ਜੋਗਿੰਦਰ ਸਿੰਘ ਮਾਨ

ਮਾਨਸਾ, 19 ਮਾਰਚ

ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਕਲਾ ਕਿਤਾਬ ਮੇਲੇ ਵਿੱਚ ਦਿੱਤੇ ਜਾਣ ਵਾਲੇ ਐਵਾਰਡਾਂ ਦਾ ਅੱਜ ਐਲਾਨ ਕੀਤਾ ਗਿਆ। ਮੰਚ ਦੇ ਮੁੱਖ ਸਰਪ੍ਰਸਤ ਪ੍ਰਿੰਸੀਪਲ ਦਰਸ਼ਨ ਸਿੰਘ ਦੀ ਅਗਵਾਈ ਹੇਠ ਸਲਾਹਕਾਰ ਦਰਸ਼ਨ ਜੋਗਾ, ਕਨਵੀਨਰ ਡਾ. ਕੁਲਦੀਪ ਸਿੰਘ ਅਤੇ ਕੋਰ ਕਮੇਟੀ ਦੇ ਮੈਂਬਰ ਗੁਰਨੈਬ ਮੰਘਾਣੀਆਂ, ਜਗਜੀਵਨ ਸਿੰਘ ਅਲੀਕੇ, ਗਗਨਦੀਪ ਸ਼ਰਮਾ, ਡਾ. ਕੁਲਦੀਪ ਚੌਹਾਨ ਆਧਾਰਿਤ ਕਮੇਟੀ ਨੇ ਦੱਸਿਆ ਕਿ 25, 26 ਤੇ 27 ਮਾਰਚ ਨੂੰ ਮਾਤਾ ਸੁੰਦਰੀ ਗਰਲਜ਼ ਕਾਲਜ ਵਿੱਚ ਕਲਾ ਕਿਤਾਬ ਮੇਲਾ ਕਰਾਇਆ ਜਾ ਰਿਹਾ ਹੈ। ਇਸ ਵਾਰ ‘ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ’ ਪੰਜਾਬੀ ਦੇ ਉੱਘੇ ਨਾਟਕਕਾਰ ਡਾ. ਸਵਰਾਜਬੀਰ ਨੂੰ ਦਿੱਤਾ ਜਾਵੇਗਾ। ਇਹ ਐਵਾਰਡ ਪ੍ਰੋ.ਅਜਮੇਰ ਸਿੰਘ ਔਲਖ ਦੇ ਰੰਗਮੰਚੀ ਕਾਫ਼ਲੇ ਵਿੱਚ ਸ਼ਾਮਲ ਮੈਂਬਰ ਬਲਰਾਜ ਮਾਨ, ਰਾਜ ਜੋਸ਼ੀ, ਮਨਜੀਤ ਸਿੰਘ ਚਹਿਲ ਅਤੇ ਸਰਦੂਲ ਸਿੰਘ ਚਹਿਲ ਦੇ ਸਹਿਯੋਗ ਨਾਲ ਪ੍ਰਦਾਨ ਕੀਤਾ ਜਾਵੇਗਾ।

‘ਜਤਿੰਦਰ ਬੋਹਾ ਯਾਦਗਾਰੀ ਯੁਵਾ ਪ੍ਰਤਿਭਾ ਐਵਾਰਡ’ ਸ਼ਹੀਦ ਭਗਤ ਕਲਾ ਕੇਂਦਰ ਦੇ ਸਹਿਯੋਗ ਨਾਲ ਅਦਾਕਾਰ ਅਤੇ ਖੋਜੀ ਡਾ. ਜਗਦੀਪ ਸੰਧੂ ਨੂੰ ਦਿੱਤਾ ਜਾਵੇਗਾ। ‘ਮਾਨਸਾ ਦਾ ਮਾਣ’ ਐਵਾਰਡ ਜਗਜੀਤ ਸਿੰਘ ਵਾਲੀਆ ਵੱਲੋਂ ਆਪਣੇ ਦਾਦਾ ਸੁਤੰਤਰਤਾ ਸੈਨਾਨੀ ਰਜਿੰਦਰ ਸਿੰਘ ਵਾਲੀਆ ਦੀ ਯਾਦ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਾਹਿਤਕਾਰ ਜਗਦੀਸ਼ ਰਾਏ ਕੂਲਰੀਆਂ ਅਤੇ ਓਲੰਪਿਕ ਖੇਡਾਂ ’ਚੋਂ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਜੇਤੂ ਪਰਨੀਤ ਕੌਰ ਮੰਢਾਲੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਹਾਣੀਕਾਰ ਦਰਸ਼ਨ ਜੋਗਾ ਵੱਲੋਂ ਆਪਣੇ ਪੁੱਤਰ ਦਵਿੰਦਰ ਪਾਲ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ‘ਚਮਕਦੇ ਸਿਤਾਰੇ ਐਵਾਰਡ’ ਇਸ ਵਾਰ ਰੰਗਮੰਚ ਦੇ ਨਵੇਂ ਸਿਤਾਰੇ ਦਿਲਪ੍ਰੀਤ ਚੌਹਾਨ ਨੂੰ ਦਿੱਤਾ ਜਾਵੇਗਾ। ਡਾਕਟਰ ਚਰਨਜੀਤ ਸਿੰਘ ਵੱਲੋਂ ਆਪਣੇ ਪਿਤਾ ਡਾ. ਕਰਮ ਸਿੰਘ ਰਿਉਂਦ ਕਲਾਂ ਦੀ ਯਾਦ ਵਿੱਚ ਅਧਿਆਪਕਾ ਮਨਜਿੰਦਰ ਕੌਰ ਨੂੰ ਸਿਰਜਣਾਤਮਕ ਸਿੱਖਿਆ ਵਿੱਚ ਬਿਹਤਰੀਨ ਕਾਰਜ ਕਰਨ ਲਈ ‘ਸਿਰਜਣਾਤਮਕ ਸਿੱਖਿਆ ਐਵਾਰਡ’ ਪ੍ਰਦਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here