ਡਾ. ਗੁਰਿੰਦਰ ਕੌਰ

19 ਮਾਰਚ 2024 ਨੂੰ ਅਮਰੀਕੀ ਸੰਸਥਾ ‘ਕਲਾਈਮੇਟ ਸੈਂਟਰਲ’ ਨੇ ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਕਾਰਨ ਭਾਰਤ ਦੀਆਂ ਰੁੱਤਾਂ ਦੇ ਸਾਲਾਨਾ ਚੱਕਰ ਉੱਤੇ ਪੈ ਰਹੇ ਪ੍ਰਭਾਵਾਂ ਬਾਰੇ ਰਿਪੋਰਟ ਰਿਲੀਜ਼ ਕੀਤੀ ਹੈ। ਇਹ ਰਿਪੋਰਟ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਰਾਜਾਂ ਦੇ 1970 ਤੋਂ ਹੁਣ ਤੱਕ ਦੇ ਹਰ ਮਹੀਨੇ ਦੇ ਔਸਤ ਤਾਪਮਾਨ ਦੇ ਅੰਕੜਿਆਂ ਉੱਤੇ ਆਧਾਰਿਤ ਹੈ। ਇਸ ਰਿਪੋਰਟ ਵਿੱਚ 12 ਮਹੀਨਿਆਂ ਨੂੰ ਚਾਰ ਰੁੱਤਾਂ (ਸਰਦੀ, ਬਸੰਤ, ਗਰਮੀ, ਪੱਤਝੜ) ਵਿੱਚ ਵੰਡਿਆ ਗਿਆ ਹੈ। ਦਸੰਬਰ, ਜਨਵਰੀ, ਅਤੇ ਫਰਵਰੀ ਦੇ ਮਹੀਨਿਆਂ ਨੂੰ ਸਰਦੀ ਦੀ ਰੁੱਤ ਵਿੱਚ ਸ਼ਾਮਲ ਕੀਤਾ ਗਿਆ ਹੈ। ਕਲਾਈਮੇਟ ਸੈਂਟਰਲ ਦੀ ਇਸ ਰਿਪੋਰਟ ਨੇ ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਦੇ ਕਾਰਨ ਭਾਰਤ ਉੱਤੇ ਪੈ ਰਹੇ ਪ੍ਰਭਾਵਾਂ ਬਾਰੇ ਚਿੰਤਾਜਨਕ ਤੱਥ ਪੇਸ਼ ਕੀਤੇ ਹਨ। ਇਸ ਰਿਪੋਰਟ ਅਨੁਸਾਰ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਰਾਜਾਂ ਵਿੱਚ ਬਸੰਤ ਰੁੱਤ ਦਾ ਸਮਾਂ ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧੇ ਕਾਰਨ ਹੌਲੀ-ਹੌਲੀ ਘਟ ਰਿਹਾ ਹੈ। ਰਾਜਾਂ ਅਤੇ ਕੇਂਦਰੀ ਸ਼ਾਸਿਤ ਰਾਜਾਂ ਵਿੱਚ ਭਾਵੇਂ ਸਰਦੀਆਂ ਦੀ ਰੁੱਤ ਵਿੱਚ ਠੰਢ ਘਟ ਰਹੀ ਹੈ ਅਤੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਪਰ ਵੱਖ-ਵੱਖ ਖੇਤਰਾਂ ਵਿੱਚ ਤਾਪਮਾਨ ਦੇ ਵਾਧੇ ਦੀ ਦਰ ਸਰਦੀਆਂ ਦੇ ਹਰ ਮਹੀਨੇ ਵਿੱਚ ਵੱਖੋ-ਵੱਖਰੀ ਹੈ। ਕਲਾਈਮੇਟ ਸੈਂਟਰਲ ਦੀ ਇਸ ਰਿਪੋਰਟ ਅਨੁਸਾਰ ਪਿਛਲੇ ਪੰਜ ਦਹਾਕਿਆਂ ਵਿੱਚ ਸਰਦੀ ਦੀ ਰੁੱਤ ਵਿੱਚ ਮਨੀਪੁਰ ਵਿੱਚ ਤਾਪਮਾਨ ਵਿੱਚ 2.3 ਡਿਗਰੀ ਸੈਲਸੀਅਸ ਦਾ ਵਾਧਾ ਰਿਕਾਰਡ ਕੀਤਾ ਜੋ ਮੁਲਕ ਦੇ ਸਭ ਰਾਜਾਂ ਦੇ ਤਾਪਮਾਨ ਤੋਂ ਵੱਧ ਹੈ; ਤਾਪਮਾਨ ਵਿੱਚ ਸਭ ਤੋਂ ਘੱਟ ਵਾਧਾ ਦਿੱਲੀ ਵਿੱਚ ਹੋਇਆ ਹੈ ਜੋ ਸਿਰਫ਼ 0.23 ਡਿਗਰੀ ਸੈਲਸੀਅਸ ਹੈ।

