ਪਟਨਾ, 11 ਫਰਵਰੀ

ਭਾਜਪਾ ਦੀ ਹਮਾਇਤ ਨਾਲ ਰਿਕਾਰਡ ਨੌਵੀਂ ਵਾਰ ਸਰਕਾਰ ਬਣਾਉਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਮਵਾਰ ਨੂੰ ਅਸੈਂਬਲੀ ਵਿਚ ਬਹੁਮਤ ਸਾਬਤ ਕਰਨਗੇ। ਜਨਤਾ ਦਲ (ਯੂਨਾਈਟਿਡ) ਨੇ ਭਰੋਸਾ ਪ੍ਰਗਟਾਇਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਨਿਤੀਸ਼ ਕੁਮਾਰ ਸੂਬਾਈ ਅਸੈਂਬਲੀ ਵਿਚ ਸੌਖਿਆਂ ਹੀ ਭਰੋਸੇ ਦਾ ਵੋਟ ਹਾਸਲ ਕਰ ਲੈਣਗੇ। ਬਿਹਾਰ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੈ ਕੁਮਾਰ ਚੌਧਰੀ, ਜਿਨ੍ਹਾਂ ਅੱਜ ਜੇਡੀਯੂ ਵਿਧਾਇਕਾਂ ਨਾਲ ਬੈਠਕ ਕੀਤੀ, ਨੇ ਮੀਟਿੰਗ ਵਿਚੋਂ ‘ਦੋ ਤਿੰਨ ਵਿਧਾਇਕਾਂ’ ਦੀ ਗ਼ੈਰਹਾਜ਼ਰੀ ਦੇ ਹਵਾਲੇ ਨਾਲ ਲਾਏ ਜਾ ਰਹੇ ਕਿਆਸਾਂ ਦਰਮਿਆਨ ਕਿਹਾ ਕਿ ਇਹ ਵਿਧਾਇਕ ਭਲਕੇ ਅਸੈਂਬਲੀ ਵਿਚ ਭਰੋਸੇ ਦੇ ਵੋਟ ਵੇਲੇ ਮੌਜੂਦ ਹੋਣਗੇ। ਉਧਰ ਲਾਪਤਾ ਵਿਧਾਇਕਾਂ ਨੂੰ ਲੱਭਣ ਲਈ ਬਿਹਾਰ ਪੁਲੀਸ ਦੇਰ ਰਾਤ ਆਰਜੇਡੀ ਆਗੂ ਤੇਜਸਵੀ ਯਾਦਵ ਦੇ ਘਰ ਪਹੁੰਚ ਗਈ। ਚੌਧਰੀ ਨੇ ਕਿਹਾ, ‘‘ਬਿਹਾਰ ਵਿਚ ਐੱਨਡੀਏ ਗੱਠਜੋੜ ਕੋਲ ਕੁੱਲ 128 ਵਿਧਾਇਕ ਹਨ। 243 ਮੈਂਬਰੀ ਅਸੈਂਬਲੀ ਵਿਚ ਅਸੀਂ ਸੌਖਿਆਂ ਹੀ ਬਹੁਮਤ ਸਾਬਤ ਕਰ ਦੇਵਾਂਗੇ। ਭਰੋਸੇ ਦੀ ਵੋਟ ਮੌਕੇ ਸਾਡੇ ਸਾਰੇ ਵਿਧਾਇਕ ਸਦਨ ਵਿਚ ਮੌਜੂਦ ਰਹਿਣਗੇ।’’ ਸੀਨੀਅਰ ਜੇਡੀਯੂ ਆਗੂ ਨੇ ਹਾਲਾਂਕਿ ਅੱਜ ਦੀ ਬੈਠਕ ਵਿਚੋਂ ਗੈਰਹਾਜ਼ਰ ਰਹੇ ਪਾਰਟੀ ਵਿਧਾਇਕਾਂ ਦੀ ਗਿਣਤੀ ਬਾਰੇ ਪੁੱਛੇ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਉਧਰ ਸਾਬਕਾ ਮੁੱਖ ਮੰਤਰੀ ਤੇ ਹਿੰਦੁਸਤਾਨੀ ਅਵਾਮ ਮੋਰਚਾ (ਐੱਚਏਐੱਮ) ਦੇ ਮੁਖੀ ਜੀਤਨ ਰਾਮ ਮਾਂਝੀ ਨੇ ਵੀ ਆਪਣੀ ਰਿਹਾਇਸ਼ ’ਤੇ ਵਿਧਾਨ ਮੰਡਲ ਦਲ ਦੀ ਬੈਠਕ ਕਰਕੇ ਭਲਕੇ ਵਿਧਾਨ ਸਭਾ ਵਿੱਚ ਨਿਤੀਸ਼ ਕੁਮਾਰ ਸਰਕਾਰ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਸਬੰਧੀ ਰਣਨੀਤੀ ਘੜੀ। -ਪੀਟੀਆਈ

