ਭੋਪਾਲ, 3 ਮਈ

ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀਤੂ ਪਟਵਾਰੀ ਵਿਰੁੱਧ ਸੂਬਾਈ ਭਾਜਪਾ ਨੇਤਾ ਇਮਰਤੀ ਦੇਵੀ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ’ਚ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਂਗਰਸੀ ਆਗੂ ਨੇ ਅਜਿਹੀ ਟਿੱਪਣੀ ਲਈ ਮੁਆਫੀ ਮੰਗ ਲਈ ਹੈ ਪਰ ਇਮਰਤੀ ਦੇਵੀ ਦੀ ਸ਼ਿਕਾਇਤ ’ਤੇ ਗਵਾਲੀਅਰ ਦੇ ਦਾਬਰਾ ਸ਼ਹਿਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਸੋਸ਼ਲ ਮੀਡੀਆ ’ਤੇ ਇਕ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਦਰਜ ਕੀਤਾ ਗਿਆ ਹੈ ਜਿਸ ਵਿੱਚ ਇੱਕ ਔਰਤ (ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਵਾਜ਼ ਗਵਾਲੀਅਰ ਜ਼ਿਲ੍ਹੇ ਦੇ ਦਾਬਰਾ ਦੀ ਸਾਬਕਾ ਵਿਧਾਇਕ ਇਮਰਤੀ ਦੇਵੀ ਦੀ ਹੈ) ਨੂੰ ਭਿੰਡ ਅਤੇ ਗਵਾਲੀਅਰ ਲੋਕ ਸਭਾ ਸੀਟਾਂ ਤੋਂ ਕਾਂਗਰਸੀ ਉਮੀਦਵਾਰਾਂ ਦਾ ਸਮਰਥਨ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਜਦੋਂ ਕਿ ਸਾਬਕਾ ਮੰਤਰੀ ਇਮਰਤੀ ਦੇਵੀ ਨੇ ਇਸ ਆਡੀਓ ਕਲਿੱਪ ਵਿੱਚ ਉਸ ਦੀ ਆਵਾਜ਼ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਆਡੀਓ ਕਲਿੱਪ ’ਚ ਆਪਣੀ ਆਵਾਜ਼ ਬਾਰੇ ਸਾਬਕਾ ਵਿਧਾਇਕ ਦੇ ਇਨਕਾਰ ਬਾਰੇ ਪੁੱਛੇ ਜਾਣ ’ਤੇ ਪਟਵਾਰੀ ਨੇ ਕਥਿਤ ਤੌਰ ’ਤੇ ਪ੍ਰਸਿੱਧ ਮਿਠਾਈ ‘ਇਮਰਤੀ’ ਨਾਲ ਕੁਝ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਸ ’ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ, ‘‘ਔਰਤਾਂ ਦਾ ਅਪਮਾਨ ਕਰਨਾ ਕਾਂਗਰਸ ਦਾ ਕਿਰਦਾਰ ਹੈ। ਉਸ (ਪਟਵਾਰੀ) ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਕਾਂਗਰਸ ਨੂੰ ਇਸ ਮੁੱਦੇ ‘ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।’’ -ਪੀਟੀਆਈ

LEAVE A REPLY

Please enter your comment!
Please enter your name here