ਬਚਿੱਤਰ ਕੁਹਾੜ

ਐਡੀਲੇਡ, 1 ਮਈ

ਇੱਥੇ ਮਲਵਈ ਭੰਗੜਾ ਅਕਾਦਮੀ ਐਡੀਲੇਡ ਦੇ ਗੱਭਰੂਆਂ ਤੇ ਮੁਟਿਆਰਾਂ ਦੀਆਂ ਭੰਗੜਾ ਟੀਮਾਂ ਨੇ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਸਿਡਨੀ ਵੱਲੋਂ ਆਸਟਰੇਲੀਆ ਪੱਧਰ ਦੇ ਕਰਵਾਏ ਗਏ “ਰੂਹ ਪੰਜਾਬ ਦੀ ਭੰਗੜਾ ਕੱਪ 2024’’ ਵਿੱਚ ਕ੍ਰਮਵਾਰ ਫਸਟ ਤੇ ਸੈਕਿੰਡ ਰਨਰ ਅਪ ਦੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲਵਈ ਭੰਗੜਾ ਅਕਾਦਮੀ ਐਡੀਲੇਡ ਦੇ ਡਾਇਰੈਕਟਰ ਅਤੇ ਭੰਗੜਾ ਕੋਚ ਹਰਿੰਦਰ ਸਿੰਘ ਸੰਧੂ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਸਿਡਨੀ ਵਿਖੇ ਰੂਹ ਪੰਜਾਬ ਦੀ ਭੰਗੜਾ ਕੱਪ 2024 ਦੇ ਮੁਕਾਬਲਿਆਂ ਲਈ ਆਸਟਰੇਲੀਆ ਦੀਆਂ ਵੱਖ ਵੱਖ ਸਟੇਟਾਂ ਦੀਆਂ ਭੰਗੜਾ ਟੀਮਾਂ ਨੇ ਭਾਗ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਸੀਨੀਅਰ ਕੈਟਾਗਰੀ ਦੇ ਹੋਏ ਮੁਕਾਬਲਿਆਂ ਵਿੱਚ ਮਲਵਈ ਭੰਗੜਾ ਅਕੈਡਮੀ ਐਡੀਲੇਡ ਦੇ ਨਵਰਾਜ ਸਿੰਘ, ਸੁਖਮਨ ਸਿੰਘ, ਸੁਖਦੀਪ ਸਿੰਘ, ਸੁਪਪ੍ਰੀਤ ਸਿੰਘ, ਕਾਰਤਿਕ ਤੋਲਾ, ਪਰਮਰਾਜ ਸਿੰਘ, ਅਮਰੀਕ ਸਿੰਘ, ਤਨਵੀਰ ਸਿੰਘ ਆਦਿ ਗੱਭਰੂਆਂ ਵੱਲੋਂ ਹਰਸ਼ਦੇਵ ਵੱਲੋਂ ਗਾਈਆਂ ਲਾਈਵ ਭੰਗੜਾ ਬੋਲੀਆਂ ’ਤੇ ਭੰਗੜੇ ਦੀ ਵਧੀਆ ਪੇਸ਼ਕਾਰੀ ਕੀਤੀ। ਜੱਜਾਂ ਦੇ ਫ਼ੈਸਲੇ ਅਨੁਸਾਰ ਪ੍ਰਬੰਧਕਾਂ ਨੇ ਸੀਨੀਅਰ ਕੈਟਾਗਰੀ ਵਿੱਚ ਮਲਵਈ ਭੰਗੜਾ ਅਕਾਦਮੀ ਦੇ ਗੱਭਰੂਆਂ ਦੀ ਭੰਗੜਾ ਟੀਮ ਨੂੰ ਫਸਟ ਰਨਰ ਅਪ ਐਲਾਨਿਆ ਅਤੇ ਮਲਵਈ ਭੰਗੜਾ ਅਕਾਦਮੀ ਦੀਆਂ ਮੁਟਿਆਰਾਂ ਨੇ ਸੈਕਿੰਡ ਰਨਰ ਅਪ ਪਜ਼ੀਸ਼ਨ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਭੰਗੜੇ ਦੀ ਸਿਖਲਾਈ ਪ੍ਰਾਪਤ ਕਰ ਰਹੇ ਆਸਟਰੇਲੀਅਨ ਪੰਜਾਬੀ ਬੱਚਿਆਂ ਦੀ ਭੰਗੜੇ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਦਿਲਚਸਪੀ ਵੱਧੀ ਹੈ। ਇਸੇ ਤਰ੍ਹਾਂ ਐਡੀਲੇਡ ਦੇ ਸੁਖਦੀਪ ਸਿੰਘ ਨੂੰ ਸਰਵੋਤਮ ਭੰਗੜਚੀ ਚੁਣਿਆ ਗਿਆ।

 

LEAVE A REPLY

Please enter your comment!
Please enter your name here