ਨਵੀਂ ਦਿੱਲੀ: ਕਪਤਾਨ ਹਰਮਨਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਟੋਕੀਓ ਓਲੰਪਿਕ ਵਿਚ ਕਾਂਸੇ ਦਾ ਤਗ਼ਮਾ ਜੇਤੂ ਭਾਰਤ ਦੀ ਪੁਰਸ਼ ਹਾਕੀ ਟੀਮ ਅਗਾਮੀ ਪੈਰਿਸ ਖੇਡਾਂ ਵਿਚ ਸੋਨੇ ਦਾ ਤਗ਼ਮਾ ਜਿੱਤਣ ਲਈ ਪੂਰੀ ਵਾਹ ਲਾਵੇਗੀ। ਰਿਕਾਰਡ ਅੱਠ ਵਾਰ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਨੇ 2021 ਵਿਚ ਟੋਕੀਓ ’ਚ ਕਾਂਸੇ ਦੇ ਤਗ਼ਮੇ ਲਈ ਖੇਡੇ ਮੁਕਾਬਲੇ ਵਿਚ ਇਕ ਵੇਲੇ 1-3 ਨਾਲ ਪਿੱਛੇ ਰਹਿਣ ਮਗਰੋਂ ਜਰਮਨੀ ਨੂੰ 5-4 ਨਾਲ ਮਾਤ ਦਿੱਤੀ ਸੀ। ਭਾਰਤ ਨੇ ਇਹ ਮੁਕਾਬਲਾ ਜਿੱਤ ਕੇ ਹਾਕੀ ਵਿਚ ਓਲੰਪਿਕ ਤਗ਼ਮੇ ਦੀ 41 ਸਾਲਾਂ ਦੀ ਉਡੀਕ ਖ਼ਤਮ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਨੇ 1980 ਮਾਸਕੋ ਖੇਡਾਂ ਵਿਚ ਓਲੰਪਿਕ ’ਚ ਸੋਨ ਤਗ਼ਮਾ ਜਿੱਤਿਆ ਸੀ। ਪੈਰਿਸ ਓਲੰਪਿਕ ਲਈ ਬੁੱਧਵਾਰ ਨੂੰ ਐਲਾਨੇ ਡਰਾਅ ਦੇ ਪ੍ਰਤੀਕਰਮ ਵਿਚ ਹਰਮਨਪ੍ਰੀਤ ਨੇ ਹਾਕੀ ਇੰਡੀਆ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ, ‘‘ਟੋਕੀਓ ਯਾਦਗਾਰੀ ਪਲ ਸੀ ਤੇ ਅਸੀਂ ਉਸ ਲੈਅ ਨੂੰ ਪੈਰਿਸ ਵਿਚ ਜਾਰੀ ਰੱਖਣ ਲਈ ਪ੍ਰਤੀਬੱਧ ਹਾਂ। ਸਾਡਾ ਟੀਚਾ ਬਿਲਕੁਲ ਸਪਸ਼ਟ ਹੈ….ਅਸੀਂ ਆਪਣੇ ਤਗ਼ਮੇ ਦਾ ਰੰਗ ਬਦਲਣ ਦਾ ਇਰਾਦਾ ਰੱਖਦਿਆਂ ਸੋਨ ਤਗ਼ਮੇ ਦਾ ਟੀਚਾ ਮਿੱਥਿਆ ਹੈ। ਅਸੀਂ ਪੜਾਅਵਾਰ ਅੱਗੇ ਵਧਾਂਗੇ।’’ ਆਲਮੀ ਦਰਜਾਬੰਦੀ ਵਿਚ ਚੌਥੇ ਸਥਾਨ ’ਤੇ ਕਾਬਜ਼ ਭਾਰਤੀ ਟੀਮ ਪੈਰਿਸ ਓਲੰਪਿਕ ਵਿਚ ਆਪਣੀ ਮੁਹਿੰਮ ਦਾ ਆਗਾਜ਼ 27 ਜੁਲਾਈ ਨੂੰ ਨਿਊਜ਼ੀਲੈਂਡ ਖਿਲਾਫ਼ ਮੁਕਾਬਲੇ ਨਾਲ ਕਰੇਗੀ। ਟੀਮ ਮਗਰੋਂ 29 ਜੁਲਾਈ ਨੂੰ ਅਰਜਨਟੀਨਾ, 30 ਜੁਲਾਈ ਨੂੰ ਆਇਰਲੈਂਡ ਤੇ ਪਹਿਲੀ ਅਗਸਤ ਨੂੰ ਬੈਲਜੀਅਮ ਨਾਲ ਮੱਥਾ ਲਾਏਗੀ। ਟੀਮ ਗਰੁੱਪ ਗੇੜ ਦਾ ਆਪਣਾ ਆਖਰੀ ਮੁਕਾਬਲਾ 2 ਅਗਸਤ ਨੂੰ ਆਸਟਰੇਲੀਆ ਖਿਲਾਫ਼ ਖੇਡੇਗੀ।

ਹਰਮਨਪ੍ਰੀਤ ਨੇ ਕਿਹਾ, ‘‘ਗਰੁੱਪ ‘ਬੀ’ ਵੱਡੀ ਚੁਣੌਤੀ ਹੈ। ਪਰ ਅਸੀਂ ਅਡੋਲ ਖੜ੍ਹੇ ਹਾਂ…ਪੈਰਿਸ ਓਲੰਪਿਕ ਵਿਚ ਸਾਡੇ ਰਾਹ ’ਚ ਆਉਣ ਵਾਲੀ ਹਰ ਚੁਣੌਤੀ ਲਈ ਅਸੀਂ ਮਾਨਸਿਕ ਤੇ ਸਰੀਰਕ ਤੌਰ ’ਤੇ ਤਿਆਰ ਹਾਂ। ਸਾਨੂੰ ਆਪਣੀ ਸਮਰੱਥਾ ’ਤੇ ਪੂਰਾ ਯਕੀਨ ਹੈ ਤੇ ਇਕ ਸਮੁੱਚੀ ਤਾਕਤ ਵਜੋਂ ਅਸੀਂ ਕਿਸੇ ਨੂੰ ਵੀ ਹਰਾ

ਸਕਦੇ ਹਾਂ।’’ -ਪੀਟੀਆਈ

LEAVE A REPLY

Please enter your comment!
Please enter your name here