ਕੁਲਦੀਪ ਸਿੰਘ

ਚੰਡੀਗੜ੍ਹ, 3 ਮਈ

ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕਾਂ ਤੇ ਪ੍ਰੋਫ਼ੈਸਰਾਂ ਦੀਆਂ ਭਰਤੀਆਂ ਵਿੱਚ ਪੰਜਾਬ ਸਿਵਲ ਸਰਵਿਸ ਰੂਲਜ਼ ਮੁਤਾਬਕ ਰਾਖਵਾਂਕਰਨ ਦੀ ਨੀਤੀ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਦਿੱਤੇ ਜਾਣ ਉਪਰੰਤ ਅਥਾਰਿਟੀ ਵੱਲੋਂ ਅੱਠ ਵਿਦਿਆਰਥੀ ਆਗੂ ਮੁਅੱਤਲ ਕਰ ਦਿੱਤੇ ਗਏ ਸਨ।

ਇਸ ਮੁਅੱਤਲੀ ਤਹਿਤ ਵਿਦਿਆਰਥੀ ਜਥੇਬੰਦੀ ‘ਸੱਥ’ ਨਾਲ ਸਬੰਧਤ ਸੱਤ ਅਤੇ ਐੱਸਐੱਫਐੱਸ ਦੇ ਇੱਕ ਵਿਦਿਆਰਥੀ ਆਗੂ ’ਤੇ ਆਪਣੇ ਕੋਰਸ ਦੀਆਂ ਪ੍ਰੀਖਿਆਵਾਂ ਦੇਣ ’ਤੇ ਰੋਕ ਲਗਾਈ ਗਈ ਸੀ ਅਤੇ ਹੋਸਟਲ ਵਿੱਚ ਵੀ ਇੱਕ ਮਹੀਨੇ ਲਈ ਦਾਖ਼ਲਾ ਬੰਦ ਕਰ ਦਿੱਤਾ ਜਾ ਚੁੱਕਾ ਹੈ। ਅਥਾਰਿਟੀ ਦੀ ਇਸ ਕਥਿਤ ਧੱਕੇਸ਼ਾਹੀ ਨੂੰ ਲੋਕਤੰਤਰ ਉੱਤੇ ਹਮਲਾ ਕਰਾਰ ਦਿੰਦਿਆਂ ਅੱਜ ਕਈ ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਸਾਂਝੇ ਤੌਰ ’ਤੇ ਆਪਣੇ ਸਾਥੀ ਵਿਦਿਆਰਥੀ ਆਗੂਆਂ ਦੀ ਬਹਾਲੀ ਲਈ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀ ਆਗੂਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਨਹੀਂ ਤਾਂ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਘਿਰਾਓ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਨੂੰ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਬਸਪਾ ਉਮੀਦਵਾਰ ਡਾ. ਰਿਤੂ ਸਿੰਘ, ਅਧਿਆਪਕ ਆਗੂ ਡਾ. ਕੁਲਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕਰਦਿਆਂ ਅਥਾਰਿਟੀ ਦੇ ਵਰਤਾਰੇ ਦੀ ਨਿੰਦਾ ਕੀਤੀ। ਵਿਦਿਆਰਥੀ ਆਗੂ ਅਸ਼ਮੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਪ੍ਰਦਰਸ਼ਨ ਦੌਰਾਨ ਪੁਲੀਸ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ। ਇਸ ਦੌਰਾਨ ਭਰੋਸਾ ਮਿਲਿਆ ਕਿ ਜਿਸ ਜੁਆਇੰਟ ਐਕਸ਼ਨ ਕਮੇਟੀ ਰਾਹੀਂ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਸੇ ਕਮੇਟੀ ਵੱਲੋਂ ਹੀ ਬਹਾਲ ਕੀਤਾ ਜਾਵੇਗਾ।

ਚੰਡੀਗੜ੍ਹ ਪੁਲੀਸ ਵੱਲੋਂ ਗੁਰਦੁਆਰੇ ਦਾ ਗੇਟ ਬੰਦ ਕਰਵਾਉਣ ’ਤੇ ਵਿਦਿਆਰਥੀ ਭੜਕੇ

ਵੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਦੀ ਭਿਣਕ ਪੈਂਦਿਆਂ ਹੀ ’ਵਰਸਿਟੀ ਅਥਾਰਿਟੀ ਵੱਲੋਂ ਜਿੱਥੇ ਚਾਰੋਂ ਗੇਟਾਂ ਤੋਂ ਬਾਹਰੀ ਵਿਅਕਤੀਆਂ ਦਾ ਦਾਖ਼ਲਾ ਰੋਕਣ ਲਈ ਸਖ਼ਤੀ ਵਧਾ ਦਿੱਤੀ ਗਈ, ਉੱਥੇ ਹੀ ਕੈਂਪਸ ਵਿੱਚ ਸਥਿਤ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਪਹੁੰਚ ਗਏ। ਉਨ੍ਹਾਂ ਨੇੇ ਸੇਵਾਦਾਰਾਂ ਨੂੰ ਡਰਾ ਧਮਕਾ ਕੇ ਸੈਕਟਰ 25 ਵਾਲਾ ਮੁੱਖ ਗੇਟ ਬੰਦ ਕਰਵਾ ਦਿੱਤਾ ਅਤੇ ਅੰਦਰੋਂ ਤਾਲਾ ਮਾਰਨ ਦੇ ਹੁਕਮ ਦਿੱਤੇ ਤਾਂ ਜੋ ਗੁਰਦੁਆਰੇ ਅੰਦਰ ਵਿਦਿਆਰਥੀ ਜਮ੍ਹਾਂ ਨਾ ਹੋ ਸਕਣ। ਵਿਦਿਆਰਥੀਆਂ ਨੇ ਗੁਰਦੁਆਰੇ ਦੇ ਗੇਟ ਨੂੰ ਤਾਲੇ ਲਗਵਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪੁਲੀਸ ਗੁਰਦੁਆਰਿਆਂ ਵਿੱਚ ਦਖ਼ਲਅੰਦਾਜ਼ੀ ਬੰਦ ਕਰੇ।

LEAVE A REPLY

Please enter your comment!
Please enter your name here