ਪੱਤਰ ਪ੍ਰੇਰਕ,

ਮੁਕੇਰੀਆਂ, 17 ਮਾਰਚ

ਨੇੜਲੇ ਪਿੰਡ ਮਨਸੂਰਪੁਰ ਵਿੱਚ ਅਸਲੇ ਸਮੇਤ ਪਿੰਡ ਵਿੱਚ ਲੁਕੇ ਰਾਣਾ ਮਨਸੂਰਪੁਰੀਆ ਨਾਮੀ ਗੈਂਗਸਟਰ ਦੀ ਭਾਲ ਵਿਚ ਆਈ ਸੀਆਈਏ ਦੀ ਟੀਮ ’ਤੇ ਗੈਂਗਸਟਰ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ਵਿੱਚ ਗੋਲੀ ਲੱਗਣ ਕਾਰਨ ਕਾਂਸਟੇਬਲ ਦੀ ਮੌਤ ਗਈ। ਮ੍ਰਿਤਕ ਦੀ ਪਛਾਣ ਸੀਆਈਏ ਸਟਾਫ ਦੇ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਪਿੰਡ ਜੰਡੋਰ ਵਜੋਂ ਹੋਈ ਹੈ। ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲੀਸ ਨੇ ਘਟਨਾ ਤੋਂ ਬਾਅਦ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰਕੇ ਘਰਾਂ ਤੇ ਖੇਤਾਂ ਵਿੱਚ ਗੈਂਗਸਟਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਘਟਨਾ ਸਥਾਨ ਤੋਂ ਕਾਰਤੂਸਾਂ ਦੇ 10 ਚੱਲੇ ਹੋਏ ਖੋਲ੍ਹ ਮਿਲੇ ਹਨ। ਘਟਨਾ ਸਥਾਨ ’ਤੇ ਐਸ ਐਸ ਪੀ ਹੁਸ਼ਿਆਰਪੁਰ ਸੁਰਿੰਦਰ ਸਿੰਘ ਲਾਂਬਾ ਅਤੇ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਵੀ ਘਟਨਾ ਸਥਾਨ ਤੇ ਪੁੱਜ ਗਏ ਹਨ। ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਪਿੰਡ ਵਿੱਚ ਸੁਖਵਿੰਦਰ ਸਿੰਘ ਦੇ ਘਰ ਛਾਪਾ ਮਾਰਨ ਗਈ ਸੀ। ਜਦੋਂ ਟੀਮ ਘਰ ਵਿੱਚ ਦਾਖ਼ਲ ਹੋਣ ਲੱਗੀ ਤਾਂ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਜੋ ਕਾਂਸਟੇਬਲ ਅੰਮ੍ਰਿਤਪਾਲ ਦੀ ਛਾਤੀ ਵਿੱਚ ਵੱਜੀ। ਉਨ੍ਹਾਂ ਦੱਸਿਆ ਕਿ ਟੀਮ ਦੇ ਬਾਕੀ ਮੈਂਬਰ ਵਾਲ ਵਾਲ ਬਚ ਗਏ ਪਰ ਸੁਖਵਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਐੱਸਐੱਸਪੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਮੁਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ, ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। -ਪੀਟੀਆਈ

LEAVE A REPLY

Please enter your comment!
Please enter your name here