ਨਵੀਂ ਦਿੱਲੀ, 8 ਮਾਰਚ

ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਵਿਚ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਰੂਸ-ਯੂਕਰੇਨ ਜੰਗ ਵਿਚ ਜਬਰੀ ਧੱਕਣ ਦੀਆਂ ਘਟਨਾਵਾਂ ਦਰਮਿਆਨ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਮਾਸਕੋ ਕੋਲ ਇਹ ਮਸਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ । ਜੰਗ ਦੇ ਮੈਦਾਨ ਵਿਚ ਭੇਜੇ ਭਾਰਤੀ ਨਾਗਰਿਕਾਂ ਨੂੰ ਜਲਦੀ ਹੀ ਖਲਾਸੀ ਮਿਲ ਜਾਵੇਗੀ ਤੇ ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਈ ਜਾਵੇਗੀ। ਰੂਸੀ ਫੌਜ ਵੱਲੋਂ ਯੂਕਰੇਨ ਖ਼ਿਲਾਫ਼ ਜੰਗ ਲੜਨ ਲਈ ਮਜਬੂਰ ਕੀਤੇ ਭਾਰਤੀ ਨਾਗਰਿਕਾਂ ਵਿਚ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਵੀ ਸ਼ਾਮਲ ਦੱਸੇ ਜਾਂਦੇ ਹਨ।

ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤੀਆਂ ਨੂੰ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਜਾਂ ਫਿਰ ਆਨੇ ਬਹਾਨੇ ਝੂਠੇ ਲਾਰਿਆਂ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਵਿੱਢ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਕੰਮ ਕਰ ਰਹੇ ਆਪਣੇ ਨਾਗਰਿਕਾਂ ਦੀ ਛੇਤੀ ਤੋਂ ਛੇਤੀ ਰਿਹਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਜੇ ਪਿਛਲੇ ਦਿਨੀਂ ਹੈਦਰਾਬਾਦ ਨਾਲ ਸਬੰਧਤ ਭਾਰਤੀ ਨਾਗਰਿਕ ਮੁਹੰਮਦ ਅਸਫ਼ਾਨ ਦੀ ਯੂਕਰੇਨ ਖਿਲਾਫ਼ ਜੰਗ ਵਿਚ ਮਾਰੇ ਜਾਣ ਦੀ ਖ਼ਬਰ ਆਈ ਹੈ। ਅਸਫ਼ਾਨ ਨੂੰ ਵੀ ਜੰਗ ਵਿਚ ਜਬਰੀ ਧੱਕਿਆ ਗਿਆ ਸੀ। ਮਾਸਕੋ ਸਥਿਤ ਭਾਰਤੀ ਅੰਬੈਸੀ ਨੇ ਬੁੱਧਵਾਰ ਨੂੰ ਐਕਸ ’ਤੇ ਇਕ ਪੋਸਟ ਵਿਚ ਅਸਫ਼ਾਨ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਅੰਬੈਸੀ ਨੇ ਭਾਰਤੀ ਨਾਗਰਿਕ ਦੀ ਮੌਤ ਦਾ ਕਾਰਨ ਨਹੀਂ ਦੱਸਿਆ। ਰੂਸੀ ਫੌਜ ਲਈ ਸਹਾਇਕ ਸਟਾਫ਼ ਵਜੋਂ ਕੰਮ ਕਰਦੇ ਇਕ ਹੋਰ ਭਾਰਤੀ ਨਾਗਰਿਕ ਦੀ ਮੌਤ ਦੀ ਖ਼ਬਰ ਕਈ ਦਿਨ ਪਹਿਲਾਂ ਆਈ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਮਾਰੇ ਗਏ ਭਾਰਤੀ ਨਾਗਰਿਕਾਂ ਦੀਆਂ ਦੇਹਾਂ ਵਾਪਸ ਲਿਆਉਣ ਲਈ ਯਤਨ ਜਾਰੀ ਹਨ। ਜੈਸਵਾਲ ਨੇ ਕਿਹਾ ਕਿ 20 ਦੇ ਕਰੀਬ ਵਿਅਕਤੀਆਂ ਨੇ ਭਾਰਤ ਸਰਕਾਰ ਨਾਲ ਰਾਬਤਾ ਕੀਤਾ ਹੈ ਤੇ ਉਨ੍ਹਾਂ ਦਾ ਖੁਰਾ-ਖੋਜ ਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਰੂਸੀ ਫੌਜ ਨਾਲ ਸਹਾਇਕ ਸਟਾਫ਼ ਵਜੋਂ ਕੰਮ ਕਰ ਰਹੇ ਭਾਰਤੀਆਂ ਦੀ ਅਸਲ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਜੈਸਵਾਲ ਨੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਏਜੰਟਾਂ ਵੱਲੋਂ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਕੰਮ ਕਰਨ ਦੀਆਂ ਪੇਸ਼ਕਸ਼ਾਂ ਵਿਚ ਨਾ ਫਸਣ। ਉਨ੍ਹਾਂ ਕਿਹਾ ਕਿ ਇਹ ਕੰਮ ਬਹੁਤ ਖ਼ਤਰਨਾਕ ਹੈ ਤੇ ਇਸ ਵਿਚ ਜਾਨ ਦਾ ਵੀ ਜੋਖ਼ਮ ਹੈ। ਉਨ੍ਹਾਂ ਕਿਹਾ, ‘‘ਕਈ ਭਾਰਤੀ ਨਾਗਰਿਕਾਂ ਨੂੰ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਰੂਸੀ ਫੌਜ ਨਾਲ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਅਸੀਂ ਅਜਿਹੇ ਭਾਰਤੀ ਨਾਗਰਿਕਾਂ ਦੀ ਛੇਤੀ ਖਲਾਸੀ ਲਈ ਰੂਸੀ ਸਰਕਾਰ ਕੋਲ ਇਹ ਮਸਲਾ ਜ਼ੋਰਦਾਰ ਢੰਗ ਨਾਲ ਰੱਖਿਆ ਹੈ।’’ ਉਨ੍ਹਾਂ ਕਿਹਾ, ‘‘ਸੀਬੀਆਈ ਨੇ ਵੀਰਵਾਰ ਨੂੰ ਕਈ ਸ਼ਹਿਰਾਂ ਵਿਚ ਛਾਪੇ ਮਾਰ ਕੇ ਮਨੁੱਖੀ ਤਸਕਰੀ ਵਿਚ ਸ਼ਾਮਲ ਇਕ ਪ੍ਰਮੁੱਖ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਏਜੰਸੀ ਨੇ ਨਗ਼ਦੀ ਤੋਂ ਇਲਾਵਾ ਹੋਰ ਕਈ ਸਬੂਤ ਇਕੱਤਰ ਕੀਤੇੇ ਹਨ। ਕਈ ਏਜੰਟਾਂ ਖਿਲਾਫ਼ ਮਾਨਵੀ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਇਕ ਵਾਰ ਮੁੜ ਭਾਰਤੀ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਏਜੰਟਾਂ ਵੱਲੋਂ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਨੌਕਰੀਆਂ ਦੀ ਕੀਤੀ ਜਾਂਦੀ ਪੇਸ਼ਕਸ਼ ਦੇ ਬਹਿਕਾਵੇ ਵਿਚ ਨਾ ਆਉਣ। ਇਹ ਕੰਮ ਖ਼ਤਰਿਆਂ ਨਾਲ ਭਰਿਆ ਹੈ ਤੇ ਇਸ ਵਿਚ ਜਾਨ ਦਾ ਵੀ ਜੋਖ਼ਮ ਹੈ।’’ ਜੈਸਵਾਲ ਨ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਦੀ ਛੇਤੀ ਰਿਹਾਈ ਤੇ ਘਰ ਵਾਪਸੀ ਲਈ ਵਚਨਬੱਧ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਈ ਭਾਰਤੀ, ਜੋ ਰੂਸੀ ਫੌਜ ਵਿਚ ਸਕਿਉਰਿਟੀ ਹੈਲਪਰਾਂ ਵਜੋਂ ਭਰਤੀ ਸਨ, ਨੂੰ ਯੂਕਰੇਨ ਨਾਲ ਲੱਗਦੀ ਰੂਸੀ ਸਰਹੱਦ ’ਤੇ ਜਾਰੀ ਜੰਗ ਵਿਚ ਜਬਰੀ ਧੱਕਿਆ ਜਾ ਰਿਹਾ ਹੈ। -ਪੀਟੀਆਈ

