ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 8 ਮਈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਇਹ ਦਰਖਾਸਤ ਦੇਣੀ ਕਿ ਕਿਸਾਨ ਭਾਜਪਾ ਨੂੰ ਚੋਣ ਪ੍ਰਚਾਰ ਨਹੀਂ ਕਰਨ ਦੇ ਰਹੇ ਤੇ ਪੁਲੀਸ ਸੁਰੱਖਿਆ ਪ੍ਰਬੰਧ ਕੀਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਆਪਣੀ ਪਤਲੀ ਹਾਲਤ ਦੇਖ ਕੇ ਪੰਜਾਬ ਵਿੱਚ ਚੋਣਾਂ ਤੋਂ ਭੱਜ ਰਹੀ ਹੈ ਤੇ ਚੋਣਾਂ ਕੈਂਸਲ ਕਰਵਾਉਣਾ ਚਾਹੁੰਦੀ ਹੈ। ਬਿਕਰਮ ਸਿੰਘ ਮਜੀਠੀਆ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਹੋਏ ਇੱਕ ਸਮਾਗਮ ਵਿੱਚ ਪੁੱਜੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਆਪਣੀ ਆਵਾਜ਼ ਉਠਾਉਣ ਲਈ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ ਗਿਆ ਤੇ ਹੁਣ ਕਿਸਾਨ ਭਾਜਪਾ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੰਦੇ ਤੇ ਉਹ ਸ਼ਾਂਤੀਪੂਰਵਕ ਰੋਸ ਪ੍ਰਗਟ ਕਰ ਰਹੇ ਹਨ। ਭਾਜਪਾ ਨੂੰ ਹੁਣ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਸ੍ਰੀ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕ ਅਮਿਤ ਰਤਨ (ਜਿਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੈ), ਨੂੰ ਹੁਣ ਸਟਾਰ ਪ੍ਰਚਾਰਕ ਲਾਇਆ ਹੈ ਅਤੇ ਵਿਧਾਇਕ ਵਿਜੈ ਸਿੰਗਲਾ ਜਿਸ ਨੂੰ ਭ੍ਰਿਸ਼ਟਾਚਾਰ ਕਰਨ ਦੀ ਇੱਕ ਵੀਡੀਓ ਦੇਖਣ ਦਾ ਦਾਅਵਾ ਕਰ ਕੇ ਉਸ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਬਾਰੇ ਸਥਿਤੀ ਸਪੱਸ਼ਟ ਕਰਨ ਕਿ ਉਹ ਹੁਣ ਦੋਸ਼ ਮੁਕਤ ਹਨ ਜਾਂ ਨਹੀਂ? ਉਨ੍ਹਾਂ ਮੁੱਖ ਮੰਤਰੀ ਵੱਲੋਂ ਸੁੱਖ ਵਿਲਾ ਹੋਟਲ ਬੰਦ ਕਰ ਕੇ ਸਕੂਲ ਖੋਲ੍ਹਣ ਦੇ ਦਿੱਤੇ ਬਿਆਨ ਬਾਰੇ ਕਿਹਾ ਕਿ ਸੁੱਖ ਵਿਲਾ ਜਾਂ ਹੋਰ ਕਾਰੋਬਾਰ ਹਨ ਜੋ ਕਾਨੂੰਨੀ ਪ੍ਰਕਿਰਿਆ ਅਨੁਸਾਰ ਚੱਲ ਰਹੇ ਹਨ। ਮੁੱਖ ਮੰਤਰੀ ਅਜਿਹੀਆਂ ਗੱਲਾਂ ਛੱਡ ਕੇ ਸੂਬੇ ਦੇ ਵਿਕਾਸ ਵੱਲ ਧਿਆਨ ਦੇਣ।

LEAVE A REPLY

Please enter your comment!
Please enter your name here