ਗੁਰਦੀਪ ਸਿੰਘ ਲਾਲੀ

ਸੰਗਰੂਰ, 10 ਮਾਰਚ

ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਭਾਕਿਯੂ ਏਕਤਾ ਉਗਰਾਹਾਂ, ਭਾਕਿਯੂ ਡਕੌਦਾ-ਧਨੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਕਿਯੂ ਮਾਲਵਾ ਅਤੇ ਭਾਕਿਯੂ ਦੁਆਬਾ ਵੱਲੋਂ ਰੋਲ ਰੋਕਣ ਦੇ ਸਾਂਝੇ ਪ੍ਰੋਗਰਾਮ ਤਹਿਤ ਵੱਡੀ ਤਾਦਾਦ ’ਚ ਪੁੱਜੇ ਕਿਸਾਨਾਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲਵੇ ਲਾਈਨ ਉਪਰ ਚਾਰ ਘੰਟੇ ਧਰਨਾ ਦਿੱਤਾ ਗਿਆ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਮੋਦੀ ਦੀ ਭਾਜਪਾ ਸਰਕਾਰ ਦੁਆਰਾ ਕਿਸਾਨਾਂ ਦੇ ਜਨਤਕ ਸੰਘਰਸ਼ ਦਾ ਹੱਕ ਖੋਹਣ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਕਿਸਾਨਾਂ ਉਪਰ ਹਮਲੇ ਕਰਨ ਦੀ ਸਖਤ ਨਿਖੇਧੀ ਕੀਤੀ।

ਧਰਨੇ ਦੌਰਾਨ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੰਗਠਨ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਪ੍ਰੈਸ ਸਕੱਤਰ ਗੋਬਿੰਦਰ ਸਿੰਘ ਮੰਗਵਾਲ ਸ਼ਾਮਲ ਸਨ। ਬੁੁਲਾਰਿਆਂ ਦੋਸ਼ ਲਾਇਆ ਕਿ ਭਾਜਪਾ ਦੀਆਂ ਕੇਂਦਰ ਅਤੇ ਹਰਿਆਣਾ ਸਰਕਾਰਾਂ ਵੱਲੋਂ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਜਿਸ ਤਹਿਤ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਕਿਸਾਨਾਂ ਉੱਪਰ ਹਮਲੇ ਕੀਤੇ ਗਏ ਜਿਸ ਦੌਰਾਨ ਸੈਂਕੜੇ ਕਿਸਾਨ ਜ਼ਖਮੀ ਹੋਏ ਅਤੇ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋਇਆ। ਉਨ੍ਹਾਂ ਕਿਹਾ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਾਰੰਟੀ, ਕਿਸਾਨ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਬੁਢਾਪਾ ਪੈਨਸ਼ਨ, ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੰਗਾਂ ਨੂੰ ਮੰਨਣ ਮਗਰੋਂ ਮੋਦੀ ਸਰਕਾਰ ਮੁੱਕਰ ਗਈ ਹੈ।

ਬੁਲਾਰਿਆਂ ਨੇ ਸੱਦਾ ਦਿੱਤਾ ਕਿ 14 ਮਾਰਚ ਨੂੰ ਰਾਮ ਲੀਲਾ ਮੈਦਾਨ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਹੋਣ ਵਾਲੀ ਦੇਸ਼-ਵਿਆਪੀ ਕਿਸਾਨ-ਮਜ਼ਦੂਰ ਮਹਾਪੰਚਾਇਤ ਨੂੰ ਸਫ਼ਲ ਬਣਾਉਣ ਲਈ ਵਹੀਰਾਂ ਘੱਤ ਕੇ ਪੁੱਜਿਆ ਜਾਵੇ ਅਤੇ ਪਿੰਡ-ਪਿੰਡ ਰੈਲੀਆਂ, ਝੰਡਾ ਮਾਰਚ ਅਤੇ ਨੁੱਕੜ ਨਾਟਕਾਂ ਰਾਹੀਂ ਚੱਲ ਰਹੀਆਂ ਤਿਆਰੀਆਂ ਦੌਰਾਨ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇ। ਧਰਨੇ ਨੂੰ ਕਿਸਾਨ ਆਗੂ ਬਹਾਦਰ ਸਿੰਘ ਭੁਟਾਲ, ਕੁਲਵਿੰਦਰ ਸਿੰਘ ਭੂਦਨ, ਨਿਰਮਲ ਸਿੰਘ, ਰਵਿੰਦਰ ਸਿੰਘ ਕਾਸਾਪੁਰ, ਕੇਵਲ ਸਿੰਘ ਭੜੀ ਆਦਿ ਨੇ ਵੀ ਸੰਬੋਧਨ ਕੀਤਾ।