ਕਾਬੁਲ ’ਚ ਭਾਰਤੀ ਵਫ਼ਦ ਅਫ਼ਗ਼ਾਨ ਅਧਿਕਾਰੀਆਂ ਨੂੰ ਮਿਲਿਆ

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਵਿਚ ਪਾਕਿਸਤਾਨ, ਅਫ਼ਗ਼ਾਨਿਸਤਾਨ ਤੇ ਇਰਾਨ ਮਾਮਲਿਆਂ ਬਾਰੇ ਡਿਵੀਜ਼ਨ ਦੇ ਮੁਖੀ ਤੇ ਸੰਯੁਕਤ ਸਕੱਤਰ ਜੇ.ਪੀ.ਸਿੰਘ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਕਾਬੁਲ ਵਿਚ ਅਫ਼ਗ਼ਾਨ ਅਥਾਰਿਟੀਜ਼ ਦੇ ਸੀਨੀਅਰ ਮੈਂਬਰਾਂ ਨਾਲ ਮੁਲਾਕਾਤ ਕੀਤੀ। ਬੈਠਕ ਵਿਚ ਨਵੀਂ ਦਿੱਲੀ ਵੱਲੋਂ ਅਫ਼ਗ਼ਾਨ ਲੋਕਾਂ ਨੂੰ ਮਾਨਵੀ ਮਦਦ ਤੇ ਅਫ਼ਗ਼ਾਨ ਵਪਾਰੀਆਂ ਵੱਲੋਂ ਚਾਬਹਾਰ ਬੰਦਰਗਾਹ ਵਰਤਣ ਜਿਹੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਰਿਹਾ। ਬੈਠਕ ਵਿਚ ਤਾਲਿਬਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁੱਤਾਕੀ, ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ, ਅਫ਼ਗ਼ਾਨਿਸਤਾਨ ਵਿਚ ਯੂਐੱਨ ਸਹਾਇਕ ਮਿਸ਼ਨ ਦੇ ਅਧਿਕਾਰੀ ਤੇ ਅਫ਼ਗਾਨ ਕਾਰੋਬਾਰੀ ਭਾਈਚਾਰੇ ਦੇ ਮੈਂਬਰ ਵੀ ਸ਼ਾਮਲ ਸਨ। ਅਫ਼ਗਾਨ ਅਥਾਰਿਟੀਜ਼ ਨੇ ਇਕ ਬਿਆਨ ਵਿਚ ਕਿਹਾ ਕਿ ਸਿੰਘ ਤੇ ਮੁੱਤਾਕੀ ਨੇ ਸੁਰੱਖਿਆ, ਵਣਜ ਅਤੇ ਨਸ਼ਾ ਤਸਕਰੀ ਰੋਕਣ ਦੇ ਢੰਗ ਤਰੀਕੇ ਬਾਰੇ ਵਿਚਾਰ ਚਰਚਾ ਕੀਤੀ। ਕਾਬਿਲੇਗੌਰ ਹੈ ਕਿ ਭਾਰਤ ਨੇ ਅਜੇ ਤੱਕ ਅਫ਼ਗ਼ਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਮਾਨਤਾ ਨਹੀਂ ਦਿੱਤੀ। -ਪੀਟੀਆਈ

ਸਾਰਾ ਧਿਆਨ ਇਜ਼ਰਾਈਲ ਵਿੱਚ ਭਾਰਤੀਆਂ ਦੀ ਸੁਰੱਖਿਆ ਵੱਲ

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਹਿਜ਼ਬੁੱਲ੍ਹਾ ਵੱਲੋਂ ਇਜ਼ਰਾਈਲ ’ਤੇ ਕੀਤੇ ਮਿਜ਼ਾਈਲ ਹਮਲੇ ਵਿਚ ਭਾਰਤੀ ਨਾਗਰਿਕ ਦੀ ਮੌਤ ਮਗਰੋਂ ਉਸ ਦਾ ਸਾਰਾ ਧਿਆਨ ਇਸ ਵੇਲੇ ਇਜ਼ਰਾਈਲ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਸਲਾਮਤੀ ਯਕੀਨੀ ਬਣਾਉਣ ਵੱਲ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਇਜ਼ਰਾਈਲ ਵਿੱਚ ਇਸ ਵੇਲੇ ਸਿਹਤ ਸੰਭਾਲ ਨਾਲ ਜੁੜੇ 18000 ਤੋਂ ਵੱਧ ਭਾਰਤੀ ਕਾਮੇ ਤੇ ਹੋਰ ਪੇਸ਼ੇਵਰ ਹਨ। ਉਨ੍ਹਾਂ ਦੀ ਸੁਰੱਖਿਆ ਤੇ ਸਲਾਮਤੀ ਸਾਡੇ ਲਈ ਪਹਿਲੀ ਤਰਜੀਹ ਹੈ।’’ ਕੇਰਲਾ ਨਾਲ ਸਬੰਧਤ ਪੈਟ ਨਿਬਿਨ ਮੈਕਸਵੈੱਲ 4 ਮਾਰਚ ਨੂੰ ਉੱਤਰੀ ਇਜ਼ਰਾਈਲ ਵਿਚ ਗੈਲਿਲੀ ਦੇ ਇਕ ਬਾਗ਼ ’ਤੇ ਹੋਏ ਮਿਜ਼ਾਈਲ ਹਮਲੇ ਵਿਚ ਮਾਰਿਆ ਗਿਆ ਸੀ। ਮੈਕਸਵੈੱਲ ਦੀ ਮੌਤ ਮਗਰੋਂ ਇਜ਼ਰਾਈਲ ਵਿਚਲੀ ਭਾਰਤੀ ਅੰਬੈਸੀ ਨੇ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਭਾਰਤੀ ਨਾਗਰਿਕਾਂ ਖਾਸ ਕਰ ਕੇ ਜਿਹੜੇ ਉੱਤਰੀ ਜਾਂ ਦੱਖਣੀ ਇਜ਼ਰਾਈਲ ਵਿਚ ਸਰਹੱਦੀ ਇਲਾਕਿਆਂ ’ਚ ਕੰਮ ਕਰਦੇ ਹਨ ਜਾਂ ਉਥੇ ਗਏ ਹੋਏ ਹਨ, ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਅਪੀਲ ਕੀਤੀ ਸੀ। ਜੈਸਵਾਲ ਨੇ ਐਡਵਾਈਜ਼ਰੀ ਦੇ ਹਵਾਲੇ ਨਾਲ ਇਜ਼ਰਾਈਲ ਵਿਚ ਰਹਿ ਰਹੇ ਭਾਰਤੀਆਂ ਨੂੰ ਸੱਦਾ ਦਿੱਤਾ ਕਿ ਉਹ ਵਧੇਰੇ ਚੌਕਸ ਰਹਿਣ। -ਪੀਟੀਆਈ

ਰੂਸੀ ਫੌਜ ’ਚ ਜਬਰੀ ਭਰਤੀ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ ਧਾਲੀਵਾਲ

