ਧਰਮਪਾਲ ਸਿੰਘ ਤੂਰ/ਪੱਤਰ ਪ੍ਰੇਰਕ

ਸੰਗਤ ਮੰਡੀ ,2 ਅਪਰੈਲ

ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਵੱਲੋਂ ਡੱਬਵਾਲੀ ਪੰਜਾਬ ਹਰਿਆਣਾ ਬਾਰਡਰ ‘ਤੇ ਪੈਂਦੇ ਡੂੰਮਵਾਲੀ ਬੈਰੀਅਰ ਤੇ ਪਿਛਲੇ 43 ਦਿਨਾਂ ਤੋਂ ਲਾਏ ਗਏ ਮੋਰਚੇ ਨੂੰ ਅੱਜ ਅਗਲੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਬਾਰਡਰ ਤੇ ਲੱਗੀਆਂ ਰੋਕਾਂ ਨੂੰ ਹਟਾ ਕੇ ਆਵਾਜਾਈ ਚਾਲੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ 13 ਫਰਵਰੀ ਨੂੰ ਦਿੱਲੀ ਜਾਂਦੇ ਕਿਸਾਨਾਂ ਉੱਪਰ ਹਰਿਆਣਾ ਪੁਲੀਸ ਵੱਲੋਂ ਕੀਤੇ ਗਏ ਅੱਤਿਆਚਾਰ ਦੇ ਵਿਰੋਧ ਵਿੱਚ ਪਿਛਲੇ 43 ਦਿਨਾਂ ਤੋਂ ਲਗਾਤਾਰ ਪੰਜਾਬ ਹਰਿਆਣਾ ਬਾਰਡਰ ਤੇ ਮੋਰਚਾ ਲਾਇਆ ਹੋਇਆ ਸੀ।ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਕੋਈ ਸਰਕਾਰ ਨਾ ਰਹਿਣ ਕਰਕੇ ਜਥੇਬੰਦੀਆਂ ਵੱਲੋਂ ਕਿਸੇ ਤਰ੍ਹਾਂ ਦੀ ਗੱਲਬਾਤ ਕੇਂਦਰ ਨਾਲ ਨਹੀ ਕੀਤੀ ਜਾ ਸਕਦੀ ਸੀ।ਹਰਿਆਣਾ ਪੁਲੀਸ ਵੱਲੋਂ ਸਾਰੇ ਬਾਰਡਰ ਸੀਲ ਕੀਤੇ ਜਾਣ ਕਰਕੇ ਕਿਸਾਨਾਂ ਨੂੰ ਆ ਰਹੀ ਹਾੜੀ ਦੀ ਫ਼ਸਲ ਮੰਡੀਆਂ ਵਿੱਚ ਲੈਕੇ ਜਾਣ ਅਤੇ ਡੱਬਵਾਲੀ ਦੇ ਦੁਕਾਨਦਾਰਾਂ ਨੂੰ ਆਵਾਜਾਈ ਬੰਦ ਹੋਣ ਕਾਰਨ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਜਥੇਬੰਦੀ ਵੱਲੋਂ ਡੱਬਵਾਲੀ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਾਰਡਰ ਖੋਲ੍ਹਣ ਬਾਰੇ ਰਜ਼ਾਮੰਦੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਤੁਰੰਤ ਰੋਕਾਂ ਹਟਾਕੇ ਆਵਾਜਾਈ ਚਾਲੂ ਕਰਨ ਪਿੱਛੋਂ ਮੋਰਚਾ ਸੰਯੁਕਤ ਮੋਰਚੇ ਦੇ ਅਗਲੇ ਫੈਸਲੇ ਤੱਕ ਮੁਲਤਵੀ ਕਰ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਰਡਰ ਖੁੱਲ੍ਹ ਗਿਆ ਹੈ ਅਤੇ 3 ਮਾਰਚ ਦੀ ਸ਼ਾਮ ਉਹ ਟ੍ਰਾਲੀਆਂ ਵਾਪਸ ਲੈ ਕੇ ਮੁੜ ਜਾਣਗੇ। ਕਿਸਾਨਾਂ ਵੱਲੋਂ ਬਾਰਡਰ ਖੁਲ੍ਹਵਾਉਣ ਦੀ ਪ੍ਰਕਿਰਿਆ ਨੂੰ ਆਪਣੀ ਜਿੱਤ ਕਰਾਰ ਦਿੱਤਾ।

LEAVE A REPLY

Please enter your comment!
Please enter your name here