ਸਰਦੀਆਂ ਦੀ ਰੁੱਤ ਦੇ ਮਹੀਨਿਆਂ ਵਿੱਚ 2023 ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਤਾਪਮਾਨ ਵਿੱਚ ਮਹੱਤਵਪੂਰਨ ਅੰਤਰ ਦੇਖਣ ਨੂੰ ਮਿਲਿਆ ਹੈ। ਦੱਖਣੀ ਰਾਜਾਂ ਵਿੱਚ ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਤਾਪਮਾਨ ਔਸਤ ਨਾਲੋਂ ਉੱਚਾ ਰਿਹਾ ਹੈ ਅਤੇ ਉੱਤਰੀ ਰਾਜਾਂ ਵਿੱਚ ਦਸੰਬਰ ਤੇ ਜਨਵਰੀ ਵਿੱਚ ਔਸਤ ਨਾਲੋਂ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਦਿੱਲੀ ਵਿੱਚ (ਦਸੰਬਰ ਵਿੱਚ -0.2, ਜਨਵਰੀ -0.8 ਡਿਗਰੀ ਸੈਲਸੀਅਸ), ਲੱਦਾਖ ਵਿੱਚ (ਦਸੰਬਰ ਵਿੱਚ 0.1 ਡਿਗਰੀ ਸੈਲਸੀਅਸ) ਅਤੇ ਉੱਤਰ ਪ੍ਰਦੇਸ਼ ਵਿੱਚ (ਜਨਵਰੀ ਵਿੱਚ -0.8 ਡਿਗਰੀ ਸੈਲਸੀਅਸ) ਘੱਟ ਸੀ। ਜਨਵਰੀ ਤੋਂ ਬਾਅਦ ਫਰਵਰੀ ਵਿੱਚ ਤਾਪਮਾਨ ਇਕਦਮ ਵਧਣਾ ਸ਼ੁਰੂ ਹੋ ਗਿਆ।

ਫਰਵਰੀ ਵਿੱਚ ਤਾਪਮਾਨ ਵਿੱਚ ਸਭ ਤੋਂ ਵੱਧ ਵਾਧਾ (2.6 ਡਿਗਰੀ ਸੈਲਸੀਅਸ) ਰਾਜਸਥਾਨ ਵਿੱਚ ਰਿਕਾਰਡ ਕੀਤਾ ਗਿਆ। ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲੱਦਾਖ ਅਤੇ ਜੰਮੂ ਕਸ਼ਮੀਰ ਵਿੱਚ 2 ਡਿਗਰੀ ਸੈਲਸੀਅਸ ਦਾ ਵਾਧਾ ਰਿਕਾਰਡ ਕੀਤਾ ਗਿਆ। ਪਿਛਲੇ ਦੋ ਦਹਾਕਿਆਂ ਤੋਂ ਤਾਪਮਾਨ ਵਿੱਚ ਇਕਦਮ ਵਾਧਾ ਹੋਣ ਕਾਰਨ ਫਰਵਰੀ ਦੇ ਮਹੀਨੇ ਵਿੱਚ ਮਾਰਚ ਮਹੀਨੇ ਦੇ ਮੱਧ ਵਰਗੀ ਗਰਮੀ ਹੋਣ ਲੱਗ ਪਈ ਹੈ। ਇਸ ਵਰਤਾਰੇ ਦੇ ਨਤੀਜੇ ਵਜੋਂ ਬਸੰਤ ਦੀ ਰੁੱਤ ਦਾ ਸਮਾਂ ਘਟ ਰਿਹਾ ਹੈ। ਬਸੰਤ ਰੁੱਤ ਵਿੱਚ ਆਮ ਤੌਰ ਉੱਤੇ ਤਾਪਮਾਨ ਸਾਵਾਂ ਰਹਿੰਦਾ ਹੁੰਦਾ ਸੀ ਜਿਸ ਨਾਲ ਬਨਸਪਤੀ ਹੌਲੀ-ਹੌਲੀ ਮੌਲਦੀ ਸੀ ਅਤੇ ਚਾਰ-ਚੁਫੇਰੇ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਹਰਿਆਵਲ ਨਾਲ ਭਰ ਦਿੰਦੀ ਸੀ। ਬਸੰਤ ਰੁੱਤ ਦਾ ਸਮਾਂ ਘਟਣ ਨਾਲ ਇੱਕ ਪਾਸੇ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗ ਪਿਆ ਹੈ; ਦੂਜੇ ਪਾਸੇ ਬਨਸਪਤੀ ਤੇ ਫਸਲਾਂ ਨੂੰ ਵਧਣ-ਫੁੱਲਣ ਲਈ ਪੂਰਾ ਸਮਾਂ ਨਾ ਮਿਲਣ ਕਰ ਕੇ ਹਰ ਤਰ੍ਹਾਂ ਦੇ ਖਾਧ ਪਦਾਰਥਾਂ- ਫਲਾਂ ਤੋਂ ਲੈ ਕੇ ਅਨਾਜ ਪਦਾਰਥਾਂ ਵਿੱਚ ਭਾਰੀ ਕਮੀ ਆ ਸਕਦੀ ਹੈ। ਇੰਟਰਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੀ 6ਵੀਂ ਰਿਪੋਰਟ ਦੀ ਦੂਜੀ ਕਿਸ਼ਤ ਅਨੁਸਾਰ ਧਰਤੀ ਦੇ ਔਸਤ ਤਾਪਮਾਨ ਵਿੱਚ ਇੱਕ ਤੋਂ ਚਾਰ ਡਿਗਰੀ ਦੇ ਵਾਧੇ ਨਾਲ ਦੱਖਣੀ ਏਸ਼ੀਆ ਦੇ ਮੁਲਕਾਂ ਵਿੱਚ ਮੱਕੀ ਦੇ ਉਤਪਾਦਨ ਵਿੱਚ 25 ਤੋਂ 70 ਫ਼ੀਸਦ ਅਤੇ ਚੌਲਾਂ ਦੇ ਉਤਪਾਦਨ ਵਿੱਚ 10 ਤੋਂ 30 ਫ਼ੀਸਦ ਕਮੀ ਆ ਸਕਦੀ ਹੈ।

ਬਸੰਤ ਰੁੱਤ ਦਾ ਸਮਾਂ ਇਕੱਲੇ ਭਾਰਤ ਵਿੱਚ ਹੀ ਨਹੀਂ ਘਟ ਰਿਹਾ। ਬਸੰਤ ਰੁੱਤ ਦੇ ਆਉਣ ਦੇ ਸਮੇਂ ਅਤੇ ਮਿਆਦ ਉੱਤੇ ਅਸਰ ਦੁਨੀਆ ਦੇ ਬਾਕੀ ਮੁਲਕਾਂ ਉੱਤੇ ਵੀ ਪੈ ਰਿਹਾ। ਜਾਪਾਨ ਵਿੱਚ ਬਸੰਤ ਦੀ ਰੁੱਤ ਦਾ ਉੱਥੋਂ ਦੇ ਲੋਕ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਉਹ ਇਸ ਨੂੰ ਚੈਰੀ ਦੇ ਦਰਖ਼ਤਾਂ ਉੱਤੇ ਫੁੱਲ ਪੈਣ ਨਾਲ ਜੋੜ ਕੇ ਦੇਖਦੇ ਹਨ। ਚੈਰੀ ਦੇ ਦਰਖ਼ਤਾਂ ਨੂੰ ਗੁਲਾਬੀ ਰੰਗ ਦੇ ਫੁੱਲ ਲੱਗਦੇ ਹਨ ਜੋ ਦੇਖਣ ਵਿੱਚ ਬਹੁਤ ਸੋਹਣੇ ਹੁੰਦੇ ਹਨ। ਇਸ ਰੁੱਤ ਨੂੰ ‘ਚੈਰੀ ਬਲੌਸਮ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਫੁੱਲਾਂ ਨਾਲ ਭਰੇ ਦਰਖ਼ਤਾਂ ਨੂੰ ਦੇਖਣ ਲਈ ਲੋਕ ਦੂਜੇ ਮੁਲਕਾਂ ਤੋਂ ਵੀ ਜਾਪਾਨ ਆਉਂਦੇ ਹਨ। ਇਸ ਲਈ ਜਾਪਾਨ ਸਰਕਾਰ ਇਨ੍ਹਾਂ ਦਰਖ਼ਤਾਂ ਦੇ ਫੁੱਲ ਖਿੜਨ ਦੀਆਂ ਤਾਰੀਖਾਂ ਦਾ ਖ਼ਾਸ ਤੌਰ ਉੱਤੇ ਖ਼ਿਆਲ ਰੱਖਦੀ ਹੈ। ਜਾਪਾਨ ਮੌਸਮ ਵਿਗਿਆਨ ਦੇ ਇੱਕ ਅਧਿਕਾਰੀ ਅਨੁਸਾਰ 1953 ਤੋਂ ਲੈ ਕੇ ਹੁਣ ਤੱਕ ਚੈਰੀ ਦੇ ਫੁੱਲ ਖਿੜਨ ਦੀ ਔਸਤ ਮਿਤੀ ਪ੍ਰਤੀ ਦਹਾਕੇ 1.2 ਦਿਨ ਨਿਸ਼ਚਤ ਸਮੇਂ ਤੋਂ ਪਹਿਲਾਂ ਆ ਰਹੀ ਹੈ। ਇਸੇ ਤਰ੍ਹਾਂ ਦਾ ਵਰਤਾਰਾ ਜਾਪਾਨ ਤੋਂ ਹਜ਼ਾਰਾਂ ਮੀਲ ਦੂਰ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਵਾਸ਼ਿੰਗਟਨ ਡੀਸੀ ਵਿੱਚ ਚੈਰੀ ਬਲੌਸਮ ਦੇ ਆਉਣ ਵਿੱਚ ਤੇਜ਼ੀ ਨਾਲ ਤਬਦੀਲੀ ਆ ਰਹੀ। ਪਾਰਕ ਸਰਵਿਸ ਏਜੰਸੀ ਅਨੁਸਾਰ ਪਿਛਲੀ ਇੱਕ ਸਦੀ ਵਿੱਚ (1921 ਤੋਂ ਲੈ ਕੇ ਹੁਣ ਤੱਕ ਦੇ ਅਰਸ਼ੇ ਵਿੱਚ) ਵਾਸ਼ਿੰਗਟਨ ਡੀਸੀ ਵਿੱਚ ਚੈਰੀ ਬਲੌਸਮ ਲਗਭਗ ਹਫ਼ਤਾ ਪਹਿਲਾਂ ਆਉਣ ਲੱਗ ਪਈ। ਇਸ ਤਰ੍ਹਾਂ ਜਾਪਾਨ ਅਤੇ ਅਮਰੀਕਾ ਵਿੱਚ ਸਰਦੀ ਦੀ ਰੁੱਤ ਦਾ ਸਮਾਂ ਘਟਣ ਅਤੇ ਤਾਪਮਾਨ ਵਿੱਚ ਵਾਧੇ ਕਾਰਨ ਚੈਰੀ ਦੇ ਫੁੱਲ ਸਮੇਂ ਤੋਂ ਪਹਿਲਾਂ ਖਿੜਨੇ ਸ਼ੁਰੂ ਹੋ ਜਾਂਦੇ ਹਨ। ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਦੇ ਪ੍ਰਭਾਵ ਬਹੁਤ ਗੁੰਝਲਦਾਰ ਹਨ। ਇਸ ਦੇ ਪ੍ਰਭਾਵ ਲੜੀਵਾਰ ਪੈਂਦੇ ਹਨ। ਤਾਪਮਾਨ ਦੇ ਵਾਧੇ ਨਾਲ ਇਕੱਲੀ ਬਸੰਤ ਰੁੱਤ ਹੀ ਛੋਟੀ ਨਹੀਂ ਹੋ ਰਹੀ ਸਗੋਂ ਇਸ ਨਾਲ ਗਰਮੀ, ਸਰਦੀ ਅਤੇ ਪਤੱਝੜ ਦੀਆਂ ਰੁੱਤਾਂ ਉੱਤੇ ਵੀ ਅਸਰ ਪੈ ਰਿਹਾ ਹੈ। ਉਦਯੋਗਿਕ ਇਨਕਲਾਬ ਦੇ ਸਮੇਂ ਦੇ ਪਹਿਲਾਂ ਦੇ ਸਮੇਂ ਤੋਂ 2023 ਤੱਕ ਧਰਤੀ ਦਾ ਔਸਤ 1.3 ਡਿਗਰੀ ਸੈਲਸੀਅਸ ਤੱਕ ਵੱਧ ਚੁੱਕਿਆ ਹੈ। 2023 ਦਾ ਸਾਲ ਤਾਪਮਾਨ ਦੇ ਵਾਧੇ ਦੇ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਬਣ ਗਿਆ ਹੈ। ਯੂਰੋਪ ਦੀ ‘ਕੋਪਰਨਿਕਸ ਕਲਾਈਮੇਟ ਚੇਂਜ’ ਸੰਸਥਾ ਅਨੁਸਾਰ 2023 ਵਿੱਚ ਧਰਤੀ ਦਾ ਔਸਤ ਤਾਪਮਾਨ 1.48 ਡਿਗਰੀ ਸੈਲਸੀਅਸ ਵੱਧ ਰਿਕਾਰਡ ਕੀਤਾ ਗਿਆ ਸੀ। 2023 ਦੇ ਜੁਲਾਈ ਮਹੀਨੇ ਤੋਂ ਲੈ ਕੇ 2024 ਦੇ ਫਰਵਰੀ ਮਹੀਨੇ ਤੱਕ ਲਗਾਤਾਰ 9 ਮਹੀਨੇ ਧਰਤੀ ਦੇ ਔਸਤ ਤਾਪਮਾਨ ਵਿੱਚ ਹਰ ਮਹੀਨੇ ਵਾਧਾ ਰਿਕਾਰਡ ਕੀਤਾ ਗਿਆ ਹੈ। ਫਰਵਰੀ 2024 ਵਿੱਚ ਧਰਤੀ ਦਾ ਔਸਤ ਤਾਪਮਾਨ 13.54 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਫਰਵਰੀ ਦੇ ਔਸਤ ਤਾਪਮਾਨ ਤੋਂ 1.77 ਡਿਗਰੀ ਸੈਲਸੀਅਸ ਵੱਧ ਹੈ। ਇੱਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ 2023 ਵਿੱਚ ਹਰ ਇੱਕ ਦਿਨ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਸਮੇਂ ਨਾਲੋਂ 1 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਅਤੇ ਲਗਭਗ ਅੱਧਾ ਸਾਲ (50 ਫ਼ੀਸਦ ਦਿਨਾਂ ਵਿੱਚ) ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਉੱਤੇ ਰਿਕਾਰਡ ਕੀਤਾ ਗਿਆ।

ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਦੇ ਨਾਲ ਨਾਲ 2023 ਵਿੱਚ ਦੁਨੀਆ ਦੇ ਸਾਰੇ ਸਮੁੰਦਰਾਂ ਦੇ ਔਸਤ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੇ ਅੰਕੜਿਆਂ ਅਨੁਸਾਰ 25 ਮਾਰਚ 2023 ਤੋਂ ਲੈ ਕੇ 25 ਮਾਰਚ 2024 ਤੱਕ ਦੇ ਇੱਕ ਸਾਲ ਦੇ ਅਰਸੇ ਵਿੱਚ ਸਮੁੰਦਰੀ ਸਤਹ ਦੇ ਪਾਣੀ ਦਾ ਤਾਪਮਾਨ ਇੱਕ ਦਿਨ (3 ਮਈ 2023) ਨੂੰ ਛੱਡ ਕੇ ਸਾਲ ਦੇ ਸਾਰੇ ਦਿਨਾਂ ਵਿੱਚ ਹੋਰ ਸਾਲਾਂ ਦੇ ਉਸੇ ਦਿਨ ਦੇ ਤਾਪਮਾਨ ਤੋਂ ਜ਼ਿਆਦਾ ਰਿਹਾ ਹੈ ਜੋ ਬਹੁਤ ਚਿੰਤਾਜਨਕ ਭਵਿੱਖ ਵੱਲ ਇਸ਼ਾਰਾ ਕਰਦਾ ਹੈ। ਸਮੁੰਦਰਾਂ ਦਾ ਪਾਣੀ ਪਹਿਲਾਂ ਵਾਤਾਵਰਨ ਵਿਚਲੀ 90 ਫ਼ੀਸਦ ਗਰਮੀ ਨੂੰ ਸੋਖ ਲੈਂਦਾ ਸੀ ਜੋ ਧਰਤੀ ਦਾ ਔਸਤ ਤਾਪਮਾਨ ਕੁਝ ਹੱਦ ਤੱਕ ਘਟ ਕਰ ਦਿੰਦਾ ਸੀ। ਹੁਣ ਸਮੁੰਦਰ ਦੇ ਪਾਣੀ ਦੇ ਤਾਪਮਾਨ ਦੇ ਵਧਣ ਕਾਰਨ ਸਮੁੰਦਰ ਦੇ ਪਾਣੀ ਦੀ ਧਰਤੀ ਦੀ ਗਰਮਾਇਸ਼ ਨੂੰ ਸੋਖਣ ਦੀ ਸਮਰੱਥਾ ਵੀ ਨਹੀਂ ਰਹੀ ਹੈ।

ਇਸ ਤਰ੍ਹਾਂ ਦੇ ਵਰਤਾਰੇ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਧਰਤੀ ਦਾ ਔਸਤ ਤਾਪਮਾਨ ਹੋਰ ਵਧ ਸਕਦਾ ਹੈ। ਇੰਟਰਗਰਵਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ (ਆਈਪੀਸੀਸੀ) ਦੀ ਪੰਜਵੀਂ (2014) ਅਤੇ ਛੇਵੀਂ (2021-2022) ਰਿਪੋਰਟ ਰਾਹੀਂ ਵਿਗਿਆਨੀ ਚਿਤਾਵਨੀ ਦੇ ਚੁੱਕੇ ਹਨ ਕਿ ਜੇਕਰ ਦੁਨੀਆ ਦੇ ਸਾਰੇ ਮੁਲਕਾਂ ਨੇ ਧਰਤੀ ਦੇ ਔਸਤ ਤਾਪਮਾਨ ਨੂੰ ਕਾਬੂ ਵਿੱਚ ਲਿਆਉਣ ਲਈ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਤੇਜ਼ੀ ਨਾਲ ਘੱਟ ਨਹੀਂ ਕੀਤੀ ਤਾਂ ਦੁਨੀਆ ਦਾ ਕੋਈ ਵੀ ਮੁਲਕ ਤਾਪਮਾਨ ਦੇ ਵਾਧੇ ਕਾਰਨ ਆ ਰਹੀਆਂ ਮੌਸਮੀ ਤਬਦੀਲੀਆਂ ਦੇ ਪ੍ਰਭਾਵ ਤੋਂ ਬਚ ਨਹੀਂ ਸਕੇਗਾ। ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਕਟੌਤੀ ਕਰਨ ਲਈ ਭਾਵੇਂ ਦੁਨੀਆ ਦੇ ਸਾਰੇ ਮੁਲਕ ਗੱਲਬਾਤ 1992 ਤੋਂ ਬ੍ਰਾਜ਼ੀਲ ਵਿੱਚ ਹੋਈ ‘ਅਰਥ ਸਮਿਟ’ ਨਾਮ ਦੀ ਕਾਨਫਰੰਸ ਤੋਂ ਸ਼ੁਰੂ ਕਰ ਚੁੱਕੇ ਹਨ ਪਰ ਹਾਲੇ ਤੱਕ ਵਿਕਸਤ ਮੁਲਕ ਜਿਨ੍ਹਾਂ ਨੇ ਆਰਥਿਕ ਵਿਕਾਸ ਦੇ ਨਾਮ ਉੱਤੇ ਇਤਿਹਾਸਕ ਪਿਛੋਕੜ ਵਿੱਚ ਅਤੇ ਆਰਥਿਕ ਵਿਕਾਸ ਦੀ ਤੇਜ਼ੀ ਨਾਲ ਪੌੜ੍ਹੀ ਚੜ੍ਹ ਰਹੇ ਕੁਝ ਮੁਲਕ ਵਾਤਾਵਰਨ ਵਿੱਚ ਵੱਡੀ ਮਾਤਰਾ ਵਿੱਚ ਗਰੀਨ ਹਾਊਸ ਗੈਸਾਂ ਛੱਡ ਰਹੇ ਹਨ। ਵਾਤਾਵਰਨ ਵਿੱਚ ਜ਼ਿਆਦਾ ਗਰੀਨ ਹਾਊਸ ਗੈਸਾਂ ਛੱਡਣ ਵਾਲੇ ਮੁਲਕ ਇਨ੍ਹਾਂ ਗੈਸਾਂ ਦੀ ਨਿਕਾਸੀ ਵਿੱਚ ਕਟੌਤੀ ਦੇ ਮੁੱਦੇ ਨੂੰ ਹਰ ਕਾਨਫਰੰਸ ਵਿੱਚ ਟਾਲ ਰਹੇ ਹਨ।

ਇਸ ਤਰ੍ਹਾਂ ਦੇ ਵਰਤਾਰੇ ਕਾਰਨ ਧਰਤੀ ਦਾ ਔਸਤ ਤਾਪਮਾਨ ਦਿਨੋ-ਦਿਨ ਵਧ ਰਿਹਾ ਹੈ। ਜਿਸ ਤਰ੍ਹਾਂ ਕਲਾਈਮੇਟ ਸੈਂਟਰਲ ਨੇ ‘ਸਪਰਿੰਗ ਇਜ਼ ਡਿਸਅਪੀਰਿੰਗ ਇਨ ਇੰਡੀਆ’ ਦੇ ਸਿਰਲੇਖ ਵਾਲਾ ਅਧਿਐਨ ਮਾਰਚ 2024 ਵਿੱਚ ਰਿਲੀਜ਼ ਕੀਤਾ ਹੈ, ਉਸ ਤਰ੍ਹਾਂ ਦਾ ‘ਸਾਈਲੈਂਟ ਸਪਰਿੰਗ’ ਨਾਮ ਦੇ ਸਿਰਲੇਖ ਵਾਲਾ ਅਧਿਐਨ ਰਾਚੇਲ ਕਾਰਸਨ ਨੇ 1962 ਵਿੱਚ ਪ੍ਰਕਾਸ਼ਿਤ ਕਰਵਾਇਆ ਸੀ। ਇਸ ਅਧਿਐਨ ਵਿੱਚ ਡੀਡੀਟੀ ਦੇ ਵਾਤਾਵਰਨ ਅਤੇ ਜੀਵ-ਜੰਤੂਆਂ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਦਾ ਵਿਸਥਾਰ ਪੂਰਵਕ ਵਿਸ਼ਲੇਸ਼ਣ ਕੀਤਾ ਗਿਆ ਸੀ। ਉਸ ਵੇਲੇ ਅਮਰੀਕਾ ਦੀਆਂ ਕੈਮੀਕਲ ਕੰਪਨੀਆਂ ਨੇ ਇਸ ਅਧਿਐਨ ਦਾ ਭਾਰੀ ਵਿਰੋਧ ਕੀਤਾ ਸੀ ਪਰ 10 ਸਾਲ ਬਾਅਦ 1972 ਵਿੱਚ ਅਮਰੀਕਾ ਨੇ ਡੀਡੀਟੀ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਇਸ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਸੀ।

ਇਸ ਲਈ ਦੁਨੀਆ ਦੇ ਸਾਰੇ ਮੁਲਕਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸੋਚ-ਵਿਚਾਰ ਦਾ ਵਕਤ ਨਹੀਂ ਬਚਿਆ ਹੈ। ਆਏ ਦਿਨ ਦੁਨੀਆ ਦਾ ਕੋਈ ਨਾ ਕੋਈ ਮੁਲਕ ਕਿਸੇ ਨਾ ਕਿਸੇ ਕੁਦਰਤੀ ਆਫ਼ਤ ਦੀ ਮਾਰ ਦੀ ਲਪੇਟ ਵਿੱਚ ਆਇਆ ਹੁੰਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਰੁੱਤਾਂ ਦੇ ਸਾਲਾਨਾ ਚੱਕਰ ਵਿੱਚ ਇਕੱਲੀ ਬਸੰਤ ਰੁੱਤ ਦਾ ਸਮਾਂ ਹੀ ਨਹੀਂ ਘਟ ਰਿਹਾ ਹੈ, ਹੋ ਸਕਦਾ ਹੈ ਕਿ ਜੇਕਰ ਧਰਤੀ ਦਾ ਔਸਤ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਬਸੰਤ ਰੁੱਤ, ਰੁੱਤਾਂ ਦੇ ਚੱਕਰ ਵਿੱਚੋਂ ਗਾਇਬ ਹੀ ਹੋ ਜਾਵੇ। ਬਸੰਤ ਰੁੱਤ ਦੇ ਵਜੂਦ ਦੇ ਖ਼ਤਮ ਹੋਣ ਦੇ ਨਤੀਜੇ ਵਜੋਂ ਪੱਤਝੜ ਦੀ ਰੁੱਤ ਦਾ ਤਾਂ ਖ਼ਤਮ ਹੋ ਜਾਣਾ ਸੁਭਾਵਕ ਹੈ ਅਤੇ ਬਾਕੀ ਰਹਿ ਗਈਆਂ ਸਿਰਫ਼ ਦੋ ਰੁੱਤਾਂ ਸਰਦੀਆਂ ਅਤੇ ਗਰਮੀਆਂ। ਭਾਰਤ ਵਿੱਚ ਸਰਦੀ ਇਸ ਸਾਲ ਸਿਰਫ਼ ਦੋ ਮਹੀਨੇ ਪਈ ਹੈ ਜਿਹੜੀ ਪਹਿਲਾਂ ਅਕਤੂਬਰ ਦੇ ਅੱਧ ਤੋਂ ਲੈ ਕੇ ਫਰਵਰੀ ਦੇ ਅੰਤ ਤੱਕ ਰਹਿੰਦੀ ਸੀ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੇ ਅੰਕੜਿਆਂ ਅਨੁਸਾਰ ਯੂਰੋਪ ਦਾ ਔਸਤ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ ਤੋਂ 2.2 ਡਿਗਰੀ ਸੈਲਸੀਅਸ ਵਧ ਗਿਆ ਹੈ ਅਤੇ ਯੂਰੋਪ ਦੇ ਮੁਲਕ ਦੁਨੀਆ ਦੇ ਬਾਕੀ ਥਾਵਾਂ ਦੇ ਔਸਤ ਨਾਲੋਂ ਦੁੱਗਣੀ ਤੇਜ਼ੀ ਨਾਲ ਗਰਮ ਹੋ ਰਹੇ ਹਨ। ਆਰਕਟਿਕ ਅਤੇ ਅੰਟਾਰਕਟਿਕ ਧਰੁਵਾਂ ਦੇ ਖੇਤਰਾਂ ਉੱਤੇ ਵੀ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਹਰ ਮੁਲਕ ਅਤੇ ਖੇਤਰ ਖ਼ਾਸ ਕਰ ਕੇ ਠੰਢੇ ਜਾਣੇ ਜਾਂਦੇ ਖੇਤਰਾਂ ਵਿੱਚ ਇਸ ਤਰ੍ਹਾਂ ਤਾਪਮਾਨ ਵਿੱਚ ਹੋ ਰਹੇ ਵਾਧੇ ਨਾਲ ਬਸੰਤ ਅਤੇ ਪੱਤਝੜ ਦੇ ਨਾਲ-ਨਾਲ ਸਰਦੀ ਦੀ ਰੁੱਤ ਵੀ ਘਟਦੀ ਘਟਦੀ ਖ਼ਤਮ ਹੋ ਸਕਦੀ ਹੈ। ਇਸ ਤਰ੍ਹਾਂ ਸਿਰਫ਼ ਅਤੇ ਸਿਰਫ਼ ਇੱਕ ਰੁੱਤ ਉਹ ਵੀ ਗਰਮੀ ਦੀ ਰੁੱਤ ਰਹਿ ਜਾਵੇਗੀ ਅਤੇ ਫਿਰ ਧਰਤੀ ਇੱਕ ਰੁੱਤਾਂ ਤੋਂ ਵਿਹੂਣੇ ਖੇਤਰ ਵਿੱਚ ਬਦਲ ਜਾਵੇਗੀ। ਗਰਮੀ ਦੇ ਵਾਧੇ ਕਾਰਨ ਬਨਸਪਤੀ ਦੇ ਨਾਲ ਨਾਲ ਮਨੁੱਖ ਅਤੇ ਜੀਵ-ਜੰਤੂਆਂ ਦੀ ਹੋਂਦ ਨੂੰ ਵੀ ਖ਼ਤਰਾ ਖੜ੍ਹਾ ਹੋ ਜਾਵੇਗਾ।

ਧਰਤੀ ਦੇ ਵਧ ਰਹੇ ਔਸਤ ਤਾਪਮਾਨ ਉੱਤੇ ਕਾਬੂ ਪਾਉਣ ਲਈ ਹੁਣ ਸਾਰੇ ਮੁਲਕਾਂ ਨੂੰ ਵਿਗਿਆਨੀਆਂ ਦੀਆਂ ਚਿਤਾਵਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਤੇਜ਼ੀ ਨਾਲ ਕਟੌਤੀ ਕਰਨੀ ਚਾਹੀਦੀ ਹੈ। ਹਰ ਤਰ੍ਹਾਂ ਦੇ ਜੈਵਿਕ ਬਾਲਣ (ਕੋਲਾ, ਤੇਲ, ਲੱਕੜ, ਡੀਜ਼ਲ ਆਦਿ) ਜੋ ਵਾਤਾਵਰਨ ਵਿੱਚ ਜ਼ਿਆਦਾ ਮਾਤਰਾ ਵਿੱਚ ਗਰੀਨ ਹਾਊਸ ਗੈਸਾਂ ਛੱਡਦੇ ਹਨ, ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਕੇ ਨਵਿਆਉਣਯੋਗ ਊਰਜਾ ਦੇ ਸਰੋਤਾਂ ਤੋਂ ਊਰਜਾ ਪੈਦਾ ਕਰਨੀ ਚਾਹੀਦੀ ਹੈ। ਆਵਾਜਾਈ ਦੇ ਸਾਧਨਾਂ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਤੌਰ-ਤਰੀਕਿਆਂ ਵਿੱਚ ਫੇਰ ਬਦਲ ਕਰ ਕੇ ਵੀ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਨਿਕਾਸੀ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਨਿੱਜੀ ਕਾਰਾਂ ਦੀ ਥਾਂ ਉੱਤੇ ਜਨਤਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਹਰ ਮੁਲਕ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਨਤਕ ਆਵਾਜਾਈ ਦੇ ਸਾਧਨ ਮੁਲਕ ਦੇ ਹਰ ਇੱਕ ਹਿੱਸੇ ਵਿੱਚ ਮੁੱਹਈਆ ਕਰਵਾਉਣੇ ਯਕੀਨੀ ਬਣਾਵੇ। ਸ਼ਹਿਰਾਂ ਅਤੇ ਪਿੰਡਾਂ ਦੀ ਯੋਜਨਾਬੰਦੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਰੋਜ਼ਮੱਰਾ ਵਰਤੋਂ ਦੀਆਂ ਵਸਤੂਆਂ ਦੀਆਂ ਦੁਕਾਨਾਂ, ਬੱਚਿਆਂ ਦੇ ਸਕੂਲ, ਕੰਮ ਵਾਲੀਆਂ ਥਾਵਾਂ ਆਦਿ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਹੋਣ ਤਾਂ ਕਿ ਲੋਕ ਪੈਦਲ ਜਾਂ ਸਾਈਕਲ ਉੱਤੇ ਜਾ ਕੇ ਆਪਣੇ ਕੰਮ ਆਸਾਨੀ ਨਾਲ ਕਰ ਸਕਣ। ਜੰਗਲਾਂ ਦਾ ਰਕਬਾ ਅਤੇ ਦਰਖ਼ਤਾਂ ਦੀ ਗਿਣਤੀ ਵੀ ਹਰ ਖੇਤਰ ਦੀ ਵੱਸੋਂ ਅਤੇ ਉਸ ਖੇਤਰ ਤੋਂ ਨਿਕਾਸ ਹੋਣ ਵਾਲੀਆਂ ਗਰੀਨ ਹਾਊਸ ਗੈਸਾਂ ਦੇ ਅਨੁਪਾਤ ਵਿੱਚ ਹੀ ਵਧਾਉਣੀ ਚਾਹੀਦੀ ਹੈ ਜਿਸ ਨਾਲ ਨਿਕਾਸ ਹੋਈਆਂ ਗਰੀਨ ਹਾਊਸ ਗੈਸਾਂ ਨੂੰ ਉਸ ਖੇਤਰ ਦੀ ਬਨਸਪਤੀ ਹੀ ਆਪਣੇ ਅੰਦਰ ਜਜ਼ਬ ਕਰ ਲਵੇਗੀ। ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਉੱਤੇ ਕਾਬੂ ਪਾਉਣ ਨਾਲ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਬਚਣ

ਦੇ ਨਾਲ ਨਾਲ ਰੁੱਤਾਂ ਦਾ ਸਾਲਾਨਾ ਚੱਕਰ ਵੀ ਬਰਕਰਾਰ ਰਹਿ ਸਕਦਾ ਹੈ।

*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ,

ਪੰਜਾਬੀ ਯੂਨੀਵਰਸਿਟੀ, ਪਟਿਆਲਾ।

LEAVE A REPLY

Please enter your comment!
Please enter your name here