ਧਾਰੀਵਾਲ/ਡੇਰਾ ਬਾਬਾ ਨਾਨਕ (ਪੱਤਰ ਪ੍ਰੇਰਕ/ਿਨੱਜੀ ਪੱਤਰ ਪ੍ਰੇਰਕ): ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਰੂਸੀ ਫੌਜ ’ਚ ਜਬਰੀ ਭਰਤੀ ਕੀਤੇ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇੇ। ਉਹ ਪਹਿਲਾਂ ਪਿੰਡ ਡੇਹਰੀਵਾਲ ਕਿਰਨ ਪੁੱਜੇ ਮਗਰੋਂ ਦੀਨਾਨਗਰ ਨੇੜਲੇ ਪਿੰਡ ਅਵਾਂਖਾ ਅਤੇ ਪਿੰਡ ਜੰਡੇਹ ਗਏ। ਉਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪਿੰਡ ਡੇਹਰੀਵਾਲ ਕਿਰਨ ਵਿੱਚ ਸ੍ਰੀ ਧਾਲੀਵਾਲ ਨੇ ਇੱਥੋਂ ਦੇ ਰੂਸੀ ਫ਼ੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਡੀਸੀ ਡਾ. ਹਿਮਾਂਸ਼ੂ ਅਗਰਵਾਲ ਤੇ ਹੋਰ ਅਧਿਕਾਰੀ ਮੌਜੂਦ ਸਨ। ਸ੍ਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਣੇ ਸਮੁੱਚੀ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਰੂਸੀ ਫੌਜ ਵਿੱਚ ਜਬਰੀ ਭਰਤੀ ਕੀਤੇ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਪੁੱਤਰ ਗਗਨਦੀਪ ਸਿੰਘ 23 ਦਸੰਬਰ 2023 ਨੂੰ ਟੂਰਸਿਟ ਵੀਜ਼ੇ ’ਤੇ ਰੂਸ ਗਿਆ ਸੀ ਜਿੱਥੇ ਉਸ ਸਣੇ ਹੋਰ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰਕੇ ਰੂਸ-ਯੂਕਰੇਨ ਦੀ ਜੰਗ ਵੱਲ ਧੱਕ ਦਿੱਤਾ ਗਿਆ। ਕੈਬਨਿਟ ਮੰਤਰੀ ਨੇ ਦੱਸਿਆ ਰੂਸ ਵਿੱਚ ਫਸੇ ਨੌਜਵਾਨਾਂ ਵਿੱਚੋਂ ਤਿੰਨ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ, ਅਵਾਂਖਾ ਅਤੇ ਜੰਡੇਹ ਨਾਲ ਸਬੰਧਤ ਹਨ, ਜ਼ਿਲ੍ਹਾ ਹੁਸਿਆਰਪੁਰ ਦਾ ਇਕ ਨੌਜਵਾਨ ਅਤੇ ਹਰਿਆਣੇ ਦੇ ਦੋ ਨੌਜਵਾਨ ਹਨ। ਇਕ ਨੌਜਵਾਨ ਦੇ ਪਤੇ ਬਾਰੇ ਅਜੇ ਜਾਣਕਾਰੀ ਨਹੀਂ ਹੈ। ਸ੍ਰੀ ਧਾਲੀਵਾਲ ਨੇ ਕਿਹਾ ਪੰਜਾਬ ਸਰਕਾਰ ਨੇ ਇਹ ਮਸਲਾ ਵਿਦੇਸ਼ ਮੰਤਰਾਲੇ, ਰੂਸ ਵਿੱਚ ਭਾਰਤੀ ਰਾਜਦੂਤ ਅਤੇ ਭਾਰਤ ਵਿੱਚ ਰੂਸੀ ਸਫ਼ੀਰ ਕੋਲ ਉਠਾਇਆ ਹੈ। ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ ਗਿਆ ਸੀ। ਇਸੇ ਦੌਰਾਨ ਮੰਤਰੀ ਦੀਨਾਨਗਰ ਨੇੜਲੇ ਪਿੰਡ ਅਵਾਂਖਾ ਵਿੱਚ ਨੌਜਵਾਨ ਰਵਨੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ, ਮਾਤਾ ਕੁਲਵੰਤ ਕੌਰ ਅਤੇ ਪਿੰਡ ਜੰਡੇਹ ਦੇ ਨੌਜਵਾਨ ਵਿਕਰਮ ਸਿੰਘ ਦੇ ਪਿਤਾ ਜਸਬੀਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

LEAVE A REPLY

Please enter your comment!
Please enter your name here