* ਕਾਂਗਰਸ ਵਰਕਿੰਗ ਕਮੇਟੀ ਵੱਲੋਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਾਰੇ ਚਰਚਾ

* ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਰੋਕਣ ਬਾਰੇ ਕਾਨੂੰਨ ਲਿਆਉਣ ਦਾ ਵਾਅਦਾ

ਨਵੀਂ ਦਿੱਲੀ, 19 ਮਾਰਚ

ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਕਾਂਗਰਸ ਨੇ ਕਿਹਾ ਕਿ ਦੇਸ਼ ਤਬਦੀਲੀ ਚਾਹੁੰਦਾ ਹੈ ਅਤੇ ਪਾਰਟੀ ਦਾ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਲੋਕਾਂ ਨੂੰ ਨਿਆਂ ਦੇ ਪੰਜ ਥੰਮ੍ਹਾਂ ਦੇ ਆਧਾਰ ’ਤੇ ਨਿਆਂ ਯਕੀਨੀ ਬਣਾਉਣ ’ਤੇ ਕੇਂਦਰਿਤ ਹੋਵੇਗਾ। ਪਾਰਟੀ ਨੇ ਦਾਅਵਾ ਕੀਤਾ ਕਿ ਭਾਜਪਾ ਦੀਆਂ ਗਾਰੰਟੀਆਂ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਉਸ ਦੇ 2004 ਦੇ ‘ਸ਼ਾਈਨਿੰਗ ਇੰਡੀਆ’ ਦੇ ਨਾਅਰੇ ਦਾ ਹੋਇਆ ਸੀ। ਪਾਰਟੀ ਲਈ ਫ਼ੈਸਲੇ ਲੈਣ ਵਾਲੀ ਸਭ ਤੋਂ ਵੱਡੀ ਸੰਸਥਾ ਸੀਡਬਲਯੂਸੀ ਨੇ ਅੱਜ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਾਰੇ ਘੱਟੋ-ਘੱਟ ਤਿੰਨ ਘੰਟੇ ਚਰਚਾ ਕੀਤੀ ਅਤੇ ਨੌਜਵਾਨਾਂ, ਮਹਿਲਾਵਾਂ, ਕਿਰਤੀਆਂ, ਕਿਸਾਨਾਂ ਤੇ ਹਾਸ਼ੀਏ ’ਤੇ ਆਏ ਲੋਕਾਂ ਲਈ ਇਨਸਾਫ ਦੀ ਗਾਰੰਟੀ ਨਾਲ ਹਰ ਘਰ ਤੱਕ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਦੇਸ਼ ਭਰ ’ਚ ਲਾਗੂ ਕਰਨ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਰੋਕਣ ਤੇ ਇਨ੍ਹਾਂ ਦੀ ਆਜ਼ਾਦੀ ਯਕੀਨੀ ਬਣਾਉਣ ਸਬੰਧੀ ਕਾਨੂੰਨ ਲਿਆਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਪਾਰਟੀ ਆਗੂ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਇਹ ਪੰਜ ਗਾਰੰਟੀਆਂ ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵੱਡੀਆਂ ਖੇਡ ਪਲਟਾਊ ਸਾਬਤ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਸੀਡਬਲਯੂਸੀ ਨੇ ਆਪਣੀਆਂ ਗਾਰੰਟੀਆਂ ਨੂੰ ਹੇਠਲੇ ਪੱਧਰ ਤੱਕ ਲਿਜਾਣ ਅਤੇ ਨੌਜਵਾਨਾਂ, ਗਰੀਬਾਂ, ਮਹਿਲਾਵਾਂ, ਕਿਰਤੀਆਂ ਤੇ ਕਿਸਾਨਾਂ ਦੇ ਮਸਲਿਆਂ ਵੱਲ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਗਾਰੰਟੀਆਂ ਜੁਮਲੇ ਤੇ ਝੂਠ ਦੇ ਪੁਲੰਦੇ ਹਨ।

ਜੈਰਾਮ ਰਮੇਸ਼ ਤੇ ਪਵਨ ਖੇੜਾ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਸੀ ਵੇਣੂਗੋਪਾਲ। -ਫੋਟੋ: ਪੀਟੀਆਈ

ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੈਨੀਫੈਸਟੋ ’ਚ ਜੋ ਵੀ ਵਾਅਦੇ ਕੀਤੇ ਗਏ ਹਨ, ਉਹ ਸਖ਼ਤੀ ਨਾਲ ਅਮਲ ’ਚ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ’ਚ ਵਾਅਦੇ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਅਮਲ ’ਚ ਲਿਆਉਣ ਬਾਰੇ ਲੰਮੀ ਵਿਚਾਰ-ਚਰਚਾ ਕੀਤੀ ਗਈ ਹੈ। ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੇਣੂਗੋਪਾਲ ਤੇ ਜੈਰਾਮ ਰਮੇਸ਼ ਨੇ ਕਿਹਾ ਕਿ ਸੀਡਬਲਯੂਸੀ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਮੈਨੀਫੈਸਟੋ ਬਾਰੇ ਆਖਰੀ ਫ਼ੈਸਲਾ ਲੈਣ ਲਈ ਖੜਗੇ ਨੂੰ ਅਧਿਕਾਰਤ ਕੀਤਾ ਹੈ ਅਤੇ ਇਸ ਨੂੰ ਜਾਰੀ ਕਰਨ ਦੀ ਤਾਰੀਕ ਸਬੰਧੀ ਫ਼ੈਸਲਾ ਵੀ ਉਹੀ ਲੈਣਗੇ। ਉਨ੍ਹਾਂ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਹ ਅਗਲੇ ਪੰਜ ਦਿਨਾਂ ਦੌਰਾਨ ਆਪਣੀਆਂ ਗਾਰੰਟੀਆਂ ਨੂੰ ਦੇਸ਼ ਦੇ ਹਰ ਘਰ ਤੱਕ ਲਿਜਾਏਗੀ। ਉਨ੍ਹਾਂ ਕਿਹਾ ਕਿ ਸੀਡਬਲਯੂਸੀ ਨੇ ਭਾਰਤ ਜੋੜੋ ਨਿਆਏ ਯਾਤਰਾ ਕੱਢਣ ਲਈ ਸਰਬ ਸਹਿਮਤੀ ਨਾਲ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਹੈ। ਇਸ ਯਾਤਰਾ ਦੌਰਾਨ ਰਾਹੁਲ ਨੇ ਲੋਕਾਂ ਦੇ ਮੁੱਖ ਮਸਲੇ ਉਭਾਰੇ ਹਨ। ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਸਿਰਫ਼ ‘ਘੋਸ਼ਣਾ ਪੱਤਰ’ ਨਹੀਂ ਬਲਕਿ ਇੱਕ ‘ਨਿਆਏ ਪੱਤਰ’ ਜਾਰੀ ਕਰੇਗੀ ਤਾਂ ਜੋ ਦੇਸ਼ ਦੇ ਰੋਸ਼ਨ ਭਵਿੱਖ ਲਈ ਸਮਾਜ ਦੇ ਸਾਰੇ ਵਰਗਾਂ ਲਈ ਨਿਆਂ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਦੇ ਮੈਨੀਫੈਸਟੋ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘ਦੇਸ਼ ਇਸ ਸਮੇਂ ਤਬਦੀਲੀ ਦੀ ਮੰਗ ਕਰ ਰਿਹਾ ਹੈ। ਮੌਜੂਦਾ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਦਾ ਹਸ਼ਰ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਦਾ 2004 ਵਿੱਚ ‘ਸ਼ਾਈਨਿੰਗ ਇੰਡੀਆ’ ਦੇ ਨਾਅਰੇ ਦਾ ਹੋਇਆ ਸੀ।’ ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੈਨੀਫੈਸਟੋ ਦਾ ਵੱਖ ਵੱਖ ਰਾਜਾਂ ਵਿੱਚ ਪ੍ਰਚਾਰ ਯਕੀਨੀ ਬਣਾਉਣ। ਉਨ੍ਹਾਂ ‘ਭਾਰਤ ਜੋੜੋ ਨਿਆਏ ਯਾਤਰਾ’ ਕੱਢਣ ਲਈ ਰਾਹੁਲ ਗਾਂਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਰਫ਼ ਯਾਤਰਾ ਹੀ ਨਹੀਂ ਸੀ ਬਲਕਿ ਉਨ੍ਹਾਂ ਦੇ ਸਿਆਸੀ ਇਤਿਹਾਸ ਵਿੱਚ ਲੋਕਾਂ ਨਾਲ ਜੁੜਨ ਵਾਲੀ ਸਭ ਤੋਂ ਵੱਡੀ ਮੁਹਿੰਮ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਨ੍ਹਾਂ ਦੇ ਸਮਿਆਂ ’ਚ ਕਿਸੇ ਨੇ ਵੀ ਅਜਿਹੀ ਮੁਹਿੰਮ ਨਹੀਂ ਚਲਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਯਾਤਰਾਵਾਂ (ਭਾਰਤ ਜੋੜੋ ਯਾਤਰਾ ਤੇ ਨਿਆਏ ਯਾਤਰਾ) ਦੌਰਾਨ ਆਮ ਲੋਕਾਂ ਦੇ ਮਸਲਿਆਂ ਨੂੰ ਕੌਮੀ ਪੱਧਰ ’ਤੇ ਉਭਾਰਿਆ ਗਿਆ ਹੈ। ਮੀਟਿੰਗ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਪੀ ਚਿਦੰਬਰਮ, ਦਿਗਵਿਜੈ ਸਿੰਘ, ਅਜੈ ਮਾਕਨ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ। -ਪੀਟੀਆਈ

LEAVE A REPLY

Please enter your comment!
Please enter your name here