ਔਨਿੰਦਿਓ ਚੱਕਰਵਰਤੀ

ਦੋ ਸਾਲ ਪਹਿਲਾਂ ਰੂਸੀ ਟੈਂਕ ਸਰਹੱਦ ਪਾਰ ਕਰ ਕੇ ਯੂਕਰੇਨ ਵਿਚ ਦਾਖ਼ਲ ਹੋਏ ਸਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਕਾਰਵਾਈ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਦੀ ਯਾਦ ਦਿਵਾਉਂਦੀ ਹੈ ਜੋ ਕਰੀਬ ਅੱਠ ਦਹਾਕੇ ਪਹਿਲਾਂ ਉਦੋਂ ਵਾਪਰੀਆਂ ਸਨ ਜਦੋਂ ਹਿਟਲਰ ਦੀਆਂ ਫ਼ੌਜਾਂ ਨੇ ਪੋਲੈਂਡ ’ਤੇ ਚੜ੍ਹਾਈ ਕੀਤੀ ਸੀ ਜਿਸ ਨਾਲ ਆਲਮੀ ਜੰਗ ਸ਼ੁਰੂ ਹੋ ਗਈ ਸੀ। ਉਸ ਜੰਗ ਵਿਚ ਦੁਨੀਆ ਭਰ ਵਿਚ ਕਰੀਬ 8 ਕਰੋੜ ਲੋਕ ਮਾਰੇ ਗਏ ਸਨ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਹਿਟਲਰ ਦੀਆਂ ਡਾਢੀਆਂ ਵਿਸਤਾਰਵਾਦੀ ਕਾਰਵਾਈਆਂ ਅਤੇ ਨਾਜ਼ੀ ਵਿਚਾਰਧਾਰਾ ਨੂੰ ਆਮ ਜਰਮਨ ਲੋਕਾਂ ਤੋਂ ਹਮਾਇਤ ਮਿਲਦੀ ਸੀ ਕਿਉਂਕਿ ਜਰਮਨਾਂ ਅੰਦਰ ਪਹਿਲੀ ਆਲਮੀ ਜੰਗ ਤੋਂ ਬਾਅਦ ਉਨ੍ਹਾਂ ਦੇ ਦੇਸ਼ ਨਾਲ ਕੀਤੇ ਸਲੂਕ ਪ੍ਰਤੀ ਬਹੁਤ ਰੋਸ ਸੀ। ਪੂਤਿਨ ਦੀਆਂ ਪੇਸ਼ਕਦਮੀਆਂ ਮੁਤੱਲਕ ਵੀ ਇਹੋ ਜਿਹੇ ਤਰਕ ਦਿੱਤੇ ਜਾਂਦੇ ਰਹੇ ਹਨ। ਯੂਕਰੇਨ ’ਤੇ ਰੂਸ ਦੇ ਹਮਲੇ ਨੂੰ ਕ੍ਰੈਮਲਿਨ ਦੀ ਪਿੱਠ ਪਿੱਛੇ ਹੋ ਰਹੇ ਨਾਟੋ ਦੇ ਵਿਸਤਾਰ ਦੀ ਪ੍ਰਤੀਕਿਰਿਆ ਦੇ ‘ਆਖਿ਼ਰੀ ਰਾਹ’ ਵਜੋਂ ਦੇਖਿਆ ਗਿਆ ਸੀ।

