ਲਖਵਿੰਦਰ ਸਿੰਘ

ਮਲੋਟ, 29 ਫਰਵਰੀ

ਇੱਥੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ‘ਰੁੱਖ ਲਗਾਓ’ ਮੁਹਿੰਮ ਤਹਿਤ ਛੋਟੀਆਂ-ਛੋਟੀਆਂ ਸਕੂਲੀ ਬੱਚੀਆਂ ਤੋਂ ਜੀਟੀ ਰੋਡ ’ਤੇ ਸਥਿਤ ਫੁੱਟਪਾਥਾਂ ’ਤੇ ਪੌਦੇ ਲਗਵਾਏ ਅਤੇ ਤੰਦਰੁਸਤ ਵਾਤਾਵਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਕਿਸੇ ਨੇ ਵੀ ਜੀਟੀ ਰੋਡ ’ਤੇ ਨਾਜਾਇਜ਼ ਕਬਜ਼ੇ ਕੀਤੇ ਹਨ , ਉਹ ਆਪਣੇ ਆਪ ਹੀ ਛੱਡ ਦੇਣ, ਨਹੀਂ ਤਾਂ ਪ੍ਰਸ਼ਾਸਨ ਸਖ਼ਤੀ ਨਾਲ ਕਾਰਵਾਈ ਕਰੇਗਾ। ਉਹ ਨਹੀਂ ਚਾਹੁੰਦੇ ਕਿ ਇਸ ਸਬੰਧੀ ਕਿਸੇ ’ਤੇ ਵੀ ਸਖ਼ਤੀ ਵਰਤੀ ਜਾਵੇ।

ਇਸ ਮੌਕੇ ਡਾ.ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਮੁਹਿੰਮ ਮਲੋਟ ਦੀ ਧਰਤੀ ਤੋਂ ਸ਼ੁਰੂ ਕੀਤੀ ਗਈ ਹੈ, ਉਹ ‘ਵਿਮੈਨ ਦਿਵਸ’ ਉੱਤੇ ਉਹ ਹੋਰ ਵੱਡੇ ਪੱਧਰ ’ਤੇ ਪੌਦੇ ਲਗਵਾਉਣਗੇ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣਨ। ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਵੀ ਪੌਦੇ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਸਾਬਕਾ ਸਰਪੰਚ ਸੁਖਪਾਲ ਸਿੰਘ, ਰਮੇਸ਼ ਅਰਨੀਵਾਲਾ, ਗਗਨਦੀਪ ਸਿੰਘ ਔਲਖ, ਜੌਨੀ ਗਰਗ , ਜਸਦੇਵ ਸਿੰਘ ਸੰਧੂ, ਗੁਰਮੀਤ ਸਿੰਘ ਵਿਰਦੀ, ਜਗਨਨਾਥ ਸ਼ਰਮਾ, ਉਪ ਪ੍ਰਧਾਨ ਲਵ ਬੱਤਰਾ ਹਾਜ਼ਰ ਸਨ।

ਸੈਂਟਰਲ ਪਾਰਕ ਮਾਨਸਾ ਵਿੱਚ ਹਰਬਲ ਜ਼ੋਨ ਬਣਾਇਆ

ਮਾਨਸਾ (ਪੱਤਰ ਪ੍ਰੇਰਕ): ਸੈਂਟਰਲ ਪਾਰਕ ਮਾਨਸਾ ਵਿੱਚ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਵੱਲੋਂ ਵੱਖ-ਵੱਖ ਕਿਸਮਾਂ ਦੇ ਹਰਬਲ ਬੂਟੇ ਲਗਾ ਕੇ ਪਾਰਕ ਵਿੱਚ ਹਰਬਲ ਜ਼ੋਨ ਬਣਾਇਆ ਗਿਆ। ਵਿਧਾਇਕ ਮਾਨਸ਼ਾਹੀਆ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਹਰਬਲ ਦੇ ਬੂਟਿਆਂ ਦੀ ਜ਼ਿਆਦਾ ਮਹੱਤਤਾ ਹੈ, ਇਸ ਲਈ ਹਰਬਲ ਦੇ ਬੂਟੇ ਲਗਾਉਣੇ ਚਾਹੀਦੇ ਹਨ। ਇਸੇ ਦੌਰਾਨ ਇਨਵਾਇਰਮੈਂਟ ਸੁਸਾਇਟੀ ਦੇ ਕਨਵੀਨਰ ਅਸ਼ੋਕ ਸਪੋਲੀਆ ਨੇ ਕਿਹਾ ਕਿ ਸੈਂਟਰਲ ਪਾਰਕ ਵਿੱਚ 24 ਮਾਰਚ ਨੂੰ, ਜੋ ਫਲਾਵਰ ਸ਼ੋਅ ਕਰਵਾਇਆ ਜਾ ਰਿਹਾ ਹੈ, ਉਸੇ ਕੜੀ ਤਹਿਤ ਅੱਜ ਇਹ ਬੂਟੇ ਲਗਾਏ ਗਏ ਹਨ। ਇਸ ਮੌਕੇ ਅੰਮ੍ਰਿਤ ਗੋਇਲ, ਮੇਜਰ ਸਿੰਘ ਗਿੱਲ, ਤਰਸੇਮ ਸੇਮੀ, ਆਰਸੀ ਗੋਇਲ, ਜਤਿੰਦਰਵੀਰ ਗੁਪਤਾ, ਸਤੀਸ਼ ਕੁਮਾਰ, ਕਮਲ ਨੇਤਰ, ਕੇਵਲ ਕ੍ਰਿਸ਼ਨ,ਪੁਨੀਤ ਸਰਮਾ, ਰੁਪਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here