ਪਟਿਆਲਾ (ਖੇਤਰੀ ਪ੍ਰਤੀਨਿਧ): ਕਿਸਾਨਾ ਦੀਆਂ ਮੰਗਾਂ ਦੀ ਪੂਰਤੀ ਅਤੇ ਕਿਸਾਨਾਂ ’ਤੇ ਅੱਤਿਆਚਾਰ ਖਿਲਾਫ਼ ਐਸਕੇਐਮ ਗੈਰ ਸਿਆਸੀ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਕਿਸਾਨਾ ਨੇ ਪਟਿਆਲਾ ’ਚ ਰੇਲਾਂ ਰੋਕੀਆਂ। ਇਨ੍ਹਾਂ ਜਥੇਬੰਦੀਆਂ ਦੀ ਹਮਾਇਤ ’ਚ ਤਾਲਮੇਲਵੇਂ ਰੂਪ ’ਚ ਐਸਕੇਐੱਮ ਨਾਲ ਸਬੰਧਤ 5 ਕਿਸਾਨ ਜਥੇਬੰਦੀਆਂ ਵੱਲੋਂ ਵੀ ਅੱਜ ਹੀ ਇੱਥੇ ਰੇਲਵੇ ਲਾਈਨਾਂ ’ਤੇ ਧਰਨੇ ਮਾਰ ਕੇ ਚਾਰ ਘੰਟੇ ਰੇਲਾਂ ਰੋਕੀਆਂ। ਅਜਿਹੇ ਧਰਨੇ ਦੇਣ ਵਾਲ਼ੀਆਂ ਐਸਕੇਐਮ ਨਾਲ਼ ਸਬੰਧਤ ਇਨ੍ਹਾਂ ਜਥੇਬੰਦੀਆਂ ’ਚ ਭਾਕਿਯੂ ਏਕਤਾ (ਉਗਰਾਹਾਂ), ਭਾਕਿਯੂ ਏਕਤਾ ਡਕੌਂਦਾ (ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਦਰਸ਼ਨਪਾਲ), ਭਾਕਿਯੂ ਮਾਲਵਾ (ਹੀਰਕੇ) ਅਤੇ ਦੁਆਬਾ ਕਿਸਾਨ ਕਮੇਟੀ (ਸੰਘਾ) ਸ਼ਾਮਲ ਰਹੀਆਂ।

ਇਸ ਦੌਰਾਨ ਕਿਸਾਨ ਯੂਨੀਅਨ ਉਗਰਾਹਾਂ ਤੇ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਅੱਜ ਪਟਿਆਲਾ ਕੈਂਟ ਸਟੇਸ਼ਨ ’ਤੇ ਧਰਨਾ ਮਾਰਿਆ। ਇਸ ਦੌਰਾਨ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਪ੍ਰਧਾਨ ਦਰਸ਼ਨਪਾਲ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜਸਵਿੰਦਰ ਬਰਾਸ, ਗੁਰਮੀਤ ਦਿੱਤੂਪੁਰ, ਜਗਦੀਪ ਸਿੰਘ ਛੰਨਾਂ, ਲਖਵਿੰਦਰ ਸਿੰਘ ਬਲਬੇੜਾ ਔਰਤ ਆਗੂ ਮਨਦੀਪ ਕੌਰ ਬਾਰਨ ਅਤੇ ਚਰਨਜੀਤ ਕੌਰ ਧੂੜੀਆਂ ਸਮੇਤ ਕਈ ਹੋਰਨਾ ਨੇ ਵੀ ਵਿਚਾਰ ਪੇਸ਼ ਕੀਤੇ। ਕਿਸਾਨ ਆਗੂਆਂ ਨੇ ਜਿਥੇ ਕਿਸਾਨਾ ਦੀਆਂ ਮੰਨੀਆਂ ਗਈਆਂ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ, ਉੱਥੇ ਹੀ ਅੰਦੋਲਨ ਸਬੰਧੀ ਕਿਸਾਨਾਂ ਤੋਂ ਉਨ੍ਹਾਂ ਦੇ ਜਮਹੂਰੀ ਹੱਕ ਖੋਹਣ ਅਤੇ ਇਸ ਦੌਰਾਨ ਕਿਸਾਨਾਂ ’ਤੇ ਤਸ਼ੱਦਦ ਢਾਹੁਣ ਸਬੰਧੀ ਦੇਸ ਦੀ ਹਕੂਮਤ ਅਤੇ ਹਰਿਆਣਾ ਸਰਕਾਰ ਦੀ ਵੀ ਨਿੰਦਾ ਕੀਤੀ।