ਕਾਂਗਰਸੀ ਵਿਧਾਇਕਾਂ ਨੇ ਤੇਜਸਵੀ ਦੀ ਰਿਹਾਇਸ਼ ’ਤੇ ਡੇਰੇ ਲਾਏ

ਪਟਨਾ: ਬਿਹਾਰ ਅਸੈਂਬਲੀ ਵਿਚ ਭਲਕੇ ਭਰੋਸੇ ਦੀ ਵੋਟ ਤੋਂ ਪਹਿਲਾਂ ਅੱਜ ਹੈਦਰਾਬਾਦ ਤੋਂ ਪਟਨਾ ਹਵਾਈ ਅੱਡੇ ’ਤੇ ਪੁੱਜੇ ਕਾਂਗਰਸੀ ਵਿਧਾਇਕਾਂ ਨੂੰ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਰਿਹਾਇਸ਼ ’ਤੇ ਰੱਖਿਆ ਗਿਆ ਹੈ। ਬਿਹਾਰ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਨੇ ਤੇਜਸਵੀ ਦੀ ਰਿਹਾਇਸ਼ ’ਤੇ ਜਾ ਕੇ ਪਾਰਟੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਸਿੰਘ ਲਾਲੂ ਪ੍ਰਸਾਦ ਯਾਦਵ ਤੇ ਤੇਜਸਵੀ ਯਾਦਵ ਨੂੰ ਵੀ ਮਿਲੇ ਤੇ ਭਰੋਸੇ ਦੇ ਵੋਟ ਨੂੰ ਲੈ ਕੇ ਰਣਨੀਤੀ ’ਤੇ ਚਰਚਾ ਕੀਤੀ। -ਆਈਏਐੱਨਐੱਸ

ਵਿਧਾਨ ਸਭਾ ਸਪੀਕਰ ਖ਼ਿਲਾਫ਼ ਬੇਭਰੋਸਗੀ ਮਤੇ ਦਾ ਮੁਕਾਬਲਾ ਕਰਾਂਗੇ: ਮਨੋਜ ਝਾਅ

ਪਟਨਾ: ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਬਿਹਾਰ ਵਿਧਾਨ ਸਭਾ ’ਚ ਸਪੀਕਰ ਅਵਧ ਬਿਹਾਰੀ ਚੌਧਰੀ ਖ਼ਿਲਾਫ਼ ਇੱਕ ਦਿਨ ਬਾਅਦ ਬੇਭਰੋਸਗੀ ਮਤਾ ਲਿਆਏ ਜਾਣ ਦੌਰਾਨ ਉਹ ਹਾਕਮ ਐੱਨਡੀਏ ਸਰਕਾਰ ਦਾ ਡੱਟ ਕੇ ਮੁਕਾਬਲਾ ਕਰੇਗਾ। ਆਰਜੇਡੀ ਦੇ ਕੌਮੀ ਬੁਲਾਰੇ ਤੇ ਰਾਜ ਸਭਾ ਮੈਂਬਰ ਮਨੋਜ ਝਾਅ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਭਰੋਸਗੀ ਮਤੇ ਦੌਰਾਨ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਵੋਟ ਪਾਉਣ। -ਪੀਟੀਆਈ

LEAVE A REPLY

Please enter your comment!
Please enter your name here