ਲਖਵੀਰ ਸਿੰਘ ਚੀਮਾ

ਟੱਲੇਵਾਲ,­ 5 ਮਈ

ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਅੱਜ ਪਿੰਡ ਭੋਤਨਾ ਵਿੱਚ ਚੋਣ ਪ੍ਰਚਾਰ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਦੇ ਕੁੱਝ ਨੌਜਵਾਨਾਂ ਨੇ ਸਮਾਗਮ ਦੌਰਾਨ ਮੀਤ ਹੇਅਰ ਨੂੰ ਕੁੱਝ ਸਵਾਲ ਕੀਤੇ ਪਰ ਸਟੇਜ ਤੋਂ ਵਿਧਾਇਕ ਕੁਲਵੰਤ ਪੰਡੋਰੀ ਬੈਠ ਕੇ ਮਸਲਾ ਹੱਲ ਕਰਨ ਦੀ ਗੱਲ ਆਖਦੇ ਰਹੇ।

ਇਸ ਮਗਰੋਂ ਪਿੰਡ ਤੋਂ ਬਾਹਰੋਂ ਆਏ ‘ਆਪ’ ਵਾਲੰਟੀਅਰਾਂ ਵੱਲੋਂ ਸਵਾਲ ਕਰਨ ਵਾਲੇ ਨੌਜਵਾਨਾਂ ਨੂੰ ਰੋਕੇ ਜਾਣ ’ਤੇ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਮੌਕੇ ’ਤੇ ਹਾਜ਼ਰ ਪੁਲੀਸ ਮੁਲਾਜ਼ਮ ਨੌਜਵਾਨਾਂ ਨੂੰ ਇਕ ਪਾਸੇ ਲੈ ਗਏ। ਇਸ ਮੌਕੇ ਵਿਰੋਧ ਕਰਨ ਵਾਲੇ ਨੌਜਵਾਨ ਜਸਪਾਲ ਸਿੰਘ,­ ਵਰਿੰਦਰ ਸਿੰਘ,­ ਜਸਪ੍ਰੀਤ ਸਿੰਘ,­ ਗੁਰਦੀਪ ਸਿੰਘ ਅਤੇ ਜਗਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਖੇਡ ਸਹੂਲਤਾਂ ਦੀ ਮੰਗ ਨੂੰ ਲੈ ਕੇ ਪੰਜ ਵਾਰ ਹਲਕਾ ਵਿਧਾਇਕ ਅਤੇ ਤਿੰਨ ਵਾਰ ਖੇਡ ਮੰਤਰੀ ਰਹੇ ਮੀਤ ਹੇਅਰ ਨੂੰ ਮੰਗ ਪੱਤਰ ਦਿੱਤੇ ਗਏ ਪਰ ਦੋ ਸਾਲਾਂ ਤੋਂ ਲਾਰੇ ਤੋਂ ਸਿਵਾਏ ਕੁੱਝ ਨਹੀਂ ਮਿਲਿਆ। ਇਸ ਕਰਕੇ ਉਨ੍ਹਾਂ ਅੱਜ ਪਿੰਡ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਖੇਡ ਮੰਤਰੀ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਪੰਡੋਰੀ ਨੂੰ ਪਿੰਡ ਵਾਸੀਆਂ ਦੇ ਸਾਹਮਣੇ ਸਵਾਲ ਕਰਨੇ ਜ਼ਰੂਰੀ ਸਮਝੇ। ਸਮਾਗਮ ਮਗਰੋਂ ਮੀਤ ਹੇਅਰ ਤੇ ਵਿਧਾਇਕ ਪੰਡੋਰੀ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤੇ ਚੋਣ ਜ਼ਾਬਤੇ ਮਗਰੋਂ ਖੇਡ ਸਹੂਲਤਾਂ ਲਈ ਗ੍ਰਾਂਟ ਦੇਣ ਦਾ ਵਾਅਦਾ ਕੀਤਾ।

ਬਰਨਾਲਾ (ਖੇਤਰੀ ਪ੍ਰਤੀਨਿਧ): ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਜ਼ਿਲ੍ਹੇ ਦੇ ਐੱਸਸੀ ਵਿੰਗ ਨਾਲ ਮੀਟਿੰਗ ਕਰਦਿਆਂ ਕਿਹਾ ਕਿ ‘ਆਪ’ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਲਈ ਲੋਕ ਸਭਾ ਚੋਣਾਂ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਡਾਕਟਰ ਅੰਬੇਡਕਰ ਦੇ ਫਲਸਫੇ ਅਤੇ ਵਿਚਾਰਧਾਰਾ ’ਤੇ ਪਹਿਰਾ ਦਿੰਦੀ ਹੋਈ ਕਮਜ਼ੋਰ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਪਹਿਲੀ ਵਾਰ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਫੋਟੋ ਦੀ ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਡਾਕਟਰ ਅੰਬੇਡਕਰ ਸਾਹਿਬ ਦੀਆਂ ਤਸਵੀਰਾਂ ਲਾਈਆਂ ਗਈਆਂ। ਮੀਟਿੰਗ ਵਿੱਚ ਐੱਸਸੀ ਵਿੰਗ ਦੇ ਅਹੁਦੇਦਾਰਾਂ ਨੇ ਮੀਤ ਹੇਅਰ ਨੂੰ ਚੋਣਾਂ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਕਾਲਾ ਸਿੰਘ, ਦਵਿੰਦਰ ਸਿੰਘ, ਹਰਵੀਰ ਸਿੰਘ ਭੋਤਨਾ, ਅਮਨਦੀਪ ਸਿੰਘ ਦੀਪਾ, ਸਤਨਾਮ ਸਿੰਘ ਫ਼ਤਿਹ ਹਾਜ਼ਰ ਸਨ।

ਕਿਸਾਨਾਂ ਨੇ ਹੰਸ ਰਾਜ ਹੰਸ ਨੂੰ ਕਾਲੀਆਂ ਝੰਡੀਆਂ ਦਿਖਾਈਆਂ਼

ਭਗਤਾ ਭਾਈ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਰਦੇ ਹੋਏ ਕਿਸਾਨ ਤੇ ਔਰਤਾਂ।

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸੂਬੇ ਅੰਦਰ ਭਾਜਪਾ ਉਮੀਦਵਾਰਾਂ ਦੇ ਵਿਰੋਧ ਕਰਨ ਦੇ ਦਿੱਤੇ ਸੱਦੇ ਤਹਿਤ ਅੱਜ ਕਿਸਾਨਾਂ ਨੇ ਭਗਤਾ ਭਾਈ ਵਿਚ ਚੋਣ ਪ੍ਰਚਾਰ ਲਈ ਆਏ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਹੰਸ ਰਾਜ ਹੰਸ ਆਪਣੀ ਚੋਣ ਮੁਹਿੰਮ ਤਹਿਤ ਅੱਜ ਭਗਤਾ ਭਾਈ ਵਿਚ ਇਕ ਭਾਜਪਾ ਆਗੂ ਦੇ ਘਰ ਆਏ ਸਨ। ਇਸ ਦਾ ਪਤਾ ਲੱਗਦਿਆਂ ਹੀ ਬੀਕੇਯੂ (ਉਗਰਾਹਾਂ) ਦੇ ਵਰਕਰ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਮੀਟਿੰਗ ਸਥਾਨ ਦੇ ਨੇੜੇ ਪਹੁੰਚ ਗਏ। ਇਸੇ ਮੌਕੇ ਪੁਲੀਸ ਵੱਲੋਂ ਪਹਿਲਾਂ ਤੋਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ, ਬਲਾਕ ਭਗਤਾ ਦੇ ਪ੍ਰਧਾਨ ਜਸਪਾਲ ਸਿੰਘ ਪਾਲਾ, ਅਵਤਾਰ ਸਿੰਘ ਤਾਰੀ, ਰਣਧੀਰ ਮਲੂਕਾ, ਮਜ਼ਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ ਤੇ ਔਰਤ ਆਗੂ ਮਾਲਣ ਕੌਰ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਬਜਾਇ ਉਨ੍ਹਾਂ ਨੂੰ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here