ਇਹ ਤੁਲਨਾ ਇੱਥੇ ਹੀ ਖਤਮ ਹੋ ਜਾਂਦੀ ਹੈ। ਉਹ ਵਕਤ ਹੋਰ ਸਨ। ਉਦੋਂ ਦੁਨੀਆ ਉਪਰ ਸਾਮਰਾਜੀ ਸ਼ਕਤੀਆਂ ਦੀ ਧਾਂਕ ਜੰਮੀ ਹੋਈ ਸੀ ਜਿਨ੍ਹਾਂ ਨੇ ਪੂਰੇ ਗਲੋਬ ਨੂੰ ਆਪੋ-ਆਪਣੇ ਖਿੱਤਿਆਂ ਵਿਚ ਵੰਡਿਆ ਹੋਇਆ ਸੀ। ਹੁਣ ਲੁਕਵਾਂ ਸਾਮਰਾਜਵਾਦ ਚੱਲ ਰਿਹਾ ਹੈ। ਇਹ ਸਰਕਾਰਾਂ ਦੇ ਰਾਜਪਲਟੇ ਅਤੇ ਕਮਜ਼ੋਰ ਦੇਸ਼ਾਂ ਉਪਰ ਨੀਤੀਆਂ ਠੋਸ ਕੇ ਚਲਾਇਆ ਜਾਂਦਾ ਹੈ। ਭਾਰਤ ਅਤੇ ਚੀਨ ਜਿਹੀਆਂ ਸਾਬਕਾ ਬਸਤੀਆਂ ਵਿਚ ਨਾ ਕੇਵਲ ਦੁਨੀਆ ਦੀ ਇਕ ਤਿਹਾਈ ਆਬਾਦੀ ਵਸਦੀ ਹੈ ਸਗੋਂ ਇਨ੍ਹਾਂ ਦਾ ਦੋਹਾਂ ਮੁਲਕਾਂ ਦੀ ਆਲਮੀ ਅਰਥਚਾਰੇ ਵਿਚ ਇਕ ਚੁਥਾਈ ਹਿੱਸੇਦਾਰੀ ਹੋ ਗਈ ਹੈ। ਯੂਰੋਪ ਪਤਨ ਵੱਲ ਜਾ ਰਿਹਾ ਹੈ; ਅਮਰੀਕਾ ਨੂੰ ਦੁਨੀਆ ਦਾ ਇਕਮਾਤਰ ਥਾਣੇਦਾਰ ਬਣੇ ਰਹਿਣ ਲਈ ਜੂਝਣਾ ਪੈ ਰਿਹਾ ਹੈ।

ਤੀਹ ਸਾਲ ਪਹਿਲਾਂ ਜਿਵੇਂ ਸੋਵੀਅਤ ਸੰਘ ਬਿਖਰ ਗਿਆ ਸੀ ਅਤੇ ਅਮਰੀਕੀ ਦਬਦਬੇ ਵਾਲੇ ਕੌਮਾਂਤਰੀ ਵਿੱਤੀ ਅਦਾਰਿਆਂ ਨੇ ਪੱਛਮ ਦੇ ਅਕਸ ’ਚੋਂ ਕੌਮੀ ਅਰਥਚਾਰਿਆਂ ਦਾ ਮੁੜ ਖਾਕਾ ਵਾਹਿਆ ਸੀ ਤਾਂ ਇਵੇਂ ਜਾਪਦਾ ਸੀ ਕਿ ਦੁਨੀਆ ਹੌਲੀ ਹੌਲੀ ਇਕਜੁੱਟ ਮੰਡੀ ਬਣ ਜਾਵੇਗੀ। ਗਲੋਬਲ ਨੌਰਥ (ਵਿਕਸਤ ਮੁਲਕਾਂ ਦਾ ਸਮੂਹ) ਹਰ ਕਿਤੇ ਪੂੰਜੀ ਅਤੇ ਆਪਣੇ ਅਸਾਸੇ ਮੁਹੱਈਆ ਕਰਵਾਏਗਾ; ਗਲੋਬਲ ਸਾਊਥ ਸਸਤੀ ਕਿਰਤ ਪਹੁੰਚਾਏਗਾ। ਇਹ ਮਿੱਥ ਸਿਰਜਿਆ ਗਿਆ ਕਿ ਅਮੀਰ ਦੇਸ਼ਾਂ ’ਚੋਂ ਦੌਲਤ ਰਿਸ ਕੇ ਗਰੀਬ ਦੇਸ਼ਾਂ ਕੋਲ ਆਵੇਗੀ ਅਤੇ ਪੂੰਜੀ ਦੇ ਬੇਰੋਕ ਵਹਾਓ ਨਾਲ ਸਾਰੀਆਂ ਕਿਸ਼ਤੀਆਂ ਸੰਗ-ਸੰਗ ਤੈਰਨਗੀਆਂ, ਭਾਵੇਂ ਇਨ੍ਹਾਂ ਦੇ ਨਾਲ ਕੁਝ ਵੱਡੇ ਜਹਾਜ਼ ਅਤੇ ਖਸਤਾਹਾਲ ਕਟਮਰਾਨ (ਕਿਸ਼ਤੀਆਂ) ਵੀ ਚਲਦੀਆਂ ਰਹਿਣਗੀਆਂ।

