ਜੋਗਿੰਦਰ ਸਿੰਘ ਮਾਨ

ਮਾਨਸਾ, 15 ਫਰਵਰੀ

ਭਾਕਿਯੂ (ਏਕਤਾ-ਉਗਰਾਹਾਂ) ਅਤੇ ਭਾਕਿਯੂ ਡਕੌਂਦਾ (ਧਨੇਰ) ਵੱਲੋਂ ਰੇਲ ਰੋਕੋ ਦੇ ਸੱਦੇ ਤਹਿਤ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਵਿੱਚ 7 ਥਾਵਾਂ ਉਤੇ ਰੇਲ ਪਟੜੀਆਂ ਉਪਰ ਧਰਨੇ ਦਿੱਤੇ ਗਏ। ਇਹ‌ ਧਰਨੇ ਕਿਸਾਨ ਮੰਗਾਂ ਖਾਤਰ ਸੰਘਰਸ਼ ਲਈ ਦਿੱਲੀ ਜਾ ਰਹੇ ਕਿਸਾਨਾਂ ’ਤੇ ਪੁਲੀਸ ਕਾਰਵਾਈ ਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਵਿੱਚ ਜਥੇਬੰਦੀ ਵਲੋਂ ਇਹ ਧਰਨੇ ਮਾਨਸਾ ਸਮੇਤ ਜੇਠੂਕੇ,‌ ਸੁਨਾਮ, ਰਾਜਪੁਰਾ, ਮੋਗਾ, ਮਲੋਊ, ਵੱਲਾ ਫਾਟਕ ਅੰਮ੍ਰਿਤਸਰ ਵਿਖੇ ਅਮਨ ਸ਼ਾਂਤੀ ਪੂਰਵਕ ਦਿੱਤੇ ਗਏ। ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਲੋਕਾਂ ਵਿਚ ਸਰਕਾਰੀ ਜਬਰ ਦਾ ਬੇਹੱਦ ਵਿਰੋਧ ਹੈ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਮੋਰਚੇ ਦੇ ਸੱਦੇ ਉੱਤੇ ਪੰਜਾਬ ਭਰ ਵਿੱਚ ਇਸੇ ਧੱਕੇਸ਼ਾਹੀ ਖ਼ਿਲਾਫ਼ ਸਾਰੇ ਟੌਲ ਪਲਾਜ਼ਿਆਂ ਨੂੰ ਤਿੰਨ ਘੰਟਿਆਂ ਲਈ ਪਰਚੀ ਮੁਕਤ ਕਰ ਦਿੱਤਾ ਗਿਆ ਹੈ।

ਬਰਨਾਲਾ(ਪਰਸ਼ੋਤਮ ਬੱਲੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਖਿਲਾਫ਼ ਬਰਨਾਲਾ ਰੇਲਵੇ ਸਟੇਸ਼ਨ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਦੁਪਹਿਰ 12 ਵਜੇ ਤੋਂ ਬਾਅਦ ਸ਼ਾਮ 4 ਵਜੇ ਤੱਕ ਰੇਲਾਂ ਦਾ ਮੁਕੰਮਲ ਚੱਕਾ ਜਾਮ ਕੀਤਾ ਗਿਆ।

ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਨੇ ਮੋਦੀ ਹਕੂਮਤ ਦੇ ਜਾਬਰ ਫਾਸ਼ੀ ਕਦਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਾਰੀਆਂ ਰੋਕਾਂ ਖ਼ਤਮ ਕਰਕੇ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਦੇਣ ਦੀ ਜ਼ੋਰਦਾਰ ਮੰਗ ਕੀਤੀ। ਆਗੂ ਬਲਵੰਤ ਸਿੰਘ ਉੱਪਲੀ, ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਛੰਨਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਕੁਲਵਿੰਦਰ ਸਿੰਘ,ਕਾਲਾ ਸਿੰਘ ਜੈਦ ਨੇ ਵੀ ਸੰਬੋਧਨ ਕੀਤਾ।

ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਅੱਜ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਕਾਲਾਝਾੜ ਟੌਲ ਪਲਾਜ਼ਾ ਨੂੰ ਕਿਸਾਨਾਂ ਨੇ 3 ਘੰਟੇ ਲਈ ਪਰਚੀ ਮੁਕਤ ਕੀਤਾ। ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪਾਇਆ ਗਿਆ। ਧਰਨੇ ਨੂੰ ਭਾਕਿਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਆਗੂ ਮੁਕੇਸ਼ ਮਲੌਦ ਅਤੇ ਡੀਟੀਐਫ ਦੇ ਆਗੂ ਰਘਬੀਰ ਸਿੰਘ ਭਵਾਨੀਗੜ੍ਹ ਨੇ ਸੰਬੋਧਨ ਕੀਤਾ।

