ਕੁਲਦੀਪ ਸਿੰਘ

ਚੰਡੀਗੜ੍ਹ, 29 ਅਪਰੈਲ

ਇੱਥੇ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕਾਂ ਤੇ ਪ੍ਰੋਫ਼ੈਸਰਾਂ ਦੀਆਂ ਭਰਤੀਆਂ ਵਿੱਚ ਪੰਜਾਬ ਸਿਵਲ ਸਰਵਿਸ ਰੂਲਜ਼ ਮੁਤਾਬਕ ਰਾਖਵਾਂਕਰਨ ਦੀ ਨੀਤੀ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਦਿਨ-ਰਾਤ ਲਗਾਤਾਰ ਧਰਨਾ ਦੇ ਰਹੀ ਵਿਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਅੱਜ ਵਾਈਸ ਚਾਂਸਲਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਦਫ਼ਤਰ ਦੇ ਬਾਹਰ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਫੋਰਸ ਵੱਲੋਂ ਵਿਦਿਆਰਥੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਆਗੂਆਂ ਨੂੰ ਥਾਣੇ ਲੈ ਗਈ ਅਤੇ ਦੇਰ ਸ਼ਾਮ ਨੂੰ ਛੱੱਡ ਦਿੱਤਾ।

‘ਸੱਥ’ ਦੇ ਆਗੂਆਂ ਅਸ਼ਮੀਤ ਸਿੰਘ ਅਤੇ ਰਿਮਲਜੋਤ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕਰਦਿਆਂ ਸਮਰਥਨ ਦਿੱਤਾ ਗਿਆ ਅਤੇ ‘ਸੱਥ’ ਤੋਂ ਪੰਜਾਬ ਕਨਵੀਨਰ ਜੁਝਾਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਵਾਈਸ ਚਾਂਸਲਰ ਦਫ਼ਤਰ ਦਾ ਘਿਰਾਓ ਕਰਨ ਦੇ ਸੱਦੇ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਅੱਜ ਪ੍ਰਦਰਸ਼ਨ ਦੌਰਾਨ ਜਿਉਂ ਹੀ ਵਿਦਿਆਰਥੀਆਂ ਨੇ ਵੀਸੀ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਅਤੇ ਪੀਯੂ ਦੀ ਸਕਿਉਰਿਟੀ ਵੱਲੋਂ ਦਫ਼ਤਰ ਦੇ ਗੇਟ ਬੰਦ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਪਾਰਕ ਵਿੱਚੋਂ ਦੀ ਹੁੰਦੇ ਹੋਏ ਦੂਸਰੇ ਗੇਟ ਵੱਲ ਜਾ ਪਹੁੰਚੇ। ਪੁਲੀਸ ਅਤੇ ਸਕਿਉਰਿਟੀ ਨੇ ਦੂਸਰੇ ਦਫ਼ਤਰ ਅੱਗੇ ਜਾ ਕੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਵਿਦਿਆਰਥੀਆਂ ਵੱਲੋਂ ਅੰਦਰ ਜਾਣ ਦੀ ਜੱਦੋ-ਜਹਿਦ ਕਰਨ ਦੀ ਕੋਸ਼ਿਸ਼ ਕਰਨ ’ਤੇ ਪੁਲੀਸ ਨੇ ‘ਸੱਥ’ ਦੇ ਆਗੂਆਂ ਰਿਮਲਜੋਤ ਅਤੇ ਅਸ਼ਮੀਤ ਸਮੇਤ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਉਨ੍ਹਾਂ ਨੂੰ ਥਾਣੇ ਲੈ ਗਈ ਅਤੇ ਬਾਕੀ ਪ੍ਰਦਰਸ਼ਨਕਾਰੀਆਂ ਨੂੰ ਵੀ ਉੱਥੋਂ ਖਦੇੜ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਜਥੇਬੰਦੀ ਦੀ ਮੰਗ ਨਹੀਂ ਮੰਨੀ ਜਾਂਦੀ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਇਸ ਪ੍ਰਦਰਸ਼ਨ ਦੌਰਾਨ ਅੰਬੇਡਕਰ ਸਟੂਡੈਂਟਸ ਫੋਰਮ ਤੋਂ ਗੁਰਦੀਪ ਸਿੰਘ, ਆਈਐੱਸਏ ਤੋਂ ਅੰਮ੍ਰਿਤ ਸੋਮਲ, ਸੋਪੂ ਆਗੂ ਬਲਰਾਜ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਵਾਈਸ ਚਾਂਸਲਰ ਦਫ਼ਤਰ ਦਾ ਘਿਰਾਓ ਸ਼ੁਰੂ ਕਰਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਰਿਮਲਜੋਤ, ਅਸ਼ਮੀਤ ਤੇ ਹੋਰਨਾਂ ਨੇ ਕਿਹਾ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਇੱਥੇ ਭਰਤੀਆਂ ਵਿੱਚ ਸਹੀ ਢੰਗ ਨਾਲ ਪੰਜਾਬ ਸਰਵਿਸ ਰੂਲਜ਼ ਮੁਤਾਬਕ ਰਾਖਵਾਂਕਰਨ ਨੀਤੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਇਸ ਨੀਤੀ ਤਹਿਤ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਨੂੰ 25 ਫੀਸਦੀ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੂੰ 12 ਫੀਸਦੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ।

 

LEAVE A REPLY

Please enter your comment!
Please enter your name here