ਇਹ ਗੱਲ ਵੀ ਪਿਛਾਂਹ ਛੁਟ ਗਈ ਹੈ। ਸੰਸਾਰੀਕਰਨ ਦਾ ਹੁਣ ਭੋਗ ਪੈ ਗਿਆ ਹੈ, ਸਿਰਫ਼ ਕੁਝ ਕੁ ਥਾਵਾਂ ਨੂੰ ਛੱਡ ਕੇ ਜਿੱਥੇ ਇਸ ਦਾ ਮਤਲਬ ਪੱਛਮੀ ਪੂੰਜੀ ਲਈ ਦੁਆਰ ਖੋਲ੍ਹਣਾ ਹੁੰਦਾ ਹੈ। ਸਾਬਕਾ ਵਿਕਸਤ ਦੇਸ਼ ਟੈਰਿਫ (ਮਹਿਸੂਲ) ਅਤੇ ਨਾਨ-ਟੈਰਿਫ ਦੀਵਾਰਾਂ ਖੜ੍ਹੀਆਂ ਕਰ ਰਹੇ ਹਨ ਤਾਂ ਕਿ ਚੀਨ ਅਤੇ ਭਾਰਤ ਜਿਹੇ ਨਵੇਂ ਵਿਕਾਸਸ਼ੀਲ ਮੁਲਕਾਂ ਤੋਂ ਆਪਣੇ ਅਰਥਚਾਰਿਆਂ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਹਰ ਸਰਕਾਰ ਜਾਣਦੀ ਹੈ ਕਿ ਭਵਿੱਖ ਮਸਨੂਈ ਬੁੱਧੀ (ਏਆਈ) ਅਤੇ ਸਵੱਛ ਊਰਜਾ ਦਾ ਹੈ। ਇਲੈਕਟ੍ਰਿਕ ਕਾਰਾਂ ਅਤੇ ਕੰਪਿਊਟਰ ਚਿੱਪਾਂ ਬਣਾਉਣ ਵਾਸਤੇ ਹੁਣ ਕੁਦਰਤੀ ਸਰੋਤਾਂ ਉਪਰ ਕੰਟਰੋਲ ਕਰਨ ਦੀ ਆਲਮੀ ਹੋੜ ਛਿੜੀ ਹੋਈ ਹੈ। ਇਨ੍ਹਾਂ ’ਚੋਂ ਬਹੁਤੇ ਸਰੋਤ ਅਫਰੀਕੀ ਮੁਲਕਾਂ ਵਿਚ ਮਿਲਦੇ ਹਨ ਜਿਸ ਨਾਲ ਉਸ ਮਹਾਦੀਪ ਅੰਦਰ ਆਪਣਾ ਸਿਆਸੀ ਪ੍ਰਭਾਵ ਵਧਾਉਣ ਲਈ ਵੱਡੀਆਂ ਤਾਕਤਾਂ ਤਰਲੋਮੱਛੀ ਹੋ ਰਹੀਆਂ ਹਨ। ਯੂਕਰੇਨ ਵਿਚ ਰੂਸੀ ਜੰਗ ਅਤੇ ਇਸ ਦੇ ਰਾਜਨੀਤਕ ਆਰਥਿਕ ਅਸਰ ਨੂੰ ਸੰਸਾਰੀਕਰਨ ਦੇ ਅੰਤ ਅਤੇ ਨਵ-ਸਾਮਰਾਜਵਾਦੀ ਵੈਰ ਵਿਰੋਧਾਂ ਦੇ ਸੁਰਜੀਤ ਹੋਣ ਦੇ ਪ੍ਰਸੰਗ ਵਿਚ ਸਮਝਿਆ ਜਾ ਸਕਦਾ ਹੈ।

