ਪੱਤਰ ਪ੍ਰੇਰਕ

ਸ੍ਰੀ ਆਨੰਦਪੁਰ ਸਾਹਿਬ, 26 ਮਾਰਚ

ਇੱਥੇ ਅੱਜ ਹੋਲੇ ਮਹੱਲੇ ਮੌਕੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢੇ ਗਏ ਮਹੱਲੇ ਵਿੱਚ ਜੰਗਜੂਆਂ ਨੇ ਆਪਣੇ ਕਰਤਬਾਂ ਨਾਲ ਸਭ ਦਾ ਮਨ ਮੋਹ ਲਿਆ। ਇਹ ਮਹੱਲਾ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇੱਕ ਅਨੁਮਾਨ ਮੁਤਾਬਕ ਹੁਣ ਤੱਕ 20 ਲੱਖ ਤੋਂ ਵੱਧ ਸੰਗਤ ਨੇ ਇੱਥੇ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰ ਘਰਾਂ ਵਿੱਚ ਹਾਜ਼ਰੀ ਲਗਵਾਈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰਾਂ ਸਿੱਖਾਂ ਨੂੰ ਦਬਾਉਣ ਲਈ ਮੁੱਢ ਤੋਂ ਹੀ ਯਤਨ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਨਾਲ ਧਰਮ ਪ੍ਰਚਾਰ ਕਰਨ ਵਾਲੇ ਸਿੰਘਾਂ ’ਤੇ ਐੱਨਐੱਸਏ ਲਗਾ ਕੇ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਧਰਮ ਪ੍ਰਚਾਰ ਕਰਨਾ ਗੁਨਾਹ ਹੈ ਤਾਂ ਹਰ ਸਿੱਖ ਗੁਨਾਹ ਕਰੇਗਾ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਹੁਣ ਵੋਟਾਂ ਮੰਗਣ ਆਉਣ ਵਾਲੇ ਨੇਤਾਵਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਓ ਕਿ ਜੁਝਾਰੂ ਬੰਦੀ ਸਿੰਘ, ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੰਘਾਂ ਅਤੇ ਪੰਜਾਬ ਦੀ ਕਿਸਾਨੀ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਕਰਨ ਵਾਲਿਓ ਇਹ ਤਾਂ ਦੱਸੋ ਕਿ ਉਨ੍ਹਾਂ ਦਾ ਤੇ ਕੌਮ ਦਾ ਕਸੂਰ ਕੀ ਹੈ।

ਹੋਲਾ ਮਹੱਲਾ ਮੌਕੇ ਨਿਹੰਗ ਸਿੰਘ ਫੌਜਾਂ ਦੇ ਜੰਗਜੂ ਕਰਤਬਾਂ ਦੌਰਾਨ ਘੋੜਿਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਅੱਧੀ ਦਰਜਨ ਤੋਂ ਵਧ ਸ਼ਰਧਾਲੂ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਤੀਰ ਵੱਜਣ ਕਾਰਨ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਠ ਜ਼ਖਮੀਆਂ ਵਿਚੋਂ ਸੱਤ ਨੂੰ ਮੁਢਲੀ ਡਾਕਟਰੀ ਸਹਾਇਤਾ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦੋਂ ਕਿ ਅਮਨਦੀਪ ਸਿੰਘ ਪੁੱਤਰ ਏਕਮ ਸਿੰਘ (35) ਵਾਸੀ ਪਿੰਡ ਗੋਬਿੰਦਪੁਰ ਜੋ ਤੀਰ ਲੱਗਣ ਕਾਰਨ ਜ਼ਖ਼ਮੀ ਹੋਇਆ ਸੀ, ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here