ਸਤਵਿੰਦਰ ਬਸਰਾ

ਲੁਧਿਆਣਾ, 14 ਮਾਰਚ

ਪੀਏਯੂ ਦਾ ਦੋ ਦਿਨਾ ਕਿਸਾਨ ਮੇਲਾ ਅੱਜ ਤੋਂ ’ਵਰਸਿਟੀ ਕੈਂਪਸ ਵਿੱਚ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਜਦ ਕਿ ਚੌਲਾਂ ਦੇ ਪਿਤਾਮਾ ਵਜੋਂ ਮਸ਼ਹੂਰ ਡਾ. ਗੁਰਦੇਵ ਸਿੰਘ ਖੁਸ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਖੁੱਡੀਆਂ ਨੇ ਕਿਹਾ ਕਿ ਫਸਲਾਂ ਦਾ ਝਾੜ ਤਾਂ ਅਸੀਂ ਬਹੁਤ ਵਧਾ ਲਿਆ ਹੁਣ ਸਾਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਨਾਉਣ ਵੱਲ ਵੀ ਤੁਰਨਾ ਪਵੇਗਾ। ਸੂਬਾ ਸਰਕਾਰ, ਕੇਂਦਰ ਨਾਲ ਮਿਲ ਕੇ ਕਿਸਾਨਾਂ ਨੂੰ 90 ਹਜ਼ਾਰ ਸੋਲਰ ਪੰਪ ਕੁਨੈਕਸ਼ਨ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਸਹਿਯੋਗ ਦੇਣਾ ਪਵੇਗਾ। ਇਸ ਤੋਂ ਪਹਿਲਾਂ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਝੋਨੇ ਦੀ ਪੀਆਰ-126 ਅਤੇ ਪੀਆਰ-131 ਦੀ ਬੀਜਣ ਦੀ ਸਿਫਾਰਸ਼ ਕੀਤੀ। ’ਵਰਸਿਟੀ ਅਧਿਕਾਰੀਆਂ ਨੇ ਪਹਿਲੇ ਦਿਨ ਹੀ ਲੱਖਾਂ ਰੁਪਏ ਦੇ ਬੀਜ਼ ਵਿਕਣ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਫਲਾਂ ਦੇ ਬੂਟੇ, ਕਿਚਨ ਗਾਰਡਨ ਲਈ ਬੀਜ਼ਾਂ ਦੀਆਂ ਕਿੱਟਾਂ, ਫੁੱਲਾਂ ਦੀ ਪਨੀਰੀ, ਖੇਤੀ ਅਤੇ ਹੋਰ ਸਾਹਿਤ ਖ੍ਰੀਦਣ ਵਿੱਚ ਵੀ ਦਿਲਚਸਪੀ ਦਿਖਾਈ।

LEAVE A REPLY

Please enter your comment!
Please enter your name here