ਪਹਿਲੀ ਗੱਲ ਇਹ ਹੈ ਕਿ ਰੂਸ ਦੇ ਅਰਥਚਾਰੇ ਦੇ ਢਹਿ ਢੇਰੀ ਹੋਣ ਦੀਆਂ ਸਾਰੀਆਂ ਭਵਿੱਖਬਾਣੀਆਂ ਗ਼ਲਤ ਸਿੱਧ ਹੋਈਆਂ ਹਨ। ਰੂਸ ਦੀ ਕੁੱਲ ਘਰੇਲੂ ਪੈਦਾਵਾਰ ਬਾਰੇ ਆਮ ਸਹਿਮਤੀ ਵਾਲਾ ਅਨੁਮਾਨ ਇਹ ਹੈ ਕਿ 2023 ਦੌਰਾਨ ਪੱਛਮੀ ਪਾਬੰਦੀਆਂ ਕਰ ਕੇ ਇਸ ਦੇ ਸੁੰਗੜਨ ਦੀ ਬਜਾਇ ਇਸ ਵਿਚ 3 ਫ਼ੀਸਦ ਤੋਂ ਜਿ਼ਆਦਾ ਵਾਧਾ ਹੋਇਆ ਹੈ। ਪੱਛਮੀ ਦੇਸ਼ਾਂ ਦੇ ਮੀਡੀਆ ਵਿਚ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜੇ ਪੂਤਿਨ ਸਭ ਔਕੜਾਂ ਨੂੰ ਪਾਰ ਕਰ ਕੇ ਹਾਲੇ ਵੀ ਜੰਗ ਲੜ ਰਹੇ ਹਨ ਤਾਂ ਇਸ ਵਿਚ ਉਸ ਦੀ ਮਦਦ ਕਰਨ ਵਾਲੇ ਦੇਸ਼ਾਂ ਵਿਚ ਭਾਰਤ ਦਾ ਨਾਂ ਵੀ ਲਿਆ ਜਾਂਦਾ ਹੈ। ਚੀਨ, ਮਿਸਰ, ਤੁਰਕੀ ਅਤੇ ਕਈ ਹੋਰ ਗ਼ੈਰ-ਪੱਛਮੀ ਦੇਸ਼ਾਂ ਤੋਂ ਇਲਾਵਾ ਭਾਰਤ ਵੀ ਰੂਸੀ ਤੇਲ ਦਾ ਵੱਡਾ ਖਰੀਦਦਾਰ ਬਣ ਗਿਆ ਹੈ। ਇਸ ਕਰ ਕੇ ਪਿਛਲੇ ਦੋ ਸਾਲਾਂ ਤੋਂ ਰੂਸੀ ਤੇਲ ਦੀਆਂ ਬਰਾਮਦਾਂ ਵਿਚ ਭਰਵਾਂ ਵਾਧਾ ਸੰਭਵ ਹੋ ਸਕਿਆ ਹੈ। ਅਸਲ ਵਿਚ ਸਾਲ 2022 ਵਿਚ ਰੂਸੀ ਤੇਲ ਕੰਪਨੀਆਂ ਨੇ ਇਸ ਤੋਂ ਇਕ ਦਹਾਕਾ ਪਹਿਲਾਂ ਨਾਲੋਂ ਜਿ਼ਆਦਾ ਤੇਲ ਖੂਹਾਂ ਦੀ ਖੁਦਾਈ ਕੀਤੀ ਸੀ।

ਰੂਸੀ ਗੈਸ ਦਰਾਮਦਾਂ ’ਤੇ ਰੋਕਾਂ ਲਾਉਣ ਦਾ ਜੇ ਕਿਸੇ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤਾਂ ਇਹ ਯੂਰੋਪੀਅਨ ਦੇਸ਼ ਹਨ। ਉਨ੍ਹਾਂ ਨੂੰ ਗੈਸ ਦੀਆਂ ਬਹੁਤ ਜਿ਼ਆਦਾ ਕੀਮਤਾਂ ਤਾਰਨੀਆਂ ਪਈਆਂ ਹਨ ਅਤੇ ਨਾਲ ਹੀ ਬੇਹਿਸਾਬ ਮਹਿੰਗਾਈ ਦਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਯੂਰੋਪ ਅੰਦਰ ਲੋਕ ਰਾਇ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਸਾਲ ਪਹਿਲਾਂ ਰੂਸ ਖਿਲਾਫ਼ ਲਾਈਆਂ ਨਾਟੋ ਪਾਬੰਦੀਆਂ ਅਤੇ ਯੂਕਰੇਨ ਦੀਆਂ ਜੰਗੀ ਤਿਆਰੀਆਂ ਲਈ ਵਿਆਪਕ ਹਮਾਇਤ ਮਿਲ ਰਹੀ ਸੀ। ਸੱਜਰੇ ਸਰਵੇਖਣ ਵਿਚ ਸਿਰਫ਼ ਦਸ ਫ਼ੀਸਦ ਯੂਰੋਪੀਅਨਾਂ ਦਾ ਵਿਸ਼ਵਾਸ ਹੈ ਕਿ ਰੂਸ ਨੂੰ ਹਰਾਇਆ ਜਾ ਸਕਦਾ ਹੈ। ਕਰੀਬ ਪੰਜਾਹ ਫ਼ੀਸਦ ਲੋਕਾਂ ਦਾ ਖਿਆਲ ਹੈ ਕਿ ਯੂਕਰੇਨ ਨੂੰ ਗੱਲਬਾਤ ਰਾਹੀਂ ਕਿਸੇ ਸਮਝੌਤੇ ਨੂੰ ਪ੍ਰਵਾਨ ਕਰਨਾ ਪੈ ਸਕਦਾ ਹੈ। ਇਕ ਤਿਹਾਈ ਲੋਕਾਂ ਦਾ ਮੰਨਣਾ ਹੈ ਕਿ ਯੂਕਰੇਨ ਵਿਚ ਚੱਲ ਰਹੀ ਜੰਗ ਦਾ ਉਨ੍ਹਾਂ ਦੇ ਦੇਸ਼ ਉਪਰ ਸਿੱਧਾ ਅਸਰ ਪੈ ਰਿਹਾ ਹੈ।

ਯੂਰੋਪ ਵਿਚ ਲੋਕਾਂ ਦੇ ਜੰਗਬੰਦੀ ਦੀ ਚਾਹਤ ਦਾ ਇਕ ਕਾਰਨ ਇਹ ਹੈ ਕਿ ਅਮਰੀਕਾ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਦੀ ਚੋਣ ਵਿਚ ਡੋਨਲਡ ਟਰੰਪ ਦੇ ਜਿੱਤਣ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਜੰਗ ਬਾਰੇ ਟਰੰਪ ਦੀ ਪੁਜ਼ੀਸ਼ਨ ਕਾਫ਼ੀ ਸਪੱਸ਼ਟ ਹੈ। ਮਾਰਚ 2023 ਵਿਚ ‘ਫੌਕਸ ਨਿਊਜ਼’ ਚੈਨਲ ਨਾਲ ਫੋਨ ਵਾਰਤਾ ਵਿਚ ਟਰੰਪ ਨੇ ਕਿਹਾ ਸੀ ਕਿ ਜੇ ਉਹ ਰਾਸ਼ਟਰਪਤੀ ਹੁੰਦੇ ਤਾਂ ਉਹ ਪੂਤਿਨ ਨੂੰ ਕੁਝ ਹਿੱਸੇ (ਯੂਕਰੇਨ ਦੇ ਰੂਸੀ ਭਾਸ਼ੀ ਖੇਤਰ) ਉਪਰ ਕਬਜ਼ਾ ਕਰਨ ਲੈਣ ਦੀ ਖੁੱਲ੍ਹ ਦੇ ਕੇ ਝਟਪਟ ਜੰਗ ਨਬੇੜ ਦਿੰਦੇ। ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨ ਲਈ ਰਿਪਬਲਿਕਨ ਪਾਰਟੀ ਦੀ ਚੋਣ ਵਿਚ ਟਰੰਪ ਦੇ ਸਾਏ ਕਰ ਕੇ ਪਾਰਟੀ ਮੈਂਬਰਾਂ ਨੂੰ ਯੂਕਰੇਨ ਲਈ ਵਿੱਤੀ ਅਤੇ ਫ਼ੌਜੀ ਇਮਦਾਦ ਰੋਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਟਰੰਪ ਨੇ ਹੋਰਨਾਂ ਨਾਟੋ ਮੈਂਬਰਾਂ ’ਤੇ ਇਸ ਗੱਲੋਂ ਹਮਲਾ ਕੀਤਾ ਕਿ ਉਹ ਆਪਣੀ ਸੁਰੱਖਿਆ ਲਈ ਜਿ਼ਆਦਾ ਖਰਚ ਨਹੀਂ ਕਰ ਰਹੇ। ਠੰਢੀ ਜੰਗ ਦੇ ਅੰਤ ਤੋਂ ਬਾਅਦ ਨਾਟੋ ਮੈਂਬਰਾਂ ਨੇ ਆਪਣੇ ਰੱਖਿਆ ਖਰਚ ਵਿਚ ਕਾਫ਼ੀ ਕਮੀ ਕਰ ਲਈ ਸੀ; ਇਸ ਦਾ ਬਹੁਤਾ ਭਾਰ ਅਮਰੀਕਾ ਨੂੰ ਚੁੱਕਣਾ ਪਿਆ। ਦਸ ਸਾਲ ਪਹਿਲਾਂ ਰੂਸ ਵਲੋਂ ਕ੍ਰਾਇਮੀਆ ਟਾਪੂ ਉਪਰ ਕਬਜ਼ਾ ਕਰਨ ਤੋਂ ਬਾਅਦ ਨਾਟੋ ਮੈਂਬਰ ਆਪਣਾ ਰੱਖਿਆ ਬਜਟ ਵਧਾ ਕੇ ਆਪਣੀ ਜੀਡੀਪੀ ਦੇ ਦੋ ਫ਼ੀਸਦ ਤੱਕ ਕਰਨ ਲਈ ਸਹਿਮਤ ਹੋ ਗਏ ਸਨ। ਸਹਿਮਤੀ ਦੇ ਬਾਵਜੂਦ 31 ਵਿੱਚੋਂ ਸਿਰਫ਼ 18 ਮੈਂਬਰ ਦੇਸ਼ਾਂ ਨੇ ਆਪਣੇ ਰੱਖਿਆ ਬਜਟ ਦਾ ਟੀਚਾ ਪੂਰਾ ਕੀਤਾ ਸੀ। ਟਰੰਪ ਨੇ ਇਸ ਨੂੰ ਚੋਣ ਮੁੱਦਾ ਬਣਾ ਲਿਆ ਹੈ ਅਤੇ ਆਖਿਆ ਕਿ ਜੇ ਉਹ ਰਾਸ਼ਟਰਪਤੀ ਬਣ ਗਏ ਤਾਂ ਉਹ ਰੂਸ ਨੂੰ ਇਸ ਗੱਲ ਲਈ ਹੱਲਾਸ਼ੇਰੀ ਦੇਣਗੇ ਕਿ ਉਹ ਉਨ੍ਹਾਂ ਨਾਟੋ ਦੇਸ਼ਾਂ ਨਾਲ ਜੋ ਮਰਜ਼ੀ ਕਰ ਸਕਦਾ ਹੈ ਜਿਹੜੇ ਨਾਟੋ ਦੇ ਬਿਲ ਨਹੀਂ ਤਾਰ ਰਹੇ।

