ਸਰਬਜੀਤ ਸਿੰਘ ਭੰਗੂ

ਪਟਿਆਲਾ, 31 ਮਾਰਚ

ਸ਼ਹਿਰ ਦੀ ਗੋਪਾਲ ਕਾਲੋਨੀ ਵਿੱਚ ਰਹਿਣ ਵਾਲੇ ਪ੍ਰਜਾਪਤੀ ਸਮਾਜ ਦੇ ਕਰੀਬ 60 ਪਰਿਵਾਰ ਹੋਰ ਸਿਆਸੀ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਇਨ੍ਹਾਂ ਦਾ ਸਵਾਗਤ ਕੀਤਾ। ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਉਨ੍ਹਾਂ ਦਾ ਵੱਡਾ ਪਰਿਵਾਰ ਹੈ ਅਤੇ ਜਦੋਂ ਵੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਹਰ ਸੰਭਵ ਮਦਦ ਕਰਨ ਵਿੱਚ ਕਦੇ ਵੀ ਦੇਰੀ ਨਹੀਂ ਕਰਦੇ। ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਨੇ ਸਿਰਫ਼ ਇਸ਼ਤਿਹਾਰ ਵਜੋਂ ਹੀ ਵਿਕਾਸ ਕੀਤਾ ਹੈ ਪਰ 205 ਕਰੋੜ ਰੁਪਏ ਦੀ ਲਾਗਤ ਨਾਲ ਛੋਟੀ-ਵੱਡੀ ਨਦੀ ਦਾ ਸੁੰਦਰੀਕਰਨ, 6.80 ਕਰੋੜ ਰੁਪਏ ਦੀ ਲਾਗਤ ਨਾਲ ਡੰਪ ਵਾਲੀ ਥਾਂ ’ਤੇ ਰੈਮਿਡਿਏਸ਼ਨ ਪਲਾਂਟ, ਸ਼ਹਿਰ ਦੇ ਅੰਦਰੇ ਹਿੱਸੇ ਲਈ ਸਿੰਗਲ ਵਾਇਰ ਸਿਸਟਮ, ਨਵਾਂ ਬੱਸ ਸਟੈਂਡ, ਦੋ ਨਵੀਆਂ ਯੂਨੀਵਰਸਿਟੀਆਂ, 502 ਕਰੋੜ ਰੁਪਏ ਦਾ ਨਹਿਰੀ ਪਾਣੀ ਦਾ ਪ੍ਰਾਜੈਕਟ, 19 ਕਰੋੜ ਰੁਪਏ ਦਾ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰਾਜੈਕਟ, ਆਧੁਨਿਕ ਸਹੂਲਤਾਂ ਵਾਲੀ ਗਊਸ਼ਾਲਾ, ਕਰੋੜਾਂ ਰੁਪਏ ਦੇ ਪੱਛਮੀ ਬਾਈਪਾਸ ਦੇ ਨਿਰਮਾਣ ਲਈ ਟੈਂਡਰ ਜਾਰੀ ਕਰਵਾਉਣ, ਸੇਤੂ ਬੰਧਨ ਸਕੀਮ ਤਹਿਤ ਸ਼ਹਿਰ ਦੇ ਡੀਅਰ ਪਾਰਕ ਤੋਂ ਸਰਹਿੰਦ ਰੋਡ ਤੱਕ ਦੀ 10 ਕਿਲੋਮੀਟਰ ਲੰਬੀ ਸਿਟੀ ਰਿੰਗ ਰੋਡ ਨੂੰ ਮਨਜ਼ੂਰੀ ਦਵਾਉਣਾ, ਜੈਕਬ ਡਰੇਨ ਦਾ ਨਵੀਨੀਕਰਨ ਵਰਗੇ ਵੱਡੇ ਵਿਕਾਸ ਕਾਰਜ ਕੀਤੇ ਹਨ। ਇਸ ਮੌਕੇ ਸਾਬਕਾ ਮੇਅਰ ਸੰਜੀਵ ਬਿੱਟੂ, ਸਾਬਕਾ ਕੌਂਸਲਰ ਗਿੰਨੀ ਨਾਗਪਾਲ, ਹਰੀਸ਼ ਕਪੂਰ, ਗੁਰਮੀਤ ਸਿੰਘ ਪ੍ਰਜਾਪਤੀ, ਹਰਪ੍ਰੀਤ ਸਿੰਘ, ਸਚਿਨ ਢੰਡ, ਸਾਗਰ ਗੁਰੀ, ਹੈਪੀ ਸੋਫਤ, ਸਾਹਿਲ, ਪੂਨਮ, ਰਵੀ ਭਾਰਦਵਾਜ ਅਤੇ ਸ਼ੰਕਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here