ਮਾਸਕੋ, 17 ਮਾਰਚ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਜ ਇੱਕ ਚੌਥਾਈ ਸਦੀ ਦੇ ਸ਼ਾਸਨ ਨੂੰ ਛੇ ਹੋਰ ਸਾਲਾਂ ਵਾਸਤੇ ਵਧਾਉਣ ਲਈ ਤਿਆਰ ਹਨ। ਰੂਸ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਈਆਂ ਤਿੰਨ ਰੋਜ਼ਾ ਰਾਸ਼ਟਰਪਤੀ ਚੋਣਾਂ ਦਾ ਅਮਲ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਕੰਮਲ ਹੋਇਆ। ਵੋਟਰਾਂ ਕੋਲ ਪੂਤਿਨ ਤੋਂ ਇਲਾਵਾ ਕੋਈ ਬਦਲ ਨਾ ਹੋਣ ਕਾਰਨ ਤਾਨਾਸ਼ਾਹ ਨੂੰ ਬਹੁਮਤ ਮਿਲਣ ਦੇ ਆਸਾਰ ਹਨ। ਪੂਤਿਨ ਦੇ ਕੱਟੜ ਸਿਆਸੀ ਦੁਸ਼ਮਣ ਅਲੈਕਸੀ ਨੇਵਲਨੀ ਦੀ ਪਿਛਲੇ ਮਹੀਨੇ ਆਰਕਟਿਕ ਜੇਲ੍ਹ ਵਿੱਚ ਮੌਤ ਹੋ ਗਈ ਸੀ ਅਤੇ ਹੋਰ ਆਲੋਚਕ ਜਾਂ ਤਾਂ ਜੇਲ੍ਹ ਵਿੱਚ ਹਨ ਜਾਂ ਜਲਾਵਤਨੀ ਕੱਟ ਰਹੇ ਹਨ। ਰੂਸੀ ਨੇਤਾ ਨੂੰ ਕ੍ਰੈਮਲਿਨ-ਦੋਸਤਾਨਾ ਪਾਰਟੀਆਂ ਦੀ ਤਿੱਕੜੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਰੋਧੀ ਧਿਰ ਨੇ ਪੂਤਿਨ ਜਾਂ ਯੂਕਰੇਨ ਯੁੱਧ ਤੋਂ ਨਾਖੁਸ਼ ਲੋਕਾਂ ਨੂੰ ਅੱਜ ਚੋਣ ਦੇ ਆਖ਼ਰੀ ਦਿਨ ਵੋਟਾਂ ਰਾਹੀਂ ਆਪਣਾ ਰੋਸ ਜ਼ਾਹਿਰ ਕਰਨ ਦੀ ਅਪੀਲ ਕੀਤੀ। ਇਸੇ ਦੌਰਾਨ ਨੇਵਲਨੀ ਦੇ ਸਮਰਥਕਾਂ ਨੇ ਪੋਲਿੰਗ ਸਟੇਸ਼ਨਾਂ ਨੇੜੇ ਲੋਕਾਂ ਦੀ ਭੀੜ ਦੀਆਂ ਤਸਵੀਰਾਂ ਅਤੇ ਵੀਡੀਓ ਜਾਰੀ ਕਰਦਿਆਂ ਆਪਣੀ ਚੋਣ ਮੁਹਿੰਮ ਨੂੰ ਸਫ਼ਲ ਕਰਾਰ ਦਿੱਤਾ। ਅੱਜ ਦਿਨ ਦੇ ਸ਼ੁਰੂ ਵਿੱਚ 60 ਫ਼ੀਸਦੀ ਤੋਂ ਵੱਧ ਯੋਗ ਵੋਟਰਾਂ ਨੇ ਵੋਟ ਪਾਈ ਸੀ। ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦੇ ਬਾਵਜੂਦ ਪੋਲਿੰਗ ਸਟੇਸ਼ਨਾਂ ’ਤੇ ਭੰਨ-ਤੋੜ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਕਈ ਥਾਈਂ ਬੈਲੇਟ ਬਕਸਿਆਂ ’ਤੇ ਸਿਆਹੀ ਸੁੱਟਣ ਦੇ ਮਾਮਲੇ ਵੀ ਸਾਹਮਣੇ ਆਏ। ਪੂਤਿਨ ਦੀ ਪ੍ਰਧਾਨਗੀ ਵਾਲੀ ਰੂਸੀ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਦਮਿਤਰੀ ਮੈਦਵੇਦੇਵ ਨੇ ਪੋਲਿੰਗ ਸਟੇਸ਼ਨਾਂ ’ਤੇ ਭੰਨ-ਤੋੜ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।

ਪੂਤਿਨ ਨੇ ਪੋਲਿੰਗ ਸਟੇਸ਼ਨਾਂ ’ਤੇ ਹਮਲਿਆਂ ਨੂੰ ਰਾਸ਼ਟਰਪਤੀ ਚੋਣਾਂ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਹਮਲਾਵਰਾਂ ਨੂੰ ‘ਬਿਨਾਂ ਸਜ਼ਾਵਾਂ ਨਹੀਂ ਛੱਡਿਆ ਜਾਵੇਗਾ।’ ਪੱਛਮੀ ਨੇਤਾਵਾਂ ਨੇ ਚੋਣਾਂ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਹੈ। ਉਨ੍ਹਾਂ ਚੋਣਾਂ ਦੀ ਪਾਰਦਰਸ਼ਤਾ ’ਤੇ ਵੀ ਸਵਾਲ ਚੁੱਕੇ ਹਨ। -ਏਪੀ

ਯੂਕਰੇਨ ਵੱਲੋਂ ਰੂਸ ’ਚ ਰਾਸ਼ਟਰਪਤੀ ਚੋਣਾਂ ਦੇ ਆਖ਼ਰੀ ਦਿਨ ਡਰੋਨ ਹਮਲੇ

ਮਾਸਕੋ: ਯੂਕਰੇਨ ਨੇ ਅੱਜ ਰੂਸ ਦੇ ਖੇਤਰਾਂ ’ਤੇ ਲੜੀਬੱਧ ਡਰੋਨ ਹਮਲੇ ਕੀਤੇ। ਇਹ ਹਮਲੇ ਅਜਿਹੇ ਸਮੇਂ ਕੀਤੇ ਗਏ, ਜਦੋਂ ਰੂਸ ਦੇ ਲੋਕ ਰਾਸ਼ਟਰਪਤੀ ਚੋਣਾਂ ਦੇ ਆਖ਼ਰੀ ਦਿਨ ਵੋਟਾਂ ਪਾ ਰਹੇ ਸੀ। ਰੂਸੀ ਰੱਖਿਆ ਮੰਤਰਾਲੇ ਨੇ ਰਾਤ ਵੇਲੇ ਯੂਕਰੇਨ ਦੇ 35 ਡਰੋਨਾਂ ਨੂੰ ਡੇਗਣ ਦੀ ਸੂਚਨਾ ਦਿੱਤੀ, ਜਿਸ ਵਿੱਚ ਮਾਸਕੋ ਖੇਤਰ ਵਿੱਚ ਚਾਰ ਡਰੋਨ ਸ਼ਾਮਲ ਹਨ। ਮਾਸਕੋ ਦੇ ਮੇਅਰ ਸਰਗਈ ਸੋਬਯਾਨਿਨ ਨੇ ਕਿਹਾ ਕਿ ਇਸ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਰੱਖਿਆ ਮੰਤਰਾਲੇ ਅਨੁਸਾਰ ਦੋ ਡਰੋਨ ਰੂਸ ਦੀ ਰਾਜਧਾਨੀ ਮਾਸਕੋ ਦੇ ਠੀਕ ਦੱਖਣ ਵੱਲ ਕੁਲਗਾ ਖੇਤਰ ਵਿੱਚ ਅਤੇ ਮਾਸਕੋ ਦੇ ਉੱਤਰ-ਪੂਰਬ ਵਿੱਚ ਯਾਰੋਸਲਾਵ ਖੇਤਰ ਵਿੱਚ ਸੁੱਟੇ ਗਏ। ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਅਤੇ ਦੱਖਣੀ ਕ੍ਰਾਸਨੋਦਾਰ ਖੇਤਰ ਦੀ ਹੱਦ ਨਾਲ ਲੱਗਦੇ ਬੈਲਗਰਾਦ, ਕੁਰਸਕ ਅਤੇ ਰੋਸਤੋਵ ਖੇਤਰਾਂ ਵਿੱਚ ਯੂਕਰੇਨ ਦੇ ਹੋਰ ਡਰੋਨ ਡੇਗੇ ਗਏ ਹਨ। ਬੈਲਗਰਾਦ ਦੇ ਗਵਰਨਰ ਵਯਾਚੇਸਲਾਵ ਗਲੈਦਕੋਵ ਨੇ ਕਿਹਾ ਕਿ ਯੂਕਰੇਨ ਦੀ ਗੋਲੀਬਾਰੀ ਵਿੱਚ ਐਤਵਾਰ ਨੂੰ 16 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ ਉਸ ਦੇ ਪਿਤਾ ਜ਼ਖ਼ਮੀ ਹੋ ਗਏ। -ਏਪੀ

LEAVE A REPLY

Please enter your comment!
Please enter your name here