ਇਸ ਮੌਕੇ ਕਿਸਾਨ ਆਗੂ ਕਰਮ ਸਿੰਘ ਬਲਿਆਲ, ਨਿਰਮਲ ਸਿੰਘ, ਜਸਪਾਲ ਸਿੰਘ ਘਰਾਚੋਂ, ਬਲਜਿੰਦਰ ਸਿੰਘ ਸੰਘਰੇੜੀ, ਜਰਨੈਲ ਸਿੰਘ ਘਰਾਚੋਂ, ਅਜੈਬ ਸਿੰਘ ਸੰਘਰੇੜੀ, ਗਿਆਨ ਸਿੰਘ ਭਵਾਨੀਗੜ੍ਹ, ਗੁਰਚਰਨ ਸਿੰਘ ਘਰਾਚੋਂ, ਮਨਜਿੰਦਰ ਸਿੰਘ ਘਾਬਦਾਂ, ਚਮਕੌਰ ਸਿੰਘ ਭੱਟੀਵਾਲ, ਅਤੇ ਸੁਖਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਜੰਡਿਆਲਾ ਗੁਰੂ(ਸਿਮਰਤਪਾਲ ਸਿੰਘ ਬੇਦੀ): ਇਥੋਂ ਨਜ਼ਦੀਕੀ ਨਿੱਜਰਪੁਰਾ ਟੌਲ ਪਲਾਜ਼ਾ ਸੰਯੁਕਤ ਮੋਰਚੇ ਦੇ ਸੱਦੇ ਉੱਪਰ ਟੌਲ ਮੁਕਤ ਕੀਤਾ ਗਿਆ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜਾਮਪੁਰਾ, ਨਿਸ਼ਾਨ ਸਿੰਘ ਸਾਂਘਣਾ ਨੇ ਕਿਹਾ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਹਰ ਵਰਗ ਦਾ ਮੌਲਿਕ ਅਧਿਕਾਰ ਹੈ ਪਰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਦਿੱਲੀ ਜਾ ਰਹੇ ਕਿਸਾਨਾਂ ਉੱਤੇ ਹਰਿਆਣਾ ਸਰਕਾਰ ਦੇ ਆਦੇਸ਼ਾਂ ਨਾਲ ਪੁਲੀਸ ਵੱਲੋਂ ਬੈਰੀਕੇਡ ਅਤੇ ਹੋਰ ਰੋਕਾਂ ਲਗਾ ਰਸਤੇ ਰੋਕਣ, ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਤਸ਼ੱਦਦ ਕਰਨਾ ਅਤਿ ਨਿੰਦਣਯੋਗ ਹੈ।

 

ਗੁਰਦੇਵ ਸਿੰਘ ਵਰਪਾਲ, ਤਰਸੇਮ ਸਿੰਘ ਨੰਗਲ, ਕਸ਼ਮੀਰ ਸਿੰਘ, ਪ੍ਰਭਜੀਤ ਸਿੰਘ ਤਿੰਮੋਵਾਲ, ਨਿਰਮਲ ਸਿੰਘ ਛੱਜਲਵੱਡੀ ਆਗੂਆਂ ਨੇ ਕਿਹਾ ਪੁਲੀਸ ਦੀ ਇਸ ਕਾਰਵਾਈ ਨਾਲ ਸੈਂਕੜੇ ਕਿਸਾਨ ਜ਼ਖ਼ਮੀ ਹੋਏ ਅਤੇ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਇਸ ਸਮੇਂ ਅਮਰਜੀਤ ਸਿੰਘ ਚੌਹਾਨ, ਅਵਤਾਰ ਸਿੰਘ, ਭੁਪਿੰਦਰ ਸਿੰਘ ਜੌਹਲ, ਕੇਪੀ ਸਿੰਘ, ਪ੍ਰੇਮ ਕੁਮਾਰ, ਬਲਵਿੰਦਰ ਸਿੰਘ ਝਬਾਲ, ਦਲਬੀਰ ਸਿੰਘ ਬੇਦਾਦਪੁਰ, ਰਵਿੰਦਰ ਸਿੰਘ ਛੱਜਲਵੱਡੀ, ਪ੍ਰਕਾਸ਼ ਸਿੰਘ ਥੋਥੀਆਂ, ਡਾ. ਬਲਰਾਜ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਕਰਨੈਲ ਸਿੰਘ ਨਵਾਂਸ਼ਹਿਰ, ਅਵਤਾਰ ਸਿੰਘ ਵਡਾਲਾ ਜੌਹਲ ਮੌਜੂਦ ਸਨ।

LEAVE A REPLY

Please enter your comment!
Please enter your name here