ਸੰਯੁਕਤ ਰਾਸ਼ਟਰ/ਯੋਰੋਸ਼ਲਮ, 26 ਮਾਰਚ

ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਇਜ਼ਰਾਈਲ ਤੇ ਫਲਸਤੀਨੀ ਦਹਿਸ਼ਤੀ ਸਮੂਹ ਹਮਾਸ ਵਿਚਾਲੇ ਫੌਰੀ ਜੰਗਬੰਦੀ ਅਤੇ ਸਾਰੇ ਬੰਧਕਾਂ ਨੂੰ ਫੌਰੀ ਤੇ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਹੈ। ਕੌਂਸਲ ਦੇ ਦਸ ਚੁਣੇ ਹੋਏ ਮੈਂਬਰਾਂ ਵੱਲੋਂ ਰੱਖੇ ਮਤੇ ’ਤੇ ਵੋਟਿੰਗ ਦੌਰਾਨ ਅਮਰੀਕਾ ਗੈਰਹਾਜ਼ਰ ਰਿਹਾ ਜਦੋਂਕਿ ਬਾਕੀ ਬਚਦੇ 14 ਕੌਂਸਲ ਮੈਂਬਰਾਂ ਨੇ ਮਤੇ ਦੇ ਹੱਕ ਵਿਚ ਵੋਟ ਪਾਈ। ਇਸ ਤੋਂ ਪਹਿਲਾਂ ਵਾਸ਼ਿੰਗਟਨ ਗਾਜ਼ਾ ਪੱਟੀ ਵਿੱਚ ਪਿਛਲੇ 6 ਮਹੀਨੇ ਤੋਂ ਜਾਰੀ ਜੰਗ ਨੂੰ ਰੋਕਣ ਸਬੰਧੀ ਮਤਿਆਂ ਨੂੰ ਵੀਟੋ ਕਰਕੇ ਆਪਣੇ ਭਾਈਵਾਲ ਇਜ਼ਰਾਈਲ ਦੀ ਢਾਲ ਬਣਦਾ ਰਿਹਾ ਹੈ। ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯੂਐੈੱਨ ਸਲਾਮਤੀ ਕੌਂਸਲ ਵਿਚ ਰੱਖੇ ਮਤੇ ’ਤੇ ਵੋਟਿੰਗ ਦੌਰਾਨ ਅਮਰੀਕਾ ਦੀ ਗੈਰਹਾਜ਼ਰੀ ਦੇ ਰੋਸ ਵਜੋਂ ਆਪਣੇ ਦੋ ਸੀਨੀਅਰ ਮੰਤਰੀਆਂ ਦੀ ਤਜਵੀਜ਼ਤ ਵਾਸ਼ਿੰਗਟਨ ਫੇਰੀ ਰੱਦ ਕਰ ਦਿੱਤੀ ਹੈ। ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਕਿਹਾ ਕਿ ਉਹ ਨੇਤਨਯਾਹੂ ਦੇ ਇਸ ਫੈਸਲੇ ਨਾਲ ਇਤਫਾਕ ਨਹੀਂ ਰੱਖਦੇ ਤੇ ਵਫ਼ਦ ਨੂੰ ਵਾਸ਼ਿੰਗਟਨ ਜਾਣਾ ਚਾਹੀਦਾ ਹੈ। ਇਜ਼ਰਾਇਲੀ ਆਗੂਆਂ ਵਿਚ ਮਤਭੇਦ ਸਰਕਾਰ ’ਤੇ ਕੌਮਾਂਤਰੀ ਪੱਧਰ ’ਤੇ ਵੱਧ ਰਹੇ ਦਬਾਅ ਦੀ ਸ਼ਾਹਦੀ ਭਰਦਾ ਹੈ।

ਹਮਾਸ ਵੱਲੋਂ 7 ਅਕਤੂਬਰ ਨੂੰ ਕੀਤੇ ਹਮਲਿਆਂ ਮਗਰੋਂ ਇਜ਼ਰਾਈਲ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ 32000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਕੌਂਸਲ ਵਿਚ ਸੋਮਵਾਰ ਨੂੰ ਹੋਈ ਵੋਟਿੰਗ ਦੌਰਾਨ ਅਮਰੀਕਾ ਗੈਰਹਾਜ਼ਰ ਰਿਹਾ। ਮਤੇ ਵਿਚ ਸਾਰੇ ਬੰਧਕਾਂ ਦੀ ਫੌਰੀ ਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਵੀ ਕੀਤੀ ਗਈ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਨੇ 7 ਅਕਤੂਬਰ ਦੇ ਹਮਲਿਆਂ ਦੌਰਾਨ 253 ਯਹੂਦੀਆਂ ਨੂੰ ਬੰਧਕ ਬਣਾਇਆ ਹੈ। ਅਮਰੀਕਾ ਗਾਜ਼ਾ ਵਿਚ ਜਾਰੀ ਜੰਗ ਨੂੰ ਲੈ ਕੇ ਕੌਂਸਲ ਵੱਲੋਂ ਪੇਸ਼ ਤਿੰਨ ਮਤਿਆਂ ਦੇ ਖਰੜਿਆਂ ਨੂੰ ਵੀਟੋ ਕਰ ਚੁੱਕਾ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਗਾਜ਼ਾ ਵਿਚ ਇਮਦਾਦ ਭੇਜਣ ਅਤੇ ਵਿਚ-ਵਿਚ ਜੰਗ ਰੋਕਣ ਨਾਲ ਸਬੰਧਤ ਮਤਿਆਂ ’ਤੇ ਵੋਟਿੰਗ ਦੌਰਾਨ ਵੀ ਗੈਰਹਾਜ਼ਰ ਰਿਹਾ ਸੀ। ਰੂਸ ਤੇ ਚੀਨ ਵੀ ਹੁਣ ਤੱਕ ਅਮਰੀਕਾ ਦੀ ਹਮਾਇਤ ਵਾਲੇ ਦੋ ਮਤਿਆਂ ਨੂੰ ਅਕਤੂਬਰ ਤੇ ਲੰਘੇ ਸ਼ੁੱਕਰਵਾਰ ਨੂੰ ਵੀਟੋ ਕਰ ਚੁੱਕੇ ਹਨ। -ਰਾਇਟਰਜ਼

LEAVE A REPLY

Please enter your comment!
Please enter your name here