ਜਗਮੋਹਨ ਸਿੰਘ

ਰੂਪਨਗਰ/ਘਨੌਲੀ, 4 ਮਈ

ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਪ੍ਰਬੰਧਕਾਂ ਦਾ ਚੋਰਾਂ ਨੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਤੇ ਚੋਰਾਂ ਵੱਲੋਂ ਪਲਾਂਟ ਦੀ ਲੱਖਾਂ ਰੁਪਏ ਦੀ ਕੀਮਤ ਵਾਲਾ ਸਾਮਾਨ ਕੋਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਪਿਛਲੇ ਸਾਲ ਜੁਲਾਈ ਮਹੀਨੇ ਪੌਣਾ ਕੁਇੰਟਲ ਤਾਂਬੇ ਸਮੇਤ ਹੋਰ ਕਈ ਤਰ੍ਹਾਂ ਦਾ ਕੀਮਤੀ ਸਾਮਾਨ ਚੋਰੀ ਹੋ ਗਿਆ ਸੀ, ਜਿਸ ਉਪਰੰਤ ਥਰਮਲ ਪਲਾਂਟ ਦੇ ਬਿਜਲੀ ਸੰਭਾਲ ਸੈੱਲ ਵੱਲੋਂ ਪੁਲੀਸ ਚੌਕੀ ਘਨੌਲੀ ਵਿਖੇ ਬਕਾਇਦਾ ਦਰਖਾਸਤ ਵੀ ਦਿੱਤੀ ਗਈ ਸੀ ਪਰ ਹਾਲੇ ਤੱਕ ਇਸ ਸਬੰਧੀ ਕਿਸੇ ਵੀ ਵਿਅਕਤੀ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਹੈ। ਇਸ ਸਬੰਧੀ ਐੱਸਐੱਚਓ ਦੀਪਇੰਦਰ ਸਿੰਘ ਨੇ ਕਿਹਾ ਕਿ ਥਰਮਲ ਅਧਿਕਾਰੀਆਂ ਵੱਲੋਂ ਸ਼ੱਕੀ ਵਿਅਕਤੀਆਂ ਸਬੰਧੀ ਜਾਣਕਾਰੀ ਨਾ ਦੇਣ ਕਾਰਨ ਮੁਕੱਦਮਾ ਦਰਜ ਕਰਨ ਵਿੱਚ ਦੇਰੀ ਹੋ ਰਹੀ ਹੈ ਅਤੇ ਪੁਲੀਸ ਵੱਲੋਂ ਇਸ ਸਬੰਧ ਵਿੱਚ ਥਰਮਲ ਪਲਾਂਟ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਹਨ। ਐੱਸਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਸੁਣਿਆ ਤੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਜਾਂਚ ਕਰਵਾਈ ਜਾਵੇਗੀ ਤੇ ਜੇ ਪੁਲੀਸ ਨੂੰ ਸਹੀ ਜਾਣਕਾਰੀ ਦੇਣ ਸਬੰਧੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਅਣਗਹਿਲੀ ਪਾਈ ਗਈ ਤਾਂ ਉਸ ਸਬੰਧੀ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here