ਇਸਲਾਮਾਬਾਦ, 6 ਮਈ

ਕਿਸਾਨਾਂ ਦੀ ਜਥੇਬੰਦੀ ਕਿਸਾਨ ਇਤੇਹਾਦ ਨੇ ਪਾਕਿਸਤਾਨ ਵਿੱਚ ਕਣਕ ਦੀ ਸਰਕਾਰੀ ਖਰੀਦ ਨਾ ਹੋਣ ਦੇ ਰੋੋੋਸ ਵਿੱਚ 10 ਮਈ ਤੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਇਤੇਹਾਦ ਦੇ ਚੇਅਰਮੈਨ ਖਾਲਿਦ ਖੋਖਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਰਕਾਰ ਦੇਸ਼ ਦੇ ਕਿਸਾਨਾਂ ਤੋਂ ਜਿਣਸ ਖਰੀਦਣ ਦੀ ਥਾਂ ਵਿਦੇਸ਼ਾਂ ਤੋਂ ਦਰਾਮਦ ਕਰ ਰਹੀ ਹੈ। ਇਸ ਖ਼ਿਲਾਫ਼ ਕਿਸਾਨ 10 ਮਈ ਨੂੰ ਸੜਕਾਂ ‘ਤੇ ਮਾਰਚ ਕਰਨਗੇ। ਖੋਖਰ ਨੇ ਕਣਕ ਦੀ ਦਰਾਮਦ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਵਿੱਚ ਫਸਣ ਵਾਲਿਆਂ ਨੂੰ ਫਾਂਸੀ ਦਿੱਤੀ ਜਾਵੇ। ਕਣਕ ਮਾਫੀਆ ਨੂੰ ਦਰਾਮਦ ਤੋਂ 100 ਅਰਬ ਰੁਪਏ ਦਾ  ਮੁਨਾਫਾ ਹੋਇਆ, ਜਦੋਂ ਕਿ ਪਾਕਿਸਤਾਨ ਨੂੰ ਲਗਪਗ 1 ਅਰਬ ਡਾਲਰ ਦਾ ਨੁਕਸਾਨ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਨੇ ਵੱਡੀ ਮਾਤਰਾ ਵਿੱਚ ਕਣਕ ਦੀ ਪੈਦਾਵਾਰ ਕੀਤੀ ਪਰ ਉਹ ਕਮਾਈ ਤੋਂ ਵਾਂਝੇ ਰਹਿ ਗਏ ਕਿਉਂਕਿ ਅਧਿਕਾਰੀਆਂ ਨੇ ਅਨਾਜ ਦੀ ਦਰਾਮਦ ਕਰ ਦਿੱਤੀ। ਕਿਸਾਨ ਇਤੇਹਾਦ ਦੇ ਚੇਅਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਹਜ਼ਾਰਾਂ ਕਿਸਾਨ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉਤਰਨਗੇ ਕਿਉਂਕਿ ਸਰਕਾਰ ਨੇ ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ ਛੱਡਿਆ। ਖਾਲਿਦ ਖੋਖਰ ਅਨੁਸਾਰ ਕਿਸਾਨਾਂ ਨੇ ਪ੍ਰਧਾਨ ਮੰਤਰੀ, ਫੌਜ ਮੁਖੀ, ਆਈਐੱਸਆਈ ਦੇ ਡਾਇਰੈਕਟਰ ਜਨਰਲ ਅਤੇ ਖੁਰਾਕ ਸੁਰੱਖਿਆ ਮੰਤਰੀ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ ਗਿਆ। ਉਨ੍ਹਾਂ ਆਮ ਨਾਗਰਿਕਾਂ, ਮੀਡੀਆ, ਵਕੀਲਾਂ ਅਤੇ ਵਪਾਰੀ ਭਾਈਚਾਰੇ ਨੂੰ ਵੀ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਖੋਖਰ ਨੇ ਭਰੋਸਾ ਦਿੱਤਾ ਕਿ ਧਰਨਾ ਸ਼ਾਂਤਮਈ ਰਹੇਗਾ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਥਾਨਕ ਕਿਸਾਨਾਂ ਤੋਂ ਜਿਣਸ ਦੀ ਖਰੀਦ ਦਾ ਫੈਸਲਾ ਨਹੀਂ ਲੈਂਦੀ।

LEAVE A REPLY

Please enter your comment!
Please enter your name here