ਇਸ ਦੌਰਾਨ, ਪੂਤਿਨ ਅਫਰੀਕਾ ਵਿਚ ਭੂ-ਰਾਜਸੀ ਪੁਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਫਰੀਕਾ ਵਿਚ ਨਿਰੰਕੁਸ਼ ਸ਼ਾਸਕਾਂ ਨੂੰ ਆਪਣੀਆਂ ਸਰਕਾਰਾਂ ਬਚਾਉਣ ਲਈ ਰੂਸੀ ਪ੍ਰਾਈਵੇਟ ਮਿਲੀਸ਼ੀਆ ਦੀਆਂ ਸੇਵਾਵਾਂ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕਰ ਰਹੇ ਹਨ। ਭਾੜੇ ਦੇ ਫ਼ੌਜੀਆਂ ਦੇ ਵੈਗਨਰ ਗਰੁੱਪ ਨੂੰ ਹੁਣ ‘ਐਕਸਪੀਡੀਸ਼ਨਰੀ ਕੋਰ’ ਵਜੋਂ ਮੁੜ ਲਾਂਚ ਕੀਤਾ ਗਿਆ ਹੈ। ਪੱਛਮ ਲਈ ਇਹ ਨਵਾਂ ਖ਼ਤਰਾ ਹੈ ਅਤੇ ਉਸ ਨੇ ਕੁਦਰਤੀ ਸਰੋਤਾਂ ’ਤੇ ਕੰਟਰੋਲ ਲਈ ਅਫਰੀਕੀ ਮੁਲਕਾਂ ਵੱਲ ਨਵੇਂ ਸਿਰਿਓਂ ਧਿਆਨ ਦੇਣਾ ਸ਼ੁਰੂ ਕੀਤਾ ਹੈ।

ਭਾਰਤ ਆਪਣੇ ਆਰਥਿਕ ਦਮ-ਖ਼ਮ ਅਤੇ ਚੀਨ ਖਿਲਾਫ਼ ਪੱਛਮ ਦੇ ਸੰਭਾਵੀ ਇਤਹਾਦੀ ਹੋਣ ਕਰ ਕੇ ਆਪਣੇ ਢੰਗ ਨਾਲ ਆਲਮੀ ਸ਼ਕਤੀ ਵਜੋਂ ਉਭਰਿਆ ਹੈ ਅਤੇ ਇਹ ਦੋਵੇਂ ਦੁਆਰ ਖੁੱਲ੍ਹੇ ਰੱਖਣਾ ਸਾਡੇ ਹਿੱਤ ਵਿਚ ਹੈ। ਇਸ ਕਰ ਕੇ ਰੂਸ ਨਾਲ ਭਾਰਤ ਦੇ ਸਬੰਧਾਂ ਬਾਰੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨੇ ਆਖਿਆ ਹੈ, “ਕੋਈ ਮੁਲਕ ਆਪਣੇ ਦੋਸਤਾਂ ਦੀ ਤਾਦਾਦ ਸੀਮਤ ਕਿਉਂ ਕਰੇਗਾ? ਮੇਰਾ ਧਿਆਨ ਇਸ ਗੱਲ ’ਤੇ ਕੇਂਦਰਤ ਹੈ ਕਿ ਮੇਰੇ ਰਿਸ਼ਤਿਆਂ ਦਾ ਦਾਇਰਾ ਕਿਵੇਂ ਵਧੇ।”

*ਲੇਖਕ ਆਰਥਿਕ ਮਾਮਲਿਆਂ ਦੇ ਸਮੀਖਿਅਕ ਹਨ।

LEAVE A REPLY

Please enter your comment!
Please enter your name here