ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 7 ਮਈ

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਅੱਜ ਆਮ ਆਦਮੀ ਪਾਰਟੀ ’ਤੇ ਅਤਿਵਾਦੀ ਸੰਗਠਨ ਤੋਂ ਫੰਡ ਲੈਣ ਦਾ ਦੋਸ਼ ਲਾਉਂਦਿਆਂ ‘ਆਪ’ ਦੇ ਮੁੱਖ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਵੱਲੋਂ ਲਾਏ ਬੈਰੀਕੇਡ ਤੋੜ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਉਨ੍ਹਾਂ ਨੂੰ ਹੋਰ ਬੈਰੀਕੇਡਾਂ ਲਾ ਕੇ ਰੋਕ ਲਿਆ ਗਿਆ। ਪੁਲੀਸ ਨੇ ਭਾਜਪਾ ਪ੍ਰਧਾਨ ਸਣੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਨੂੰ ਥਾਣਾ ਆਈਪੀ ਤੋਂ ਐਕਸਟੈਂਸ਼ਨ ਲੈ ਜਾਇਆ ਗਿਆ ਤੇ ਕੁਝ ਸਮੇਂ ਬਾਅਦ ਚਿਤਾਵਨੀ ਦੇ ਕੇ ਰਿਹਾਅ ਕਰ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਚਦੇਵਾ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਹਨ, ਅੱਜ ‘ਆਪ’ ਉਸੇ ਟੁੱਕੜੇ-ਟੁੱਕੜੇ ਗੈਂਗ ਦਾ ਸਮਰਥਨ ਕਰ ਰਹੀ ਹੈ ਤੇ ਉਨ੍ਹਾਂ ਅਤਿਵਾਦੀ ਸੰਗਠਨਾਂ ਤੋਂ ਫੰਡ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਵਿਚਾਰਾਂ ਦੇ ਮਤਭੇਦ ਹੋ ਸਕਦੇ ਹਨ ਪਰ ਦੇਸ਼ ਦੀ ਸੁਰੱਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ। ਸ੍ਰੀ ਸਚਦੇਵਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਸਿਆਸੀ ਚਰਿੱਤਰ ਤੋਂ ਹੀ ਸਮਝਿਆ ਜਾ ਸਕਦਾ ਹੈ ਕਿ ਇਹ ਅਤਿਵਾਦੀ ਸੰਗਠਨਾਂ ਤੋਂ ਚੰਦਾ ਲੈਣ ਤੋਂ ਗੁਰੇਜ਼ ਨਹੀਂ ਕਰ ਰਹੀ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੇਸ਼ ਦੇ ਦੁਸ਼ਮਣ ਤੋਂ 134 ਕਰੋੜ ਰੁਪਏ ਲੈ ਕੇ ਦੇਸ਼ ਧ੍ਰੋਹ ਕੀਤਾ ਹੈ, ਇਸ ਲਈ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪਿਤਾਮਾ ਹੈ, ਦਿੱਲੀ ਸਰਕਾਰ ਦੇ ਹਰ ਭ੍ਰਿਸ਼ਟਾਚਾਰ ਦਾ ਉਸ ਨਾਲ ਸਿੱਧਾ ਸਬੰਧ ਹੈ ਅਤੇ ਇਕ ਅਤਿਵਾਦੀ ਸੰਗਠਨ ਤੋਂ ਵੀ ਪੈਸੇ ਲੈ ਕੇ ਕੇਜਰੀਵਾਲ ਨੇ ਦਿਖਾਇਆ ਹੈ ਕਿ ਉਨ੍ਹਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਪੂਰੀ ਤਰ੍ਹਾਂ ਡਿੱਗ ਚੁੱਕੀਆਂ ਹਨ।

LEAVE A REPLY

Please enter your comment!
Please enter your name here