਜਾ ਰਿਹਾ ਸੀ ਤਾਂ ਇੱਕ ਬੋਲੇਨੋ ਕਾਰ ਨੇ ਉਸ ਦੀ ਟੈਕਸੀ ਨੂੰ ਟੱਕਰ ਮਾਰ ਦਿੱਤੀ। ਪੁਲੀਸ ਨੇ ਕਿਹਾ, ‘‘ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।’’ -ਪੀਟੀਆਈ

LEAVE A REPLY

Please enter your comment!
Please enter your name here