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ/ਸਤਨਾਮ ਸਿੰਘ ਸੱਤੀ): ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰਰਾਜਨੀਤਿਕ) ਵੱਲੋਂ ਦਿੱਤੇ ਗਏ ਰੇਲ ਰੋਕੋ ਸੱਦੇ ਦਾ ਅਸਰ ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਉੱਤੇ ਵੀ ਦੇਖਣ ਨੂੰ ਮਿਲਿਆ। ਸਥਾਨਕ ਰੇਲਵੇ ਸਟੇਸ਼ਨ ਉੱਤੇ ਸਵੇਰ ਤੋਂ ਹੀ ਕਿਸਾਨਾਂ ਨੇ ਡੇਰੇ ਲਾ ਲਏ ਸਨ ਜਦੋਂ ਕਿ 12 ਵਜੇ ਤੋਂ ਲੈਕੇ 4 ਵਜੇ ਤੱਕ ਮੁਕੰਮਲ ਰੇਲਵੇ ਸਟੇਸ਼ਨ ਰੋਕ ਕੇ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।

ਕਿਸਾਨ ਆਗੂ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਤੇ ਗੁਰਬਖਸੀਸ ਸਿੰਘ ਬਾਲਦ ਕਲਾਂ ਦੀ ਅਗਵਾਈ ਹੇਠ ਇਕੱਤਰ ਹੋਏ ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਕੇਂਦਰ ਸਰਕਾਰ ਉੱਤੇ ਕਿਸਾਨੀ ਮੰਗਾਂ ਅਣਗੌਲਿਆ ਕਰਨ ਦਾ ਦੋਸ਼ ਲਾਇਆ।

ਕਿਸਾਨਾਂ ਨੇ ਪਟਿਆਲਾ ਜ਼ਿਲ੍ਹੇ ’ਚ ਰੋਕੀਆਂ ਰੇਲਾਂ

ਪਟਿਆਲਾ (ਸਰਬਜੀਤ ਸਿੰਘ ਭੰਗੂ): ਮੰਨੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਐੱਸਕੇਐੱਮ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠਾਂ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਜਾਰੀ ਨਾਕਿਆਂ ਤਹਿਤ ਉਲੀਕੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਕਿਸਾਨਾਂ ਨੇ ਪਟਿਆਲਾ ਸ਼ਹਿਰ ਵਿਚਲੇ ਰੇਲਵੇ ਸ਼ਟੇਸ਼ਨ ’ਤੇ ਧਰਨਾ ਦੇ ਕੇ 12 ਤੋਂ 4 ਵਜੇ ਤੱਕ ਆਵਾਜਾਈ ਰੋਕੀਂ ਰੱਖੀ। ਇਸ ਮੌਕੇ ਕਿਸਾਨ ਯੂਨੀਅਨ ਆਜ਼ਾਦ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਯੂਨੀਅਨ ਭਟੇੜੀ ਦੇ ਆਗੂਆ ਤੇ ਵਰਕਰਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਕੇਂਦਰ ਸਰਕਾਰ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਖੂਬ ਪਿੱੱਟ ਸਿਆਪਾ ਕੀਤਾ। ਇਸ ਦੌਰਾਨ ਰੇਲ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਮੋਰਚੇ ਵੱਲੋਂ ਲਾਈ ਗਈ ਡਿਊਟੀ ਦੇ ਤਹਿਤ ਪਟਿਆਲਾ ਵਿਚਲੇ ਇਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾਈ ਮੀਤ ਪ੍ਰਧਾਨ ਮਨਜੀਤ ਸਿੰਘ ਨਿਆਲ਼ ਨੇ ਕੀਤੀ। ਇਸ ਦੌਰਾਨ ਰਣਜੀਤ ਸਿੰਘ ਸਵਾਜਪੁਰ, ਸਤਵੰਤ ਵਜੀਦਪੁਰ, ਕਰਨੈਲ ਲੰਗ, ਹਰਨੇਕ ਸਿੱਧੂਵਾਲ, ਜਰਨੈਲ ਕਾਲੇਕੇ, ਕਿਰਨ ਕੌਰ ਬੰਮਣਾ, ਬਹਾਦੁਰ ਸਿੰਘ ਦਦਹੇੜਾ ਅਤੇ ਗੁਰਨਾਮ ਢੈਂਠਲ ਆਦਿ ਨੇ ਵੀ ਕਿਸਾਨਾਂ ਦੀ ਇਸ ਇਕੱਤਰਤਾ ਨੂੰ ਸੰਬੋਧਨ ਕੀਤਾ।

LEAVE A REPLY

Please enter your comment!
Please enter your name here