ਸਰਬਜੀਤ ਸਿੰਘ ਭੰਗੂ

ਪਟਿਆਲਾ 24 ਫਰਵਰੀ

‘ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਪੰਜਾਬ’ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੂਬਾਈ ਪ੍ਰਧਾਨ ਕੁਲਬੀਰ ਸਿੰਘ ਮੋਗਾ ਅਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਕੁਲਦੀਪ ਸਿੰਘ ਭਾਦਸੋਂ ਦੀ ਅਗਵਾਈ ਹੇਠ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਸੂਬਾਈ ਧਰਨਾ ਦਿੱਤਾ ਗਿਆ। ਇਥੇ ਜੇਲ੍ਹ ਰੋਡ ’ਤੇ ਸਥਿਤ ਪੁੱਡਾ ਗਰਾਊਂਡ ਵਿੱਚ ਦਿੱਤੇ ਧਰਨੇ ਮੌਕੇ ਤਕਰੀਰਾਂ ਦੌਰਾਨ ਬੁਲਾਰਿਆਂ ਨੇ ਸਰਕਾਰ ਨੂੰ ਖੂਬ ਕੋਸਿਆ। ਸਰਕਾਰ ਖ਼ਿਲਾਫ਼ ਗਿਲੇ ਜ਼ਾਹਿਰ ਕਰਨ ਮਗਰੋਂ ਜਿਉਂ ਹੀ ਇਸ ਵੱਡੇ ਕਾਫਲੇ ਨੇ ਨੇੜੇ ਹੀ ਸਥਿਤ ਸਿਹਤ ਮੰਤਰੀ ਦੀ ਕੋਠੀ ਵੱਲ ਚਾਲੇ ਪਾਉਣ ਦੀ ਤਿਆਰੀ ਕੀਤੀ, ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕਾ ਸੰਭਾਲਦਿਆਂ ਅਧਿਕਾਰੀਆਂ ਨੇ ਰਾਬਤਾ ਸਾਧ ਕੇ ਯੂਨੀਅਨ ਆਗੂਆਂ ਦੀ ਸਿਹਤ ਮੰਤਰੀ ਦੇ ਨਾਲ 27 ਫਰਵਰੀ ਲਈ ਮੀਟਿੰਗ ਮੁਕੱਰਰ ਕਰਵਾਈ, ਜਿਸ ਉਪਰੰਤ ਹੀ ਮੁਲਾਜਮਾ ਨੇ ਕੋਠੀ ਵੱਲ ਜਾਣ ਦਾ ਪ੍ਰ੍ਰੋਗਰਾਮ ਰੱਦ ਕੀਤਾ।

ਇਸ ਧਰਨੇ ਨੂੰ ਸੂਬਾਈ ਪ੍ਰਧਾਨ ਕੁਲਬੀਰ ਸਿੰਘ ਮੋਗਾ, ਸੂਬਾਈ ਜਰਨਲ ਸਕੱਤਰ ਜਸਵਿੰਦਰ ਅਮ੍ਰਿਤਸਰ, ਮੁੱਖ ਸਲਾਹਕਾਰ ਗੁਲਜ਼ਾਰ ਖਾਨ ਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਕੁਲਦੀਪ ਸਿੰਘ ਭਾਦਸੋਂ ਸਮੇਤ ਗਗਨਦੀਪ ਬਠਿੰਡਾ, ਟਹਿਲ ਸਿੰਘ ਫਾਜਿਲਕਾ, ਗੁਰਬੀਰ ਤਰਨ ਤਾਰਨ, ਮਨਵਿੰਦਰ ਕਟਾਰੀਆ ਮੋਗਾ, ਭੁਪਿੰਦਰ ਕੌਰ ਬਠਿੰਡਾ, ਰਾਜੇਸ ਰਿਸ਼ੀ, ਰਮਨ ਅੱਤਰੀ, ਬਲਵੀਰ ਕੌਰ ਸੰਗਰੂਰ, ਰਾਜਿੰਦਰ ਮੁਕਤਸਰ, ਸੁਖਵਿੰਦਰ ਦੋਦਾ, ਗੁਰਪ੍ਰੀਤ ਬਰਨਾਲਾ, ਰਣਧੀਰ ਸੰਗਰੂਰ, ਮਨਦੀਪ ਲੁਧਿਆਣਾ, ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਕਨਵੀਨਰ ਰਵਿੰਦਰ ਲੂਥਰਾ, ਦਲਜੀਤ ਨਵਾਂਸ਼ਹਿਰ, ਕਰਮਦੀਨ ਮਾਲੇਰਕੋਟਲਾ, ਅਮਨਦੀਪ ਫਰੀਦਕੋਟ, ਕੁਲਪ੍ਰੀਤ ਲੁਧਿਆਣਾ ਗੁਰਪ੍ਰੀਤ ਮਾਨਸਾ, ਪ੍ਰਦੀਪ ਅਮ੍ਰਿਤਸਰ ਆਦਿ ਨੇ ਵੀ ਸੰਬੋਧਨ ਕੀਤਾ। ਪ੍ਰਧਾਨ ਕੁਲਬੀਰ ਮੋਗਾ ਤੇ ਜਸਵਿੰਦਰ ਅਮ੍ਰਿਤਸਰ ਨੇ ਕਿਹਾ ਕੇ ਹੱਕੀ ਮੰਗਾਂ ਦੇ ਲਈ ਜਥੇਬੰਦੀ ਕਈ ਸਾਲਾਂ ਤੋਂ ਜੱਦੋਜਹਿਦ ਕਰਦੀ ਆ ਰਹੀ ਹੈ ਜਿਸ ਦੌਰਾਨ ਸਿਵਲ ਸਰਜਨਾਂ ਰਾਹੀਂ ਮੁੱਖ ਮੰਤਰੀ, ਸਿਹਤ ਵਿਭਾਗ ਦੇ ਮੰਤਰੀ ਤੇ ਡਾਇਰੈਕਟਰ ਸਮੇਤ ਹੋਰਨਾ ਤੱਕ ਵੀ ਮੰਗ ਪੱਤਰ ਦਿੱਤੇ ਜਾਂਦੇ ਰਹੇ। ਕੁਲਦੀਪ ਭਾਦਸੋਂ ਨੇ ਦੱਸਿਆ ਕਿ ਪਹਿਲੀ ਮੰਗ ਮਲਟੀਪਰਪਜ਼ ਕੇਡਰ ਦਾ ਨਾਮ ਬਦਲਣ ਦੀ ਹੈ ਪਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਸੰਜੀਦਾ ਨਹੀ ਹੈ ਤੇ ਆਨਾਕਾਨੀ ਕਰਦੀ ਆ ਰਹੀ ਹੈ। ਬਾਕੀ ਮੰਗਾਂ ਵਿੱਚ ਕੱਟੇ ਗਏ ਭੱਤੇ ਬਹਾਲ ਕਰਨਾ, ਵਰਦੀ ਭੱਤਾ, ਟੂਰ ਭੱਤਾ ਚਾਲੂ, ਸਮੇ ਸਿਰ ਤਰੱਕੀਆਂ, ਪੰਜਾਬ ਸਕੇਲ ਲਾਗੂ ਕਰਨਾ, ਕੱਚੇ ਕਾਮੇ ਪੱਕੇ ਤੇ ਟਰੇਨਿੰਗ ਸਕੂਲ ਮੁੜ ਸ਼ੁਰੂ ਕਰਨ ਸਮੇਤ ਸਿਹਤ ਕਾਮਿਆਂ ਨੂੰ ਆਨਲਾਈਨ ਕੰਮਾਂ ਲਈ ਸਾਰਾ ਸਮਾਨ ਦੇਣਾਂ ਯਕੀਨੀ ਬਣਾਓਣਾ ਆਦਿ ਸ਼ਾਮਲ ਹਨ। ਇਸ ਮੌਕੇ ਹੀ ਸਹਤ ਕਾਮਿਆਂ ਦੀਆਂ ਅਸਾਮੀਆਂ ਫੀਮੇਲ ਸਿਹਤ ਕਾਮਿਆਂ ਦੇ ਬਰਾਬਰ ਸੈਕਸ਼ਨ ਕਰਨ, ਮਲਟੀਪਰਪਜ ਮੇਲ ਸਿਹਤ ਕਾਮਿਆਂ ਨੂੰ ਫੀਮੇਲ ਦੇ ਬਰਾਬਰ ਸਾਰੇ ਕੰਮਾਂ ਵਿੱਚ ਭਾਗੀਦਾਰ ਬਣਾਉਣ, ਮੇਲ ਸਿਹਤ ਕਾਮਿਆਂ ਦੀ ਰਜਿਸਟਰੇਸ਼ਨ ਨਰਸਿੰਗ ਕੌਂਸਲ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਕਈ ਹੋਰ ਮੰਗਾਂ ਵੀ ਉਭਾਰੀਆਂ ਗਈਆਂ।

LEAVE A REPLY

Please enter your comment!
Please enter your name here